For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਚੰਡੀਗੜ੍ਹ ਤੇ ਪੰਜਾਬ ਮੋਹਰੀ

07:57 AM Jul 09, 2023 IST
ਕੇਂਦਰੀ ਸਕੂਲ ਸਿੱਖਿਆ ਦਰਜਾਬੰਦੀ ਵਿੱਚ ਚੰਡੀਗੜ੍ਹ ਤੇ ਪੰਜਾਬ ਮੋਹਰੀ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਜੁਲਾਈ
ਕੇਂਦਰੀ ਸਿੱਖਿਆ ਮੰਤਰਾਲੇ ਨੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਸਕੂਲੀ ਸਿੱਖਿਆ ਦੀ ਦਰਜਾਬੰਦੀ ਪਰਫਾਰਮੈਂਸ ਗਰੇਡਿੰਗ ਇੰਡੈਕਸ 2.0 (ਪੀਜੀਆਈ) ਦੀ ਸਾਲ 2021-22 ਦੀ ਰਿਪੋਰਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਚੰਡੀਗੜ੍ਹ 659 ਅੰਕ ਲੈ ਕੇ ਸਿਖਰ ’ਤੇ ਹੈ, ਜਦਕਿ ਪੰਜਾਬ ਦੇ 647.4 ਅੰਕ ਆਏ ਹਨ। ਸੂਚੀ ਵਿੱਚ ਦੋਵਾਂ ਨੂੰ ਇਕ ਹੀ ਵਰਗ ਵਿੱਚ ਰੱਖਿਆ ਗਿਆ ਹੈ, ਜਦਕਿ ਅਰੁਣਾਚਲ ਪ੍ਰਦੇਸ਼, ਮਿਜ਼ੋਰਮ ਤੇ ਮੇਘਾਲਿਆ ਦਰਜਾਬੰਦੀ ’ਚ ਫਾਡੀ ਰਹੇ ਹਨ।
ਕੇਂਦਰ ਵੱਲੋਂ ਇਹ ਰਿਪੋਰਟ ਸਿੱਖਿਆ ਪ੍ਰਣਾਲੀ ਦਾ ਵਿਆਪਕ ਮੁਲਾਂਕਣ ਕਰ ਕੇ ਜਾਰੀ ਕੀਤੀ ਗਈ ਹੈ। ਕੇਂਦਰ ਵੱਲੋਂ ਪਰਫਾਰਮੈਂਸ ਗਰੇਡਿੰਗ ਇੰਡੈਕਸ ਰਿਪੋਰਟ ਸਭ ਤੋਂ ਪਹਿਲਾਂ ਸਾਲ 2017 ਵਿੱਚ ਜਾਰੀ ਕੀਤੀ ਗਈ ਸੀ, ਪਰ ਨਵੀਂ ਸਿੱਖਿਆ ਨੀਤੀ ਆਉਣ ਮਗਰੋਂ ਇਸ ਦੇ ਮੁਲਾਂਕਣ ਦੇ ਢੰਗ ਵਿੱਚ ਤਬਦੀਲੀ ਲਿਆਂਦੀ ਗਈ ਹੈ। ਇਸ ਵਾਰ ਕੇਂਦਰ ਵੱਲੋਂ ਸੂਬਿਆਂ ਦੀ ਸਿੱਖਿਆ ਪ੍ਰਣਾਲੀ ਦਾ 73 ਸੂਚਕਾਂ ’ਤੇ 1000 ਅੰਕਾਂ ਨਾਲ ਮੁਲਾਂਕਣ ਕੀਤਾ ਗਿਆ ਹੈ, ਜਿਸ ਨੂੰ ਅੱਗੇ ਦੋ ਵਰਗਾਂ ਵਿੱਚ ਵੰਡ ਕੇ ਦਰਜਾਬੰਦੀ ਕੀਤੀ ਗਈ ਹੈ। ਕੇਂਦਰ ਨੇ ਸੂਬਿਆਂ ਨੂੰ ਉਨ੍ਹਾਂ ਦੇ ਨਤੀਜਿਆਂ ਤੇ ਸ਼ਾਸਨ ਪ੍ਰਬੰਧਨ ਅਨੁਸਾਰ ਅੰਕ ਦਿੱਤੇ ਹਨ, ਜਿਨ੍ਹਾਂ ਨੂੰ ਅੱਗੇ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ ਸਿੱਖਣ ਦੇ ਢੰਗ ਤੇ ਨਤੀਜੇ, ਆਧੁਨਿਕ ਸਿੱਖਿਆ ਉਪਕਰਨਾਂ ਦੀ ਵਿਦਿਆਰਥੀਆਂ ਤੱਕ ਪਹੁੰਚ, ਆਧਾਰੀ ਢਾਂਚਾ, ਪੜ੍ਹਨ ਦੇ ਬਰਾਬਰ ਮੌਕੇ, ਸ਼ਾਸਨ ਪ੍ਰਬੰਧਨ ਤੇ ਅਧਿਆਪਕਾਂ ਦੀ ਸਿੱਖਿਆ ਤੇ ਸਿਖਲਾਈ ਸ਼ਾਮਲ ਹਨ।
ਯੂਟੀ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਵਾਰ ਚੰਡੀਗੜ੍ਹ ਨੂੰ ਉਸ ਦੇ ਆਧਾਰੀ ਸਿੱਖਿਆ ਢਾਂਚੇ, ਪੜ੍ਹਾਉਣ ਦੇ ਤਰੀਕੇ, ਨਤੀਜੇ ਤੇ ਵਿਦਿਆਰਥੀਆਂ ਦਾ ਭਾਸ਼ਾਵਾਂ, ਗਣਿਤ ਤੇ ਹੋਰ ਵਿਸ਼ਿਆਂ ਦੇ ਗਿਆਨ ਕਰ ਕੇ ਮੋਹਰੀ ਸਥਾਨ ਮਿਲਿਆ ਹੈ। ਕੇਂਦਰ ਵੱਲੋਂ ਯੂਡਾਈਸ ਪਲੱਸ ’ਤੇ ਸਕੂਲਾਂ ਦੇ ਉਪਲੱਬਧ ਅੰਕੜਿਆਂ ਦੀ ਘੋਖ ਮਗਰੋਂ ਇਹ ਦਰਜਾਬੰਦੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਦੀ ਦਰਜਾਬੰਦੀ ਦੀ ਪਿਛਲੇ ਸਾਲ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਵਾਰ ਨਵੀਂ ਸਿੱਖਿਆ ਨੀਤੀ ਕਾਰਨ ਦਰਜਾਬੰਦੀ ਦੇ ਸੂਚਕ ਬਦਲੇ ਗਏ ਹਨ, ਜਿਸ ਨੂੰ ੲਿਸ ਵਾਰ ਪਰਫਾਰਮੈਂਸ ਗਰੇਡਿੰਗ ਇੰਡੈਕਸ 2.0 ਨਾਂ ਦਿੱਤਾ ਗਿਆ ਹੈ।

Advertisement

ਮੋਹਰੀ ਸ਼੍ਰੇਣੀ ਵਿੱਚ ਨਾ ਆਇਆ ਕੋਈ ਵੀ ਸੂਬਾ
ਕੇਂਦਰ ਨੇ ਇਸ ਦਰਜਾਬੰਦੀ ਵਿੱਚ ਸਭ ਤੋਂ ਉੱਤੇ ਦਕਸ਼ ਵਰਗ ਰੱਖਿਆ ਹੈ, ਜਿਸ ਵਿੱਚ 940 ਤੋਂ ਵੱਧ ਅੰਕ ਹਾਸਲ ਕਰਨ ਵਾਲੇ ਸੂਬਿਆਂ ਨੂੰ ਰੱਖਿਆ ਜਾਂਦਾ ਹੈ। ਇਸ ਵਿੱਚ ਸਭ ਤੋਂ ਹੇਠਾਂ ਦੀ ਦਰਜਾਬੰਦੀ ਦਾ ਵਰਗ ਅਕਾਂਸ਼ੀ-3 ਹੈ, ਜਿਸ ਵਿੱਚ 460 ਤੱਕ ਅੰਕ ਹਾਸਲ ਕਰਨ ਵਾਲੇ ਸੂਬਿਆਂ ਨੂੰ ਰੱਖਿਆ ਜਾਂਦਾ ਹੈ। ਦੂਜੀ ਸ਼੍ਰੇਣੀ ਦਾ ਨਾਂ ਉਤਕਰਸ਼ ਹੈ, ਜਿਸ ਵਿੱਚ 881 ਤੋਂ 940 ਅੰਕ ਹਾਸਲ ਕਰਨ ਵਾਲੇ ਸੂਬੇ ਆਉਂਦੇ ਹਨ। ਤੀਜੇ ਵਰਗ ਅਤਿ ਉੱਤਮ ਵਿੱਚ 821 ਤੋਂ 880 ਅੰਕ, ਚੌਥੇ ਵਰਗ ਉੱਤਮ ਵਿੱਚ 761 ਤੋਂ 820, ਪੰਜਵੇਂ ਵਰਗ ਪ੍ਰਚੇਸ਼ਟਾ-1 ਵਿੱਚ 701 ਤੋਂ 760, ਛੇਵੇਂ ਵਰਗ ਪ੍ਰਚੇਸ਼ਟਾ-2 ਵਿੱਚ 641 ਤੋਂ 700 ਅੰਕ ਰੱਖੇ ਗਏ ਹਨ, ਜਿਸ ਵਰਗ ਵਿੱਚ ਚੰਡੀਗੜ੍ਹ ਤੇ ਪੰਜਾਬ ਨੂੰ ਇਸ ਸਾਲ ਰੱਖਿਆ ਗਿਆ ਹੈ। ਇਸ ਤੋਂ ਬਾਅਦ ਪ੍ਰਚੇਸ਼ਟਾ-3 ਵਿੱਚ 581 ਤੋਂ 640 ਅੰਕ, ਅਕਾਂਸ਼ੀ-1 ’ਚ 521 ਤੋਂ 580, ਅਕਾਂਸ਼ੀ-2 ਵਿਚ 461 ਤੋਂ 520 ਅੰਕ ਰੱਖੇ ਗਏ ਹਨ।

ਕੇਰਲਾ ਤੇ ਮਹਾਰਾਸ਼ਟਰ ਨੇ ਪਹਿਲਾਂ ਹਾਸਲ ਕੀਤਾ ਸੀ ਮੋਹਰੀ ਸਥਾਨ
ਪਿਛਲੇ ਸਾਲ ਦੀ ਪਰਫਾਰਮੈਂਸ ਗਰੇਡਿੰਗ ਇੰਡੈਕਸ ਰਿਪੋਰਟ ਵਿੱਚ ਕੇਰਲਾ ਤੇ ਮਹਾਰਾਸ਼ਟਰ ਨੇ ਮੋਹਰੀ ਸਥਾਨ ਹਾਸਲ ਕੀਤਾ ਸੀ, ਪਰ ਇਹ ਸੂਬੇ ਇਸ ਵਾਰ ਦੂਜੇ ਵਰਗ ਵਿੱਚ ਆਏ ਹਨ। ਇਸ ਵਰਗ ਵਿੱਚ ਕੁਲ ਛੇ ਸੂਬੇ ਸ਼ਾਮਲ ਹਨ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਦਾ ਟੀਚਾ ਸਭ ਤੋਂ ਉੱਚ ਤੇ ਸਭ ਤੋਂ ਹੇਠਲੇ ਵਰਗ ਦੀ ਦਰਜਾਬੰਦੀ ਦੇ ਪਾੜੇ ਨੂੰ ਘੱਟ ਕਰਨਾ ਹੈ, ਜਿਸ ਵਿੱਚ ਇਸ ਵਾਰ ਕਾਫੀ ਹੱਦ ਤੱਕ ਸੁਧਾਰ ਵੀ ਆਇਆ ਹੈ। ਇਸ ਦਰਜਾਬੰਦੀ ਨਾਲ ਸੂਬਿਆਂ ਦੀਆਂ ਸਿੱਖਿਆ ਪ੍ਰਣਾਲੀ ਵਿੱਚ ਖਾਮੀਆਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ ਤੇ ਕੇਂਦਰ ਵੱਖ-ਵੱਖ ਸੂਬਿਆਂ ਦੀਆਂ ਉਨ੍ਹਾਂ ਦੀ ਕਾਰਗੁਜ਼ਾਰੀ ਅਨੁਸਾਰ ਹੀ ਨੀਤੀਆਂ ਬਣਾਏਗਾ।

Advertisement
Tags :
Author Image

sukhwinder singh

View all posts

Advertisement
Advertisement
×