ਸਿੱਖਿਆ, ਸਿਹਤ ਤੇ ਆਈਟੀ ਵਿੱਚ ਖੋਜ ਲਈ ਸਥਾਪਿਤ ਹੋਵੇਗਾ ‘ਚੰਡੀਗੜ੍ਹ ਇਨੋਵੇਸ਼ਨ ਕੌਂਸਲ’
ਕੁਲਦੀਪ ਸਿੰਘ
ਚੰਡੀਗੜ੍ਹ, 23 ਅਕਤੂਬਰ
ਯੂ.ਟੀ. ਪ੍ਰਸ਼ਾਸਨ ‘ਚੰਡੀਗੜ੍ਹ ਇਨੋਵੇਸ਼ਨ ਕੌਂਸਲ’ ਦੀ ਸਥਾਪਨਾ ਕਰੇਗਾ ਜੋ ਸਿੱਖਿਆ, ਸਿਹਤ ਅਤੇ ਆਈ.ਟੀ. ਵਰਗੇ ਖੇਤਰਾਂ ਵਿੱਚ ਨਵੀਨਤਾ ਅਤੇ ਖੋਜ ਨੂੰ ਹੁਲਾਰਾ ਦੇਣ ਲਈ ਤਿਆਰ ਕੀਤੀ ਗਈ ਰਣਨੀਤਕ ਪਹਿਲਕਦਮੀ ਹੈ। ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਲਈ ਅਗਾਂਹਵਧੂ ਸੋਚ ਵਾਲੀ ਇਹ ਸਟਾਰਟ-ਅੱਪ ਨੀਤੀ ਬਣਾਉਣ ਲਈ ਮੀਟਿੰਗ ਹੋਈ ਜਿਸ ਵਿੱਚ ਯੂ.ਟੀ. ਦੇ ਉਦਯੋਗ ਵਿਭਾਗ ਵੱਲੋਂ ਆਈ.ਟੀ. ਦੇ ਸਕੱਤਰ ਨਿਤਨਿ ਯਾਦਵ, ਸਕੱਤਰ ਉਦਯੋਗ ਯੂ.ਟੀ. ਹਰਗੁਣਜੀਤ ਕੌਰ ਅਤੇ ਪਵਿੱਤਰ ਸਿੰਘ ਪੀ.ਸੀ.ਐਸ. ਡਾਇਰੈਕਟਰ ਇੰਡਸਟਰੀਜ਼ ਯੂ.ਟੀ. ਚੰਡੀਗੜ੍ਹ ਆਦਿ ਅਧਿਕਾਰੀ ਵੀ ਸ਼ਾਮਿਲ ਹੋਏ। ਮੀਟਿੰਗ ਵਿੱਚ ਸਟਾਰਟ-ਅੱਪ ਨੀਤੀ ਲਈ ਤਿਆਰ ਕੀਤਾ ਗਿਆ ਪ੍ਰਸਤਾਵਿਤ ਮਸੌਦਾ ਪੇਸ਼ ਕੀਤਾ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੌਂਸਲ ਦਾ ਮਕਸਦ ਨੈਸ਼ਨਲ ਇਨੋਵੇਸ਼ਨ ਅਤੇ ਸਟਾਰਟ-ਅੱਪ ਨੀਤੀ ਤਹਿਤ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਨੌਜਵਾਨ ਇਨੋਵੇਟਰਾਂ ਵਿੱਚ ਖੋਜ ਵਿਚਾਰ ਉਤਪੰਨ ਕਰਨਾ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਉਦਯੋਗ ਵਿਭਾਗ ਵਿਚਕਾਰ ਆਪਸੀ ਸਹਿਯੋਗ ਅਤੇ ਚੰਡੀਗੜ੍ਹ ਵਿੱਚ ਇਨਕਿਊਬੇਟਰ ਈਕੋ ਸਿਸਟਮ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਇਹ ਪਹਿਲਕਦਮੀ ਸ਼ੁਰੂਆਤੀ ਪੜਾਅ ਦੇ ਸਟਾਰਟ-ਅੱਪਸ ਨੂੰ ਬਹੁਤ ਸਾਰੇ ਸਰੋਤਾਂ ਅਤੇ ਸੇਵਾਵਾਂ ਪ੍ਰਦਾਨ ਕਰੇਗੀ ਜਿਸ ਵਿੱਚ ਭੌਤਿਕ ਬੁਨਿਆਦੀ ਢਾਂਚਾ, ਪੂੰਜੀ, ਸਲਾਹਕਾਰ, ਨੈੱਟਵਰਕਿੰਗ ਅਤੇ ਜ਼ਰੂਰੀ ਸੇਵਾਵਾਂ ਸ਼ਾਮਿਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਸਬੰਧਿਤ ਮੰਤਰਾਲਿਆਂ ਨਾਲ ਤਾਲਮੇਲ ਕਰਕੇ ਇਸ ਸੈੱਟਅੱਪ ਸਬੰਧੀ ਰੂਪ-ਰੇਖਾਵਾਂ ਤਿਆਰ ਕੀਤੀਆਂ ਜਾਣਗੀਆਂ।