ਸਰਬਜੀਤ ਸਿੰਘ ਖਾਲਸਾ ਦੀ ਜਿੱਤ ਨਾਲ ਚੰਡੀਗੜ੍ਹੀਏ ਵੀ ਖ਼ੁਸ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਪੰਜਾਬ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਜੇਤੂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਦੀ ਧਮਕ ਚੰਡੀਗੜ੍ਹ ਵਿੱਚ ਵੀ ਸੁਣਾਈ ਦੇ ਰਹੀ ਹੈ। ਚੰਡੀਗੜ੍ਹ ਦੇ ਪਿੰਡ ਮਲੋਆ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਜਿੱਤ ’ਤੇ ਵੱਡੀ ਗਿਣਤੀ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨੇ ਸ੍ਰੀ ਖਾਲਸਾ ਦੀ ਜਿੱਤ ’ਤੇ ਲੋਕ ਸਭਾ ਹਲਕਾ ਫ਼ਰੀਦਕੋਟ ਦੇ ਲੋਕਾਂ ਦਾ ਸ਼ੁਕਰਾਨਾ ਕੀਤਾ। ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸ੍ਰੀ ਖਾਲਸਾ ਨੇ 2,98,062 ਵੋਟਾਂ ਹਾਸਲ ਕਰ ਕੇ ‘ਆਪ’ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਸਰਬਜੀਤ ਸਿੰਘ ਖਾਲਸਾ ਚੰਡੀਗੜ੍ਹ ਦੇ ਪਿੰਡ ਮਲੋਆ ਦੇ ਜੰਮਪਲ ਹਨ, ਜਿਨ੍ਹਾਂ ਦਾ ਬਚਪਨ ਚੰਡੀਗੜ੍ਹ ਵਿੱਚ ਹੀ ਬੀਤਿਆ ਹੈ। ਹਾਲਾਂਕਿ ਮੌਜੂਦਾ ਸਮੇਂ ਉਹ ਮੁਹਾਲੀ ਦੇ ਫੇਜ਼-5 ਵਿੱਚ ਆਪਣੇ ਪਰਿਵਾਰ ਸਣੇ ਰਹਿ ਰਹੇ ਹਨ। ਸ੍ਰੀ ਖਾਲਸਾ ਦਾ ਚੰਡੀਗੜ੍ਹ ਨਾਲ ਸਬੰਧ ਹੋਣ ਕਰਕੇ ਪਿੰਡ ਮਲੋਆ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸਰਬਜੀਤ ਸਿੰਘ ਖਾਲਸਾ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਹਨ ਜਿਨ੍ਹਾਂ ਦੀ ਮਾਤਾ ਬਿਮਲ ਕੌਰ ਅਤੇ ਦਾਦਾ ਸੁੱਚਾ ਸਿੰਘ ਮਲੋਆ ਵੀ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ। ਸ੍ਰੀ ਖਾਲਸਾ ਨੇ ਵੀ ਪਹਿਲਾਂ ਕਈ ਵਾਰ ਚੋਣ ਲੜੀ ਹੈ, ਪਰ ਇਸ ਵਾਰ ਜਿੱਤ ਹਾਸਲ ਕੀਤੀ ਹੈ।
ਪਿੰਡ ਮਲੋਆ ਵਿੱਚ ਰਹਿਣ ਵਾਲੇ ਸ੍ਰੀ ਖਾਲਸਾ ਦੇ ਚਚੇਰੇ ਭਰਾ ਚਰਨਜੀਤ ਸਿੰਘ ਚੰਨੀ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਮਲੋਆ ਵਿੱਚ ਸ੍ਰੀ ਖਾਲਸਾ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।