For the best experience, open
https://m.punjabitribuneonline.com
on your mobile browser.
Advertisement

ਸੌਰ ਊਰਜਾ ਉਤਪਾਦਨ ਵਿੱਚ ਚੰਡੀਗੜ੍ਹ ਮੋਹਰੀ ਬਣਿਆ: ਪੁਰੋਹਿਤ

07:18 AM Aug 17, 2023 IST
ਸੌਰ ਊਰਜਾ ਉਤਪਾਦਨ ਵਿੱਚ ਚੰਡੀਗੜ੍ਹ ਮੋਹਰੀ ਬਣਿਆ  ਪੁਰੋਹਿਤ
ਸੈਕਟਰ-17 ਵਿੱਚ ਪਰੇਡ ਦਾ ਨਿਰੀਖਣ ਕਰਦੇ ਹੋਏ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 16 ਅਗਸਤ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ 77ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਯੂਟੀ ਪ੍ਰਸ਼ਾਸਨ ਨੇ ਸੈਕਟਰ-17 ਦੇ ਪਰੇਡ ਗਰਾਊਂਡ ਵਿੱਚ ਸਮਾਗਮ ਕੀਤਾ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਤਿਰੰਗਾ ਝੰਡਾ ਲਹਿਰਾਇਆ। ਪ੍ਰਸ਼ਾਸਕ ਨੂੰ ਪੁਲੀਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੁੱਕੜੀਆਂ, ਐੱਨਸੀਸੀ ਕੈਡੇਟਸ ਸਣੇ ਹੋਰਨਾਂ ਟੁੱਕੜੀਆਂ ਨੇ ਸਲਾਮੀ ਦਿੱਤੀ। ਇੱਥੇ ਵੱਖ ਵੱਢ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਸਨ। ਇਸ ਉਪਰੰਤ ਸ੍ਰੀ ਪੁਰੋਹਿਤ ਨੇ ਸ਼ਹਿਰ ’ਚ ਵੱਖ-ਵੱਖ ਖੇਤਰਾਂ ’ਚ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਪੁਰੋਹਿਤ ਨੇ ਆਜ਼ਾਦੀ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਵਾਤਾਵਰਨ ਦੀ ਸੰਭਾਲ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਯਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਯੂਟੀ ਵਿੱਚ ਉੱਤਰ ਭਾਰਤ ਦਾ ਸਭ ਤੋਂ ਵੱਡਾ ਜਨਤਕ ਬਾਈਕ ਸ਼ੇਅਰਿੰਗ ਪ੍ਰਾਜੈਕਟ ਲਗਾਇਆ ਗਿਆ ਹੈ।
ਸ੍ਰੀ ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਸੌਰ ਊਰਜਾ ਦੀ ਵਾਧੂ ਪੈਦਾਵਾਰ ਕਰ ਕੇ ਦੇਸ਼ ਦੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚੋਂ ਮੋਹਰੀ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਫਲੋਟਿੰਗ, ਕਨਾਲ ਟੋਪ, ਪਾਰਕਿੰਗ ਸ਼ੈੱਡ ਤੇ ਘਰ ਦੀਆਂ ਛੱਤਾਂ ’ਤੇ ਸੌਰ ਊਰਜਾ ਪੈਨਲ ਲਗਾਉਣ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ। ਯੂਟੀ ਹੁਣ ਤੱਕ ਜਲਦ ਹੀ 75 ਮੈਗਾਵਾਟ ਸੌਰ ਊਰਜਾ ਦੀ ਪੈਦਾਵਾਰ ਕਰਨ ਲੱਗ ਜਾਵੇਗਾ। ਪ੍ਰਸ਼ਾਸਕ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨ ਨੀਤੀ ਨੂੰ ਲਾਗੂ ਕਰਨ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ 100 ਤੋਂ ਵੱਧ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰ ਦਿੱਤਾ ਹੈ ਜਦੋਂਕਿ ਸਰਕਾਰੀ ਵਿਭਾਗਾਂ ਵੱਲੋਂ ਵੀ ਇਲੈਕਟ੍ਰਿਕ ਵਾਹਨਾਂ ਦੀ ਖ਼ਰੀਦ ਕੀਤੀ ਜਾ ਰਹੀ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਚੰਡੀਗੜ੍ਹ ’ਚ ਖੇਡਾਂ ਦੇ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਵੱਖਰੀ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਨੇ ਹਾਕੀ ਇੰਡੀਆ ਜੂਨੀਅਰ ਲੜਕੇ ਕੌਮੀ ਚੈਂਪੀਅਨਸ਼ਿਪ-2023 ’ਚ ਕਾਂਸੀ ਤਮਗਾ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਯੂਟੀ ਦੇ ਪ੍ਰਸ਼ਾਸਕ ਨੇ ਕਿਹਾ ਕਿ ਯੂਟੀ ਵੱਲੋਂ ਜਲਦ ਹੀ ਨਵੀਂ ਖੇਡ ਨੀਤੀ ਲਿਆਂਦੀ ਜਾ ਰਹੀ ਹੈ।
ਸਮਾਗਮ ਦੇ ਆਖੀਰ ਵਿੱਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੱਲੋਂ ਆਜ਼ਾਦੀ ਦਿਹਾੜੇ ’ਤੇ ਪਰੇਡ ਵਿੱਚ ਸਲਾਮੀ ਦੇਣ ਵਾਲੀਆਂ ਵੱਖ-ਵੱਖ ਟੁਕੜੀਆਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੁਕੜੀ ਦਾ ਸਨਮਾਨ ਕੀਤਾ। ਇਸੇ ਦੌਰਾਨ ਸੈਕਟਰ-17 ਸਥਿਤ ਆਮਦਨ ਕਰ ਵਿਭਾਗ ਦੇ ਦਫ਼ਤਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਉੱਤਰ-ਪੱਛਮੀ ਰੀਜ਼ਮ ਦੀ ਚੀਫ਼ ਕਮਿਸ਼ਨਰ ਸ੍ਰੀਮਤੀ ਅਮਰਾਪਾਲੀ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਤੋਂ ਇਲਾਵਾ ਸ਼ਹਿਰ ਦੇ ਸਮੂਹ ਸੈਕਟਰਾਂ ਤੇ ਸਕੂਲਾਂ ਵਿੱਚ ਵੀ ਸਮਾਜਮ ਉਲੀਕੇ ਗਏ।

Advertisement

ਪੀਯੂ ਅਤੇ ਪੀਜੀਆਈ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਮਾਗਮ

ਸੁਤੰਤਰਤਾ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ।

ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੁਤੰਤਰਤਾ ਦਿਵਸ ਪ੍ਰੋਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ’ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰੇਨੂੰ ਵਿਗ ਵੱਲੋਂ ਪਰੇਡ ਗਰਾਊਂਡ ਵਿੱਚ ਤਿਰੰਗਾ ਲਹਿਰਾਉਣ ਨਾਲ ਹੋਈ। ਇਸ ਦੌਰਾਨ ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਤੋਂ ਪਹਿਲਾਂ ਰਜਿਸਟਰਾਰ ਪ੍ਰੋ. ਵਾਈ.ਪੀ. ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਪੀ.ਯੂ. ਸੁਰੱਖਿਆ ਗਾਰਡਾਂ, ਐਨ.ਸੀ.ਸੀ. ਕੈਡਿਟਾਂ, ਐਨ.ਐਸ.ਐਸ. ਅਤੇ ਅੰਕੁਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਰਚ-ਪਾਸਟ ਕੱਢਿਆ ਗਿਆ। ਇਸ ਮਗਰੋਂ ਜੀਜੀਐਸ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਸਕੂਲ ਰਤਵਾੜਾ ਸਾਹਿਬ ਅਤੇ ਅੰਕੁਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ। ਵਧੀਆ ਕਾਰਗੁਜ਼ਾਰੀ ਵਾਲੇ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪੀਜੀਆਈਐਮਈਆਰ ਚੰਡੀਗੜ੍ਹ ਵਿੱਚ ਵੀ ਸੁਤੰਤਰਤਾ ਦਿਵਸ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਤਿਰੰਗਾ ਲਹਿਰਾਇਆ ਅਤੇ ਲੈਜਰਸਟ੍ਰੋਮੀਆ ਇੰਡੀਕਾ ਦੇ ਬੂਟੇ ਲਗਾਏ। ਡਿਪਟੀ ਡਾਇਰੈਕਟਰ ਐਡਮਿਨ ਕੁਮਾਰ ਗੌਰਵ ਧਵਨ, ਡਾ. ਵਿਪਨ ਕੌਸ਼ਲ, ਡਾ. ਸਮੀਰ ਅਗਰਵਾਲ, ਡਾ. ਬੀ.ਆਰ. ਮਿੱਤਲ ਆਦਿ ਨੇ ਵੀ ਆਪਣੀ ਟੀਮ ਸਣੇ ਬੂਟੇ ਲਾਏ।

Advertisement

ਮੇਅਰ ਅਨੂਪ ਗੁਪਤਾ ਨੇ ਤਿਰੰਗਾ ਲਹਿਰਾਇਆ

ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਚੰਡੀਗੜ੍ਹ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਨਗਰ ਨਿਗਮ ਭਵਨ ਵਿੱਚ ਕੀਤੇ ਸਮਾਗਮ ਦੌਰਾਨ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਤਿਰੰਗਾ ਲਹਿਰਾਇਆ। ਸਮਾਗਮ ਦੌਰਾਨ ਨਿਗਮ ਵੱਲੋਂ ਸ਼ਲਾਘਾਯੋਗ ਕਾਰਜ ਕਰਨ ਵਾਲੇ ਮੁਲਾਜ਼ਮਾਂ ਸਣੇ ਸਮਾਜ ਸੇਵਾ ਤੇ ਹੋਰ ਖੇਤਰ ਵਿੱਚ ਯੋਗਦਾਨ ਦੇਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਸ੍ਰੀ ਗੁਪਤਾ ਨੇ ਨਿਗਮ ਦੀਆਂ ਉਪਲਬਧੀਆਂ ਅਤੇ ਜਾਰੀ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ।

ਚੰਡੀਗੜ੍ਹ ਕਾਂਗਰਸ ਨੇ ਆਜ਼ਾਦੀ ਦਿਹਾੜਾ ਮਨਾਇਆ

\ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਸੈਕਟਰ-35 ਸਥਿਤ ਕਾਂਗਰਸ ਭਵਨ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਆਗੂਆਂ ਨੇ ਪਾਰਟੀ ਦਫ਼ਤਰ ਪਹੁੰਚ ਕੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ।

ਚੰਡੀਗੜ੍ਹ ਵੈੱਲਫੇਅਰ ਟਰੱਸਟ ਵੱਲੋਂ ਸਮਾਗਮ

ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਮਿਲਖ ਕਲੋਨੀ ਧਨਾਸ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਟਰੱਸਟ ਦੇ ਸੰਸਥਾਪਕ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕੌਮੀ ਝੰਡਾ ਲਹਿਰਾਇਆ। ਇਸ ਤੋਂ ਇਲਾਵਾ ਸ੍ਰੀ ਸੰਧੂ ਨੇ ਪੁਸ਼ਪਕ ਸੁਸਾਇਟੀ ਸੈਕਟਰ-49, ਮੋਟਰ ਮਾਰਕੀਟ ਐਸੋਸੀਏਸ਼ਨ ਸੈਕਟਰ-48, ਆਟੋਰਿਕਸ਼ਾ ਐਸੋਸੀਏਸ਼ਨ ਸੈਕਟਰ-43 ਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸੈਕਟਰ-33 ਵਿੱਚ ਸਮਾਗਮਾਂ ਦੌਰਾਨ ਤਿਰੰਗਾ ਲਹਿਰਾਇਆ।

Advertisement
Author Image

Advertisement