ਚੰਡੀਗੜ੍ਹ ਕਾਂਗਰਸ ਨੇ ਵਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਵਿਰੁੱਧ ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ-35 ਸਥਿਤ ਕਾਂਗਰਸ ਭਵਨ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀਆਂ ਨੇ ਟਮਾਟਰ ਤੇ ਹੋਰਨਾਂ ਸਬਜ਼ੀਆਂ ਅਤੇ ਰਸੋਈ ਗੈਸ ਸਿਲੰਡਰ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਕੇਂਦਰ ਸਰਕਾਰ ਨੂੰ ਘੇਰਿਆ। ਪ੍ਰਦਰਸ਼ਨ ਦੌਰਾਨ ਕਾਂਗਰਸੀਆਂ ਨੇ ਟਮਾਟਰਾਂ ਦੀਆਂ ਮਾਲਾਵਾਂ ਪਾ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ 100 ਦਿਨਾਂ ਵਿੱਚ ਮਹਿੰਗਾਈ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਅੱਜ ਨੌਂ ਸਾਲ ਬਾਅਦ ਵੀ ਮਹਿੰਗਾਈ ਖਤਮ ਨਹੀਂ ਕਰ ਸਕੀ ਹੈ। ਹਾਲਾਂਕਿ ਦੇਸ਼ ਵਿੱਚ ਮਹਿੰਗਾਈ ਘਟਣ ਦੀ ਥਾਂ ਲਗਾਤਾਰ ਵਧਦੀ ਜਾ ਰਹੀ ਹੈ। ਸ੍ਰੀ ਲੱਕੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਸਬਜ਼ੀਆਂ, ਖਾਣ ਵਾਲੇ ਤੇਲ, ਦਾਲਾਂ, ਪੈਟਰੋਲ, ਡੀਜ਼ਲ, ਰਸੋਈ ਗੈਸ ਸਿਲੰਡਰ ਸਣੇ ਸਭ ਕੁਝ ਮਹਿੰਗਾ ਹੋ ਚੁੱਕਿਆ ਹੈ। ਇਸ ਵਧ ਰਹੀ ਮਹਿੰਗਾਈ ਕਰਕੇ ਆਮ ਵਿਅਕਤੀ ਨੂੰ ਆਪਣੇ ਘਰ ਦੀ ਰਸੋਈ ਚਲਾਉਣੀ ਮੁਸ਼ਕਲ ਹੋ ਗਈ ਹੈ।
ਸ੍ਰੀ ਲੱਕੀ ਨੇ ਕਿਹਾ ਕਿ ਟਮਾਟਰ 100 ਰੁਪਏ ਕਿੱਲੋ ਅਤੇ ਬਾਕੀ ਸਬਜ਼ੀਆਂ ਦੇ ਭਾਅ 50 ਰੁਪਏ ਕਿਲੋ ਤੋਂ ਉੱਪਰ ਪਹੁੰਚ ਚੁੱਕੇ ਹਨ। ਦੂਜੇ ਪਾਸੇ ਦਾਲਾਂ 150 ਤੋਂ 200 ਰੁਪਏ ਅਤੇ ਖਾਣਾ ਵਾਲਾ ਤੇਲ ਵੀ 150 ਰੁਪਏ ਕਿਲੋ ਤੋਂ ਪਾਰ ਹੋ ਚੁੱਕਿਆ ਹੈ। ਮੀਤ ਪ੍ਰਧਾਨ ਮੀਨਾਕਸ਼ੀ ਚੌਧਰੀ ਤੇ ਨੰਦਿਤਾ ਹੁੱਡਾ ਨੇ ਕਿਹਾ ਕਿ ਵਧ ਰਹੀ ਮਹਿੰਗਾਈ ਕਰ ਕੇ ਔਰਤਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ‘ਚ ਮਹਿੰਗਾਈ ਘਟਣ ਦੀ ਥਾਂ ਲਗਾਤਾਰ ਵਧਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਮਹਿੰਗਾਈ ਦੇ ਨਾਮ ‘ਤੇ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂਆਂ ਨੂੰ ਅੱਜ ਦੇਸ਼ ਵਿੱਚ ਮਹਿੰਗਾਈ ਨਜ਼ਰ ਵੀ ਨਹੀਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਵਿੱਚ ਮਹਿੰਗਾਈ ਨੂੰ ਨੱਥ ਨਾ ਪਾਈ ਗਈ ਤਾਂ ਕਾਂਗਰਸ ਵੱਲੋਂ ਆਉਣ ਵਾਲੇ ਦਿਨਾਂ ‘ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਵੱਡੀ ਗਿਣਤੀ ਆਗੂ ਮੌਜੂਦਾ ਸਨ।