Chandigarh land transfer issue: ਕੇਂਦਰ ਪੰਜਾਬੀਆਂ ਦਾ ਸਬਰ ਪਰਖ ਰਿਹਾ: ਵਿੱਤ ਮੰਤਰੀ ਚੀਮਾ
ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਨਵੰਬਰ
‘‘ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਨਾਲ ਬਦਲਾਖੋਰੀ ਵਾਲ਼ਾ ਵਿਹਾਰ ਕਰ ਰਹੀ ਹੈ। ਕਦੇ ਪਾਣੀਆਂ ਦਾ ਮੁੱਦਾ, ਕਦੇ ਝੋਨੇ ਦੀ ਖ਼ਰੀਦ ਤੋਂ ਹੱਥ ਖੜ੍ਹੇ ਕਰਨਾ ਅਤੇ ਹੁਣ ਚੰਡੀਗੜ੍ਹ 'ਚ ਹਰਿਆਣਾ ਨੂੰ ਵਿਧਾਨ ਸਭਾ ਕੰਪਲੈਕਸ ਲਈ ਜਗ੍ਹਾ ਦੇਣ ਦਾ ਮਾਮਲਾ ਸਾਜ਼ਿਸ਼ ਭਰਿਆ ਹੈ।’’ ਇਹ ਦੋਸ਼ ਲਾਉਂਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਲਹਿਰਾਗਾਗਾ ਵਿੱਚ ਹੋਲੀ ਮਿਸ਼ਨ ਸਕੂਲ ਤੇ ਸੀਬਾ ਸਕੂਲ ਦੇ ਸਾਂਝੇ ਖੇਡ ਮੇਲੇ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਪੰਜਾਬੀਆਂ ਦਾ ਸਬਰ ਪਰਖ ਰਿਹਾ, ਪਰ ਅਸੀਂ ਪੰਜਾਬ ਦੇ ਹੱਕਾਂ ਨੂੰ ਹੋਰ ਖੋਰਾ ਨਹੀਂ ਲੱਗਣ ਦੇਵਾਂਗੇ।
ਵਿੱਤ ਮੰਤਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਦੇ ਹੱਕ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਪੂਰੀ ਤਰ੍ਹਾਂ ਸੂਬੇ ਨਾਲ ਸਬੰਧਿਤ ਹੈ। ਇਸ ਲਈ 'ਆਪ' ਸਰਕਾਰ ਹਰਿਆਣਾ ਵਿਧਾਨ ਸਭਾ ਦੀ ਉਸਾਰੀ ਲਈ ਸ਼ਹਿਰ ਵਿੱਚ ਜ਼ਮੀਨ ਅਲਾਟ ਕਰਨ ਦੀ ਕਿਸੇ ਵੀ ਕੋਸ਼ਿਸ਼ ਦੀ ਸਖ਼ਤ ਵਿਰੋਧ ਕਰਦੀ ਹੈ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਕਿਸੇ ਹੋਰ ਸੂਬੇ ਨੂੰ ਇੱਥੇ ਵਿਧਾਨ ਸਭਾ ਬਣਾਉਣ ਦਾ ਅਧਿਕਾਰ ਨਹੀਂ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਪੰਚਕੂਲਾ ਵਿੱਚ 12 ਏਕੜ ਜ਼ਮੀਨ ਦੇ ਬਦਲੇ ਚੰਡੀਗੜ੍ਹ ਵਿੱਚ 10 ਏਕੜ ਜ਼ਮੀਨ ਮੰਗੀ ਹੈ। ਇਹ ਤਜਵੀਜ਼ ਚੰਡੀਗੜ੍ਹ ਵਿੱਚ ਆਪਣਾ ਵਿਧਾਨ ਸਭਾ ਕੰਪਲੈਕਸ ਸਥਾਪਤ ਕਰਨ ਦੇ ਉਨ੍ਹਾਂ ਦੇ ਸਪੱਸ਼ਟ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ 'ਆਪ' ਇਸ ਕਦਮ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਚੰਡੀਗੜ੍ਹ ਦਾ ਇਕ ਇੰਚ ਵੀ ਹਰਿਆਣਾ ਨੂੰ ਨਹੀਂ ਜਾਣ ਦੇਵੇਗੀ।
ਚੀਮਾ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਚੰਡੀਗੜ੍ਹ ਬਾਰੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੀਆਂ ਹਨ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਪੰਜਾਬ ਅਤੇ ਹਰਿਆਣਾ ਬਣੇ ਸਨ, ਤਾਂ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਹਰਿਆਣਾ ਆਪਣੀ ਰਾਜਧਾਨੀ ਪੰਚਕੂਲਾ ਵਿਚ ਸਥਾਪਿਤ ਕਰੇਗਾ, ਨਾ ਕਿ ਚੰਡੀਗੜ੍ਹ ਵਿੱਚ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਰਿਆਣਾ ਨੂੰ ਆਪਣੀ ਵਿਧਾਨ ਸਭਾ ਪੰਚਕੂਲਾ ਵਿੱਚ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ, "ਅਸੀਂ ਪੰਜਾਬ ਦੇ ਹੱਕਾਂ ਨੂੰ ਹੋਰ ਖੋਰਾ ਨਹੀਂ ਲੱਗਣ ਦੇਵਾਂਗੇ। ਪੰਜਾਬ ਇੱਕ ਅਜਿਹਾ ਸੂਬਾ ਹੈ ਜੋ ਦੇਸ਼ ਲਈ ਆਪਣੀਆਂ ਕੁਰਬਾਨੀਆਂ ਲਈ ਜਾਣਿਆ ਜਾਂਦਾ ਹੈ ਅਤੇ ਅਸੀਂ ਅੱਜ ਵੀ ਉਸ ਹੱਕ ਲਈ ਲੜਦੇ ਰਹਾਂਗੇ ਜੋ ਅਸਲੀਅਤ ਵਿੱਚ ਸਾਡਾ ਹੈ।" ਚੀਮਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਅੱਗੇ ਵਧਾਉਣਾ ਜਾਰੀ ਰੱਖਣਗੇ, ਇਹ ਯਕੀਨੀ ਬਣਾਉਂਦੇ ਹੋਏ ਕਿ ਪੰਜਾਬ ਦੀ ਆਵਾਜ਼ ਉੱਚੀ ਅਤੇ ਸਪੱਸ਼ਟ ਸੁਣੀ ਜਾਵੇ।