For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਕਾਂਗਰਸ ਦੇ ਬਲਾਕ ਪ੍ਰਧਾਨ ਵੱਲੋਂ ਅਹੁਦੇ ਤੋਂ ਅਸਤੀਫ਼ਾ

11:24 AM Apr 21, 2024 IST
ਚੰਡੀਗੜ੍ਹ ਕਾਂਗਰਸ ਦੇ ਬਲਾਕ ਪ੍ਰਧਾਨ ਵੱਲੋਂ ਅਹੁਦੇ ਤੋਂ ਅਸਤੀਫ਼ਾ
ਚੰਡੀਗੜ੍ਹ ਦੇ ਵਾਰਡ ਨੰਬਰ-15 ਵਿੱਚ ਅਹੁਦਿਆਂ ਤੋਂ ਅਸਤੀਫ਼ਾ ਦਿੰਦੇ ਹੋਏ ਕਾਂਗਰਸੀ ਵਰਕਰ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 20 ਅਪਰੈਲ
ਚੰਡੀਗੜ੍ਹ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੀਆਂ ਮੁਸ਼ਕਲਾਂ ਘਟਨ ਦੀ ਥਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਦੇ ਆਪਣੇ ਵਰਕਰ ਹੀ ਨਿੱਤ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ। ਅੱਜ ਚੰਡੀਗੜ੍ਹ ਦੇ ਵਾਰਡ ਨੰਬਰ-15 ਤੋਂ ਬਲਾਕ ਪ੍ਰਧਾਨ ਉਮਾਸ਼ੰਕਰ ਯਾਦਵ ਨੇ ਆਪਣੇ ਸਮਰਥਕਾਂ ਸਣੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਸ੍ਰੀ ਯਾਦਨ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਮਾਸ਼ੰਕਰ ਯਾਦਵ ਤੇ ਹੋਰਨਾਂ ਆਗੂਆਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪ੍ਰਚਾਰ ਕਰਨ ਤੋਂ ਵੀ ਅਸਿਹਮਤੀ ਪ੍ਰਗਟਾਈ ਹੈ।
ਇਸ ਮੌਕੇ ਬਲਾਕ ਪ੍ਰਧਾਨ ਉਮਾਸ਼ੰਕਰ ਯਾਦਵ ਦੇ ਨਾਲ ਦਵਿੰਦਰ ਕੁਮਾਰ ਮੀਤ ਪ੍ਰਧਾਨ, ਰਾਜ ਕੁਮਾਰ ਯਾਦਵ ਜਨਰਲ ਸਕੱਤਰ, ਸ਼ੇਰ ਬਹਾਦਰ, ਲਕਸ਼ਮੀ ਰਾਣੀ ਸ਼ਰਮਾ, ਲਲਿਤਾ ਦੇਵੀ ਸਕੱਤਰ, ਰਾਮ ਪ੍ਰਤਾਪ ਯਾਦਵ ਸਣੇ ਹੋਰਨਾਂ ਦਰਜਨਾਂ ਆਗੂਆਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਸਾਰੇ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਵਾਰਡ ਨੰਬਰ 15 ਦੇ ਅਹੁਦੇਦਾਰ ਹਨ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਕਰਕੇ ਚੰਡੀਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਪਵਨ ਕੁਮਾਰ ਬਾਂਸਲ ਦੀ ਟਿਕਟ ਕੱਟਣ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਬਾਰੇ ਲੱਕੀ ਵੱਲੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ 40 ਸਾਲਾਂ ਤੱਕ ਚੰਡੀਗੜ੍ਹ ਸ਼ਹਿਰ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਨੂੰ ਅੱਜ ਲੱਕੀ ਵੱਲੋਂ ਹਾਸ਼ੀਏ ’ਤੇ ਧੱਕਿਆ ਜਾ ਰਿਹਾ ਹੈ।
ਕਾਂਗਰਸੀ ਆਗੂਆਂ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਚੰਡੀਗੜ੍ਹ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ ਨੂੰ ਆਦੇਸ਼ ਦਿੱਤੇ ਜਾਣ ਕਿ ਉਹ ਚੰਡੀਗੜ੍ਹ ਕਾਂਗਰਸ ਵਿੱਚ ਚੱਲ ਰਹੇ ਟਕਰਾਅ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਅਤੇ ਅਸਤੀਫ਼ੇ ਦੇਣ ਵਾਲੇ ਪਾਰਟੀ ਵਰਕਰਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਪਾਰਟੀ ਵਰਕਰ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਤਾਂ ਹੀ ਵਰਕਰ ਪਾਰਟੀ ਲਈ ਕੰਮ ਕਰਨਗੇ।

Advertisement

Advertisement
Author Image

sukhwinder singh

View all posts

Advertisement
Advertisement
×