ਚੰਡੀਗੜ੍ਹ ਮੋਰਚਾ: ਮਾਲਵਾ ਖੇਤਰ ’ਚੋਂ ਕਿਸਾਨਾਂ-ਮਜ਼ਦੂਰਾਂ ਦੇ ਕਾਫ਼ਲੇ ਰਵਾਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 1 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਦਿਨ ਚੜ੍ਹਦਿਆਂ ਹੀ ਚੰਡੀਗੜ੍ਹ ਵਿੱਚ ਲਾਏ ਜਾ ਰਹੇ ਖੇਤੀ ਨੀਤੀ ਮੋਰਚੇ ਲਈ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਜਥੇਬੰਦੀਆਂ ਵੱਲੋਂ ਵਰਕਰ ਕਾਫ਼ਲਿਆਂ ਦੇ ਰੂਪ ’ਚ ਰਵਾਨਾ ਹੋਏ। ਜ਼ਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਅੱਜ ਬਲਾਕ ਆਗੂ ਆਪੋ-ਆਪਣੇ ਸਰਕਲਾਂ ਵਿੱਚੋਂ ਵਰਕਰਾਂ ਦੇ ਪਹਿਲੇ ਦਿਨ ਜਾਣ ਲਈ ਰੋਟੀ-ਪਾਣੀ ਦੇ ਬੰਦੋਬਸਤ ਸਮੇਤ ਰਾਤ ਨੂੰ ਸੌਣ ਲਈ ਟੈਂਟ ਅਤੇ ਬਿਸਤਰਿਆਂ ਦੇ ਬੰਦੋਬਸਤ ਕਰ ਕੇ ਨਾਲ ਲੈ ਕੇ ਗਏ ਹਨ। ਜਥੇਬੰਦੀਆਂ ਵੱਲੋਂ ਪਹਿਲੀ ਤੋਂ 5 ਸਤੰਬਰ ਤੱਕ ਲਾਏ ਜਾ ਰਹੇ ਇਸ ਮੋਰਚੇ ਵਿੱਚ ਮਹਿਲਾਵਾਂ ਸਮੇਤ ਹੋਰਨਾਂ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਭਾਕਿਯੂ (ਏਕਤਾ ਉਗਰਾਹਾਂ) ਦੇ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੀ ਅਗਵਾਈ ਹੇਠ ਇੱਥੋਂ ਕਿਸਾਨਾਂ ਦੇ ਕਾਫ਼ਲੇ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਮੋਰਚਾ ਲਾ ਕੇ 2 ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਕੀਤੇ ਐਲਾਨ ਨੂੰ ਲੈ ਕੇ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਸਤੰਬਰ ਨੂੰ ਹੀ ਦੋਵਾਂ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ, ਪਰ ਜਥੇਬੰਦੀਆਂ ਵੱਲੋਂ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਅਨੁਸਾਰ ਕਾਰਕੁਨਾਂ ਨੂੰ ਬਾਕਾਇਦਾ ਚੰਡੀਗੜ੍ਹ ਕਾਫ਼ਲਿਆਂ ਦੇ ਰੂਪ ਵਿੱਚ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਵੱਲੋਂ ਪਿਛਲੇ ਡੇਢ ਸਾਲ ਤੋਂ ਸਰਕਾਰ ਨੂੰ ਖੇਤੀ ਨੀਤੀ ਦੇ ਖਰੜੇ ਸੌਂਪਕੇ ਹਕੂਮਤੀ ਪਾਰਟੀ ਵੱਲੋਂ ਚੋਣ ਵਾਅਦੇ ਅਨੁਸਾਰ ਖੇਤੀ ਸੰਕਟ ਦੇ ਹੱਲ ਲਈ ਨਵੀਂ ਖੇਤੀ ਨੀਤੀ ਬਣਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਹੈੱਡ-ਕੁਆਰਟਰਾਂ ਉੱਤੇ 27 ਤੋਂ 31 ਅਗਸਤ ਤੱਕ ਡੀਸੀ ਦਫ਼ਤਰਾਂ ਅੱਗੇ ਧਰਨੇ ਲਾਏ ਜਾਣੇ ਸਨ, ਜਿਸ ਨੂੰ ਬਾਅਦ ਵਿੱਚ ਪੰਜਾਬ ਸਰਕਾਰ ’ਤੇ ਦਬਾਅ ਬਣਾਉਣ ਲਈ ਸਰਬਸੰਮਤੀ ਨਾਲ ਚੰਡੀਗੜ੍ਹ ਮੋਰਚੇ ਵਿੱਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਪਰ ਮਸਲਿਆਂ ਦੇ ਹੱਲ ਲਈ ਦਬਾਅ ਤੋਂ ਬਿਨਾਂ ਜਥੇਬੰਦੀਆਂ ਦਾ ਹੁਣ ਕੋਈ ਹੋਰ ਚਾਰਾ ਨਹੀਂ ਰਿਹਾ, ਜਿਸ ਕਰਕੇ ਚੰਡੀਗੜ੍ਹ ਵੱਲ ਕਿਸਾਨਾਂ ਦੇ ਕਾਫ਼ਲੇ ਕੂਚ ਕਰਨਗੇ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਜਥੇਬੰਦੀ ਦੀਆਂ ਜ਼ਿਲ੍ਹਾ ਇਕਾਈਆਂ- ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਫ਼ਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨ ਤਾਰਨ, ਜਲੰਧਰ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਕਾਫ਼ਲੇ ਚੰਡੀਗੜ੍ਹ ਲਈ ਰਵਾਨਾ ਹੋਣ ਸਬੰਧੀ ਜ਼ਿਲ੍ਹਾ ਪ੍ਰਧਾਨਾਂ ਰਾਹੀਂ ਸੁਨੇਹੇ ਮਿਲ ਹਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਦੀਆਂ ਤਿਆਰੀਆਂ ਮੁਕੰਮਲ
ਮਾਨਸਾ: ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਦੱਸਿਆ ਕਿ ਮੋਰਚੇ ਵਿੱਚ ਸ਼ਾਮਲ ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਭਲਕੇ 2 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ-34 ਵਿਖੇ (ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਿਲਕੁਲ ਸਾਹਮਣੇ) ਜੋ ਮਹਾਪੰਚਾਇਤ ਕੀਤੀ ਜਾ ਰਹੀ ਹੈ, ਉਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਰੋਜ਼ਾ ਮਹਾਪੰਚਾਇਤ ਵਿੱਚ ਭਾਗ ਲੈਣ ਲਈ ਜਥੇਬੰਦੀਆਂ ਦੇ ਕਾਰਕੁਨ ਆਪੋ-ਆਪਣੇ ਸਾਧਨਾਂ ਰਾਹੀਂ ਭਲਕੇ ਚੰਡੀਗੜ੍ਹ ਵੱਲ ਕੂਚ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਪੰਚਾਇਤ ਸਵੇਰੇ 11:30 ਤੋਂ 3:30 ਵਜੇ ਤੱਕ ਹੋਵੇਗੀ। ਕਿਸਾਨ ਆਗੂ ਨੇ ਦੱਸਿਆ ਕਿ ਇਸ ਮਹਾਪੰਚਾਇਤ ਵਿੱਚ ਪੰਜਾਬ ਦੀ ਖੇਤੀ ਆਰਥਿਕਤਾ ਅਤੇ ਪਾਣੀ ਦੇ ਸੰਕਟ ਨਾਲ ਜੁੜੇ ਮਸਲਿਆਂ ਨੂੰ ਉਭਾਰਿਆ ਜਾਵੇਗਾ ਅਤੇ ਪੰਜਾਬ ਸਰਕਾਰ ਤੋਂ ਇਨ੍ਹਾਂ ਦਾ ਠੋਸ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਾਪੰਚਾਇਤ ਦੌਰਾਨ ਕਰਜ਼ੇ ਨਾਲ ਸਬੰਧਤ ਮੰਗਾਂ, ਸਹਿਕਾਰਤਾ ਨੂੰ ਮਜ਼ਬੂਤ ਕਰਨ ਸਬੰਧੀ ਅਤੇ ਹੋਰ ਉਲਝੇ ਹੋਏ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਲਈ ਸਰਕਾਰ ਉਪਰ ਦਬਾਅ ਬਣਾਇਆ ਜਾਵੇਗਾ। -ਪੱਤਰ ਪ੍ਰੇਰਕ