ਅੱਠ ਸਾਲਾਂ ਬਾਅਦ ਹੋਈਆਂ ਚੰਡੀਗੜ੍ਹ ਕਲੱਬ ਦੀਆਂ ਚੋਣਾਂ
ਮੁਕੇਸ਼ ਕੁਮਾਰ
ਚੰਡੀਗੜ੍ਹ, 16 ਨਵੰਬਰ
ਚੰਡੀਗੜ੍ਹ ਕਲੱਬ ਦੀਆਂ ਚੋਣਾਂ ਲਈ ਅੱਜ ਤਣਾਅ ਭਰੇ ਮਾਹੌਲ ਦਰਮਿਆਨ ਵੋਟਿੰਗ ਮੁਕੰਮਲ ਹੋ ਗਈ। ਜ਼ਿਕਰਯੋਗ ਹੈ ਕਿ ਇਹ ਚੋਣ ਅੱਠ ਸਾਲਾਂ ਬਾਅਦ ਹੋ ਰਹੀ ਹੈ। ਇਸ ਦੌਰਾਨ ਕੁੱਲ 7,441 ਵਿੱਚੋਂ 3,292 ਵੋਟਾਂ ਪਈਆਂ। ਇਨ੍ਹਾਂ ਵਿੱਚ 164 ਔਰਤਾਂ, 1157 ਸੀਨੀਅਰ ਸਿਟੀਜ਼ਨ ਅਤੇ ਲਗਪਗ 1,971 ਜਨਰਲ ਵਰਗ ਦੇ ਮੈਂਬਰ ਸ਼ਾਮਲ ਸਨ। ਵੋਟਾਂ ਦੀ ਗਿਣਤੀ 17 ਨਵੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ।
ਅੱਜ ਵੋਟਿੰਗ ਦੌਰਾਨ ਮੀਤ ਪ੍ਰਧਾਨ ਦੇ ਉਮੀਦਵਾਰ ਅਨੁਰਾਗ ਚੋਪੜਾ ਅਤੇ ਐਡਵੋਕੇਟ ਕਰਨ ਨੰਦਾ ਵਿਚਾਲੇ ਹੱਥੋਪਾਈ ਹੋ ਗਈ ਅਤੇ ਨੰਦਾ ਨੇ ਚੋਪੜਾ ਦੀ ਕਮੀਜ਼ ਦਾ ਕਾਲਰ ਵੀ ਫੜ ਲਿਆ। ਸੂਤਰਾਂ ਨੇ ਦੱਸਿਆ ਕਿ ਫਰਜ਼ੀ ਵੋਟਰਾਂ ਦੇ ਦੋਸ਼ਾਂ ਤੋਂ ਐਡਵੋਕੇਟ ਕਰਨ ਨੰਦਾ ਅਤੇ ਸਾਬਕਾ ਮੇਅਰ ਰਵਿੰਦਰ ਪਾਲੀ ਵਿਚਕਾਰ ਬਹਿਸ ਹੋਈ। ਇਨ੍ਹਾਂ ਘਟਨਾਵਾਂ ਦੇ ਬਾਵਜੂਦ ਚੋਣ ਪ੍ਰਕਿਰਿਆ ਬਿਨਾਂ ਕਿਸੇ ਵੱਡੇ ਵਿਘਨ ਦੇ ਜਾਰੀ ਰਹੀ। ਵੋਟਿੰਗ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੋਲਿੰਗ ਸਟੇਸ਼ਨ ਦੇ ਅੰਦਰ ਸਿਰਫ਼ ਵੋਟਰ ਹੀ ਜਾ ਸਕਦੇ ਸਨ। ਕਲੱਬ ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰ ਆਹਮੋ-ਸਾਹਮਣੇ ਹਨ, ਤਿੰਨਾਂ ਵਿਚਾਲੇ ਸਖ਼ਤ ਮੁਕਾਬਲਾ ਹੈ। ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਸੁਨੀਲ ਖੰਨਾ, ਰਣਮੀਤ ਸਿੰਘ ਚਾਹਲ ਅਤੇ ਨਰੇਸ਼ ਚੌਧਰੀ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ ਸੁਨੀਲ ਖੰਨਾ ਸਾਲ 2002 ਵਿੱਚ ਚੰਡੀਗੜ੍ਹ ਕਲੱਬ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਪੇਸ਼ੇ ਤੋਂ ਵਪਾਰੀ ਹਨ। ਦੂਜੇ ਉਮੀਦਵਾਰ ਨਰੇਸ਼ ਚੌਧਰੀ ਇਸ ਵੇਲੇ ਚੰਡੀਗੜ੍ਹ ਕਲੱਬ ਦੇ ਮੀਤ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਹਨ। ਤੀਜੇ ਉਮੀਦਵਾਰ ਰਮਨੀਤ ਸਿੰਘ ਚਾਹਲ ਹਨ।
ਇਸ ਦੇ ਨਾਲ ਹੀ ਚੰਡੀਗੜ੍ਹ ਕਲੱਬ ਦੀ ਕਾਰਜਕਾਰਨੀ ਮੈਂਬਰ ਦੀ ਚੋਣ ਲਈ ਭਾਜਪਾ ਆਗੂ ਦੇਵੇਂਦਰ ਬਬਲਾ ਦੇ ਪੁੱਤਰ ਪਰਮਵੀਰ, ਨਾਮਜ਼ਦ ਕੌਂਸਲਰ ਡਾ. ਬੇਦੀ ਦੇ ਪੁੱਤਰ ਡਾ. ਰਵਨੀਤ ਸਿੰਘ ਬੇਦੀ, ਕਰਾਫੈੱਡ ਦੇ ਚੇਅਰਮੈਨ ਹਿਤੇਸ਼ ਪੁਰੀ ਦੇ ਪੁੱਤਰ ਸ਼ਿਵਮ ਪੁਰੀ ਅਤੇ ਟੈਕਸ ਸਲਾਹਕਾਰ ਦੇ ਪੁੱਤਰ ਰਚਿਤ ਗੋਇਲ ਵੀ ਮੈਦਾਨ ਵਿੱਚ ਹਨ। ਚੰਡੀਗੜ੍ਹ ਕਲੱਬ ਦੀ ਕਾਰਜਕਾਰਨੀ ਮੈਂਬਰ ਦੀ ਚੋਣ ਲਈ ਇਸ ਵਾਰ 20 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਚੰਡੀਗੜ੍ਹ ਕਲੱਬ ਦੇ ਵੋਟਿੰਗ ਮੈਂਬਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੈ। ਵੀਹ ਉਮੀਦਵਾਰਾਂ ਵਿੱਚੋਂ ਕੁੱਲ 8 ਉਮੀਦਵਾਰ ਕਾਰਜਕਾਰੀ ਮੈਂਬਰ ਲਈ ਚੁਣੇ ਗਏ ਹਨ। ਚੰਡੀਗੜ੍ਹ ਕਲੱਬ ਸ਼ਹਿਰ ਦਾ ਸਭ ਤੋਂ ਪੁਰਾਣਾ ਕਲੱਬ ਹੈ। ਇਨ੍ਹਾਂ ਵਿੱਚ ਸ਼ਹਿਰ ਦੇ ਵੱਡੇ ਕਾਰੋਬਾਰੀ, ਨੌਕਰਸ਼ਾਹ, ਸਿਆਸਤਦਾਨ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।