ਚੰਡੀਗੜ੍ਹ ਗ੍ਰਨੇਡ ਹਮਲਾ: ਮਸ਼ਕੂਕਾਂ ਦੀ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਇਨਾਮ ਦੇਣ ਦਾ ਐਲਾਨ
ਆਤਿਸ਼ ਗੁਪਤਾ
ਚੰਡੀਗੜ੍, 12 ਸਤੰਬਰ
ਚੰਡੀਗੜ੍ਹ ਦੇ ਸੈਕਟਰ-10 ਵਿੱਚ ਲੰਘੀ ਸ਼ਾਮ ਘਰ ’ਤੇ ਗ੍ਰਨੇਡ ਸੁੱਟਣ ਕਰਕੇ ਹੋਏ ਧਮਾਕੇ ਦੀ ਪੁਲੀਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਘੋਖੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਨੇ ਬੰਬ ਧਮਾਕੇ ਦੇ ਮਾਮਲੇ ਵਿੱਚ ਸ਼ਾਮਲ ਹੋਰ ਦੋ ਮਸ਼ਕੂਕਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਇਸ ਬਾਰੇ ਸੂਚਨਾ ਪੁਲੀਸ ਕੰਟਰੋਲ ਰੂਮ ਨੰਬਰ 0172-2749194 ਜਾਂ 112 ਅਤੇ ਵਟਸਐਪ ਨੰਬਰ 9465121000 ’ਤੇ ਦਿੱਤੀ ਜਾ ਸਕਦੀ ਹੈ।
ਦੂਜੇ ਪਾਸੇ ਇਸ ਹਮਲੇ ਦੀ ਜ਼ਿੰਮੇਵਾਰੀ ‘ਹੈਪੀ ਪਸ਼ੀਆ’ ਗੈਂਗ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਹੈ। ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ ਗਿਆ ਹੈ ਕਿ 1986 ਵਿੱਚ ਸ਼ਹੀਦ ਕੀਤੇ ਸਿੰਘਾਂ ਨੂੰ ਯਾਦ ਕਰਦਿਆਂ ਐੱਸਪੀ ਗੁਰਕੀਰਤ ਚਹਿਲ ਨੂੰ ਸਜ਼ਾ ਦਿੱਤੀ ਗਈ ਹੈ। ਚੰਡੀਗੜ੍ਹ ਪੁਲੀਸ ਵੱਲੋਂ ਇਸ ਪੋਸਟ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮਾਂ ਨੇ ਥ੍ਰੀ ਵ੍ਹੀਲਰ ਸੈਕਟਰ-43 ਬੱਸ ਅੱਡੇ ਤੋਂ ਲਿਆ ਸੀ। ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਪੁਲੀਸ ਵੱਲੋਂ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਇਸ ਤੋਂ ਇਲਾਵਾ ਮੋਬਾਈਲ ਡੰਪ ਵੀ ਚੈਕ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ-10 ਖੇਤਰ ਦੇ ਇੱਕ ਘਰ ਵਿੱਚ ਬੁੱਧਵਾਰ ਸ਼ਾਮ ਨੂੰ ਧਮਾਕਾ ਹੋਇਆ ਸੀ, ਜਿਸ ਨਾਲ ਰਿਹਾਇਸ਼ੀ ਖੇਤਰ ਦੀਆਂ ਖਿੜਕੀਆਂ ਅਤੇ ਫੁੱਲਾਂ ਦੇ ਗਮਲਿਆਂ ਨੂੰ ਨੁਕਸਾਨ ਪਹੁੰਚਿਆ। ਇਸ ਧਮਾਕੇ ਵਿਚ ਸ਼ਾਮਲ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਮਸ਼ਕੂਕਾਂ ਦੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਭਾਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):
ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਪਸ਼ੀਆ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਧਮਾਕੇ ਦੀ ਜ਼ਿੰਮੇਵਾਰੀ ਲੈਣ ਮਗਰੋਂ ਪੰਜਾਬ ਪੁਲੀਸ ਨੇ ਅੱਜ ਉਸ ਦੇ ਜੱਦੀ ਪਿੰਡ ਪਸ਼ੀਆ ਅਜਨਾਲਾ ਸਬ ਡਿਵੀਜ਼ਨ ਵਿੱਚ ਛਾਪਾ ਮਾਰਿਆ। ਇਸ ਦੇ ਨਾਲ ਹੀ ਡੇਰਾ ਬਾਬਾ ਨਾਨਕ ਖੇਤਰ ਵਿੱਚ ਵੀ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਕਾਰਵਾਈ ਕੀਤੀ। ਪੁਲੀਸ ਨੇ ਇਸ ਸਬੰਧੀ ਰੋਹਨ ਮਸੀਹ ਦੀ ਪਛਾਣ ਮਸ਼ਕੂਕ ਵਜੋਂ ਕੀਤੀ ਹੈ। ਛਾਪੇ ਦੌਰਾਨ ਉਸ ਦੇ ਘਰ ਤਾਲਾ ਲੱਗਿਆ ਹੋਇਆ ਸੀ ਅਤੇ ਉਸ ਦੇ ਪਰਿਵਾਰਕ ਮੈਂਬਰ ਵੀ ਉਥੇ ਨਹੀਂ ਸਨ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐੱਸਐੱਸਪੀ ਚਰਨਜੀਤ ਸਿੰਘ ਨੇ ਛਾਪੇ ਦੀ ਪੁਸ਼ਟੀ ਕੀਤੀ ਹੈ।