For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ: ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋਇਆ

10:49 AM Nov 11, 2024 IST
ਚੰਡੀਗੜ੍ਹ  ਪ੍ਰਦੂਸ਼ਣ ਕਾਰਨ ਸਾਹ ਲੈਣਾ ਵੀ ਔਖਾ ਹੋਇਆ
ਚੰਡੀਗੜ੍ਹ ਦੇ ਸੈਕਟਰ-17 ਨੇੜੇ ਧੁੰਆਂਖੀ ਧੁੰਦ ਵਿੱਚ ਘਿਰੀ ਸੜਕ ਤੋਂ ਬੱਤੀਆਂ ਜਗਾ ਕੇ ਲੰਘਦੇ ਹੋਏ ਵਾਹਨ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 10 ਨਵੰਬਰ
ਸਿਟੀ ਬਿਊਟੀਫੁਲ ਦੀ ਹਵਾ ਲਗਾਤਾਰ ਗੰਧਲੀ ਹੁੰਦੀ ਜਾ ਰਹੀ ਹੈ। ਇਸ ਕਰ ਕੇ ਅੱਜ ਸਾਰਾ ਦਿਨ ਆਸਮਾਨ ਵਿੱਚ ਧੂੰਆਂ ਚੜ੍ਹਿਆ ਰਿਹਾ। ਆਸਮਾਨ ਵਿੱਚ ਧੂੰਆਂ ਚੜ੍ਹਨ ਕਰ ਕੇ ਅੱਜ ਧੁੱਪ ਵੀ ਮੱਧਮ ਰਹੀ ਅਤੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਸੀ। ਉੱਧਰ, ਚੰਡੀਗੜ੍ਹ ਦੇ ਨਾਲ ਲਗਦੇ ਮੁਹਾਲੀ ਤੇ ਪੰਚਕੂਲਾ ਦੀ ਹਾਲਤ ਵਿੱਚ ਕੁਝ ਇਹੋ-ਜਿਹੀ ਹੀ ਸੀ, ਜਿੱਥੇ ਹਵਾ ਪ੍ਰਦੂਸ਼ਿਤ ਹੋਣ ਕਰ ਕੇ ਲੋਕਾਂ ਨੂੰ ਸਾਂਹ ਲੈਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜ਼ਿਕਰਯੋਗ ਹੈ ਕਿ ਅੱਜ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਕਰ ਕੇ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਂਹ ਲੈਣ ਵਿੱਚ ਦਿੱਕਤ ਆ ਰਹੀ ਸੀ। ਇਸ ਦੇ ਨਾਲ ਹੀ ਹਵਾ ਪ੍ਰਦੂਸ਼ਣ ਕਰਕੇ ਸੈਕਟਰ-16 ਤੇ 32 ਹਸਪਤਾਲ ਵਿੱਚ ਵੀ ਦਮੇ ਦੇ ਮਰੀਜ਼ਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵਧੀ ਹੋਈ ਹੈ।
ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਦੇ ਸੈਕਟਰ-22 ਵਿੱਚ ਏਕਿਊਆਈ ਦਾ ਪੱਧਰ 349 ਅਤੇ ਸੈਕਟਰ-25 ਵਿੱਚ 325 ਦੇ ਕਰੀਬ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਮੁਹਾਲੀ ਦੇ ਸੈਕਟਰ-53 ਵਿੱਚ ਏਕਿਊਆਈ ਦਾ ਪੱਧਰ 344 ਅਤੇ ਪੰਚਕੂਲਾ ਵਿੱਚ 257 ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਹਵਾ ਦਾ ਏਕਿਊਆਈ 200 ਤੋਂ ਵੱਧ ਹੋਣ ਨੂੰ ਲੋਕਾਂ ਦੀ ਸਿਹਤ ਲਈ ਘਾਤਕ ਮੰਨਿਆ ਜਾਂਦਾ ਹੈ। ਇਸ ਲਈ ਮੌਜੂਦਾ ਸਮੇਂ ਹਵਾ ਪ੍ਰਦੂਸ਼ਣ ਯੂਟੀ ਦੇ ਵਾਤਾਵਰਨ ਵਿਭਾਗ ਅਤੇ ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਚੰਡੀਗੜ੍ਹ ਪ੍ਰਦੂਸ਼ਣ ਰੋਕਥਾਮ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਮੀਂਹ ਪੈਣ ਤੋਂ ਬਾਅਦ ਹੀ ਲੋਕਾਂ ਨੂੰ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਹਰ ਸਮੇਂ ਹਵਾ ਪ੍ਰਦੂਸ਼ਣ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਤਹਿਤ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਅਤੇ ਦਰੱਖਤਾਂ ਦੇ ਪੱਤਿਆਂ ’ਤੇ ਵੀ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਵੀ ਦਮੇ ਦੇ ਮਰੀਜ਼ਾਂ ਨੂੰ ਪਹਿਲ ਦੇ ਆਧਾਰ ’ਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਡਾਕਟਰਾਂ ਵੱਲੋਂ ਬਜ਼ੁਰਗਾਂ ਤੇ ਬੱਚਿਆ ਨੂੰ ਘਰੋਂ ਬਾਹਰ ਨਿਕਲਣ ਸਮੇਂ ਮੂੰਹ ਢਕ ਕੇ ਨਿਕਲਣ ਅਤੇ ਬਿਮਾਰ ਵਿਅਕਤੀਆਂ ਨੂੰ ਲੋੜ ਪੈਣ ’ਤੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement