ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਜੀਆਰਆਈਡੀ ਦਾ ਦੌਰਾ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਦੇ ਰਾਜਪਾਲ ’ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਸੈਕਟਰ-31 ਸਥਿਤ ਗੌਰਮਿੰਟ ਰੀਹੈਬਲੀਟੇਸ਼ਨ ਇੰਸਟੀਚਿਊਟ ਫਾਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਜੀਆਰਆਈਡੀ) ਦਾ ਦੌਰਾ ਕੀਤਾ। ਆਪਣੀ ਇਸ ਫੇਰੀ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਜੀਆਰਆਈਡੀ ਦੇ ਸਟਾਫ਼ ਦੇ ਅਣਥੱਕ ਯਤਨਾਂ ਦੀ ਡੂੰਘੀ ਪ੍ਰਸ਼ੰਸਾ ਕੀਤੀ।
ਪ੍ਰਸ਼ਾਸਕ ਨੇ ਇਥੇ ਸੈਨੇਟਰੀ ਪੈਡ ਮੇਕਿੰਗ ਯੂਨਿਟ, ਮਸਾਲਾ ਗਰਾਈਡਿੰਗ ਯੂਨਿਟ, ਕਟਿੰਗ ਅਤੇ ਟੇਲਰਿੰਗ ਯੂਨਿਟ, ਔਟਿਜ਼ਮ ਸੈਕਸ਼ਨ, ਕੇਅਰ ਗਰੁੱਪ, ਪ੍ਰੈਪਰੇਟਰੀ ਸੈਕਸ਼ਨ, ਸੈਂਸਰ ਗਾਰਡਨ, ਅਰਲੀ ਇੰਟਰਵੈਂਸ਼ਨ ਕਲੀਨਿਕ ਅਤੇ ਆਕੂਪੇਸ਼ਨਲ ਥੈਰੇਪੀ ਰੂਮ ਸਮੇਤ ਸੰਸਥਾਨ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕੀਤਾ। ਇਸ ਮੌਕੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਬੌਧਿਕ ਅਤੇ ਵਿਕਾਸ ਸੰਬੰਧੀ ਅਸਮਰੱਥਤਾਵਾਂ ਵਾਲੇ ਵਿਅਕਤੀਆਂ ਲਈ ਇੱਕ ਸਹਾਇਕ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸੰਸਥਾ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਪ੍ਰਸ਼ਾਸਕ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਸਕੱਤਰ ਸਿਹਤ ਅਜੈ ਚਗਤੀ, ਡਾਇਰੈਕਟਰ ਪ੍ਰਿੰਸੀਪਲ ਜੀਐਮਸੀਐਚ-32 ਡਾਕਟਰ ਏਕੇ ਅੱਤਰੀ, ਜੀਆਰਆਈਆਈਡੀ ਦੇ ਸੰਯੁਕਤ ਡਾਇਰੈਕਟਰ ਡਾ. ਅਜੀਤ ਸਿਡਾਨਾ ਅਤੇ ਹੋਰ ਫੈਕਲਟੀ ਮੈਂਬਰ ਸਹਿਬਾਨ ਹਾਜ਼ਰ ਸਨ।