For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਨੂੰ ‘ਬੈਸਟ ਯੂਟੀ ਸਮਾਰਟ ਸਿਟੀ’ ਦਾ ਖ਼ਿਤਾਬ

11:27 AM Sep 28, 2023 IST
ਚੰਡੀਗੜ੍ਹ ਨੂੰ ‘ਬੈਸਟ ਯੂਟੀ ਸਮਾਰਟ ਸਿਟੀ’ ਦਾ ਖ਼ਿਤਾਬ
ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਪੁਰਸਕਾਰ ਹਾਸਲ ਕਰਦੇ ਹੋਏ ਚੰਡੀਗੜ੍ਹ ਸਮਾਰਟ ਸਿਟੀ ਦੇ ਸੀਈਓ ਅਨਿੰਦਿਤਾ ਮਿੱਤਰਾ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 27 ਸਤੰਬਰ
ਚੰਡੀਗੜ੍ਹ ਨੇ ਇੱਕ ਵਾਰ ਫਿਰ ਦੇਸ਼ ਭਰ ਵਿੱਚ ‘ਸਮਾਰਟ ਸਿਟੀ ਨੈਸ਼ਨਲ ਐਵਾਰਡਜ਼’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਲਈ ਚੰਡੀਗੜ੍ਹ ਸਮਾਰਟ ਸਿਟੀ ਨੂੰ ਅੱਜ ਦੇਸ਼ ਭਰ ਦੇ ਸਮਾਰਟ ਸ਼ਹਿਰਾਂ ਵਿੱਚੋਂ ‘ਬੈਸਟ ਯੂਟੀ ਸਮਾਰਟ ਸਿਟੀ’ ਵਜੋਂ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਸਮਾਰਟ ਸਿਟੀ ਨੂੰ ਸਰਬੋਤਮ ਈ-ਗਵਰਨੈਂਸ ਪ੍ਰਾਜੈਕਟ, ਬੈਸਟ ਮੋਬੀਲਿਟੀ ਪ੍ਰਾਜੈਕਟ ਅਤੇ ਤੀਜੇ ਸਰਵੋਤਮ ਸੈਨੀਟੇਸ਼ਨ ਪ੍ਰਾਜੈਕਟ ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਇੰਦੌਰ ਵਿੱਚ ਕੇਂਦਰ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਕਰਵਾਏ ਗਏ ‘ਇੰਡੀਆ ਸਮਾਰਟ ਸਿਟੀਜ਼ ਸੰਮੇਲਨ 2023’ ਦੌਰਾਨ ਦਿੱਤੇ।
ਚੰਡੀਗੜ੍ਹ ਸ਼ਹਿਰ ਵਿੱਚ ਕੂੜਾ ਪ੍ਰਬੰਧਨ ਵਿੱਚ ਨਿਵੇਕਲੀ ਕ੍ਰਾਂਤੀ ਲਿਆਉਣ ਲਈ ਕੇਂਦਰ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਪੁਰੀ ਵੱਲੋਂ ਸਫ਼ਾਈ ਸ਼੍ਰੇਣੀ ਵਿੱਚ ਚੰਡੀਗੜ੍ਹ ਨੂੰ ਤੀਜਾ ਸਥਾਨ ਦਿੱਤਾ ਗਿਆ ਹੈ। ਚੰਡੀਗੜ੍ਹ ਸਮਾਰਟ ਸਿਟੀ ਲਿਮਿਟਡ ਦੀ ਸੀਈਓ ਅਨਿੰਦਿਤਾ ਮਿੱਤਰਾ, ਚੰਡੀਗੜ੍ਹ ਸਮਾਰਟ ਸਿਟੀ ਲਿਮਿਟਡ ਦੇ ਜਨਰਲ ਮੈਨੇਜਰ ਐੱਨ.ਪੀ. ਸ਼ਰਮਾ, ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਅਤੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਨਿਤਨਿ ਕੁਮਾਰ ਯਾਦਵ ਨੇ ਇਹ ਪੁਰਸਕਾਰ ਰਾਸ਼ਟਰਪਤੀ ਦਰੋਪਦੀ ਮੁਰਮੂ ਹੱਥੋਂ ਪ੍ਰਾਪਤ ਕੀਤਾ। ਇਸ ਪ੍ਰਾਪਤੀ ’ਤੇ ਗ੍ਰਹਿ ਸਕੱਤਰ ਨਿਤਨਿ ਕੁਮਾਰ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਦਾ ਸਿਹਰਾ ਇੱਕ ਹਰਿਆ ਭਰਿਆ ਅਤੇ ਵਧੇਰੇ ਟਿਕਾਊ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ਕੀਤੀਆਂ ਬੇਮਿਸਾਲ ਪਹਿਲਕਦਮੀਆਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਅਤੇ ਸੁਵਿਧਾਜਨਕ ਗੈਰ-ਮੋਟਰਾਈਜ਼ਡ ਟਰਾਂਸਪੋਰਟੇਸ਼ਨ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਚੰਡੀਗੜ੍ਹ ਦੇ ਅਸਾਧਾਰਨ ਯਤਨ ਟਿਕਾਊ ਆਵਾਜਾਈ ਨੂੰ ਉਤਸ਼ਾਹਿਤ ਕਰਨ ਅਤੇ ਕਾਰਬਨ ਨਿਕਾਸ ਨੂੰ ਘਟਾਉਣ ਲਈ ਸ਼ਹਿਰ ਦੀ ਵਚਨਬੱਧਤਾ ਨੂੰ ਪੂਰਾ ਕਰਦੇ ਹਨ। ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਐਵਾਰਡ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਸਮਾਰਟ ਸਿਟੀ ਐਵਾਰਡਾਂ ਵਿੱਚ ਸਮਾਰਟ ਸਿਟੀ ਚੰਡੀਗੜ੍ਹ ਦੀਆਂ ਪ੍ਰਾਪਤੀਆਂ ਇੱਕ ਹੋਰ ਟਿਕਾਊ ਸ਼ਹਿਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।
ਚੰਡੀਗੜ੍ਹ ਸਮਾਰਟ ਸਿਟੀ ਲਿਮਿਟਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਨੈਸ਼ਨਲ ਸਮਾਰਟ ਸਿਟੀ ਐਵਾਰਡਾਂ ਵਿੱਚ ਚੰਡੀਗੜ੍ਹ ਸਮਾਰਟ ਸਿਟੀ ਦੀ ਮਾਨਤਾ ਟਿਕਾਊ ਵਿਕਾਸ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਚੰਡੀਗੜ੍ਹ ਨੂੰ ਇੱਕ ਮਾਡਲ ਸਮਾਰਟ ਸਿਟੀ ਵਿੱਚ ਬਦਲਣ ਦਾ ਇੱਕ ਵਧੀਆ ਮੌਕਾ ਹੈ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਮਾਰਟ ਸਿਟੀ ਨੇ ਇੰਦੌਰ ਵਿੱਚ ਇੰਡੀਆ ਸਮਾਰਟ ਸਿਟੀ ਸੰਮੇਲਨ ਵਿੱਚ ਆਪਣੇ ਪੁਰਸਕਾਰ ਜੇਤੂ ਪ੍ਰਾਜੈਕਟਾਂ ਦਾ ਪ੍ਰਦਰਸ਼ਨ ਕੀਤਾ, ਸ਼ਹਿਰ ਦੇ ਸਾਈਕਲਿੰਗ ਬੁਨਿਆਦੀ ਢਾਂਚੇ ਅਤੇ ਜਨਤਕ ਸਾਈਕਲ ਸ਼ੇਅਰਿੰਗ ਪ੍ਰਣਾਲੀ ਨੂੰ ਦੁਹਰਾਉਣ ਲਈ ਯਤਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲਾ ਪਲ ਸੀ ਜਦੋਂ ਦੇਸ਼ ਦੀ ਰਾਸ਼ਟਰਪਤੀ ਨੇ ਇੱਥੇ ਸੰਮੇਲਨ ਵਿੱਚ ਚੰਡੀਗੜ੍ਹ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੇ ਸਟਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਦੇਸ਼ ਭਰ ਦੇ ਸਾਰੇ 100 ਸਮਾਰਟ ਸ਼ਹਿਰਾਂ ਦੀ ਭਾਗੀਦਾਰੀ ਹੋਈ। ਉਨ੍ਹਾਂ ਇਸ ਪ੍ਰਾਪਤੀ ’ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ।

Advertisement

Advertisement
Advertisement
Author Image

sukhwinder singh

View all posts

Advertisement