For the best experience, open
https://m.punjabitribuneonline.com
on your mobile browser.
Advertisement

ਖ਼ਜ਼ਾਨਾ ਭਰਨ ਲਈ ਚਾਰਾਜ਼ੋਈ ਕਰਨ ਲੱਗਾ ਚੰਡੀਗੜ੍ਹ ਪ੍ਰਸ਼ਾਸਨ

07:53 AM Oct 22, 2024 IST
ਖ਼ਜ਼ਾਨਾ ਭਰਨ ਲਈ ਚਾਰਾਜ਼ੋਈ ਕਰਨ ਲੱਗਾ ਚੰਡੀਗੜ੍ਹ ਪ੍ਰਸ਼ਾਸਨ
ਚੰਡੀਗੜ੍ਹ ਦੇ ਸਕੱਤਰੇਤ ਵਿੱਚ ਸੋਮਵਾਰ ਨੂੰ ‘ਨੇਕੀ ਦੀ ਦੀਵਾਰ’ ਦੀ ਸ਼ੁਰੂਆਤ ਕਰਦੇ ਹੋਏ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ। -ਫੋਟੋ: ਵਿੱਕੀ ਘਾਰੂ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 21 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਪਿਛਲੇ ਕਈ ਮਹੀਨਿਆਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੇਅਰ ਨੇ ਨਿਗਮ ਹਾਊਸ ਦੀ ਭਲਕੇ ਮੀਟਿੰਗ ਸੱਦੀ ਹੈ, ਜਿਸ ਵਿੱਚ ਇਸ ਵਿੱਤੀ ਸੰਕਟ ਨਾਲ ਨਜਿੱਠਣ ਲਈ ਵਿਚਾਰ-ਚਰਚਾ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਉਣ ਵਾਲੀ 24 ਅਕਤੂਬਰ ਨੂੰ ਮੀਟਿੰਗ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਨਗਰ ਨਿਗਮ ਦੀ ਵਿੱਤੀ ਹਾਲਤ ਬਾਰੇ ਚਰਚਾ ਕੀਤੀ ਜਾਵੇਗੀ, ਇਸ ਵਿੱਚ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ਮੇਅਰ ਕੁਲਦੀਪ ਕੁਮਾਰ ਵੀ ਸ਼ਿਰਕਤ ਕਰ ਸਕਦੇ ਹਨ। ਸੂਤਰਾਂ ਅਨੁਸਾਰ ਇਸ ਮੀਟਿੰਗ ਦੇ ਮੱਦੇਨਜ਼ਰ ਨਗਰ ਨਿਗਮ ਨੇ ਆਪਣੇ ਸਾਰੇ ਖਰਚਿਆਂ ਅਤੇ ਆਮਦਨ ਦੇ ਸਰੋਤਾਂ ਦਾ ਹਿਸਾਬ-ਕਿਤਾਬ ਤਿਆਰ ਕਰ ਲਿਆ ਹੈ, ਜਿਸ ਨੂੰ ਮੀਟਿੰਗ ਵਿੱਚ ਪ੍ਰਸ਼ਾਸਕ ਅੱਗੇ ਰੱਖਿਆ ਜਾਵੇਗਾ।
ਉਧਰ ਮੇਅਰ ਕੁਲਦੀਪ ਕੁਮਾਰ ਨੇ ਨਗਰ ਨਿਗਮ ਹਿੱਸੇ ਦੀ ਭਲਕੇ ਦੁਪਹਿਰ ਬਾਅਦ ਦੋ ਵਜੇ ਵਿਸ਼ੇਸ਼ ਮੀਟਿੰਗ ਸੱਦ ਲਈ ਹੈ ਅਤੇ ਇਸ ਮੀਟਿੰਗ ਵਿੱਚ ਨਗਰ ਨਿਗਮ ਦੀ ਵਿੱਤੀ ਹਾਲਤ ਬਾਰੇ ਚਰਚਾ ਕੀਤੀ ਜਾ ਸਕਦੀ ਹੈ। ਮੇਅਰ ਕੁਲਦੀਪ ਕੁਮਾਰ ਨੇ ਦੱਸਿਆ ਕਿ ਮਾਲੀ ਸਾਲ 2024-25 ਲਈ ਨਿਗਮ ਦਾ ਕੁੱਲ ਖਰਚਾ ਕਰੀਬ 1110 ਕਰੋੜ ਰੁਪਏ ਹੈ, ਪਰ ਆਪਣੀ ਕਮਾਈ ਅਤੇ ਪ੍ਰਸ਼ਾਸਨ ਤੋਂ ਮਿਲੀਆਂ ਗ੍ਰਾਟਾਂ ਵਿੱਚੋਂ ਕਰੀਬ 910 ਕਰੋੜ ਰੁਪਏ ਹੀ ਜੁਟਾ ਸਕੇ ਹਨ। ਨਿਗਮ ਨੂੰ ਲਗਪਗ ਹੋਰ 200 ਕਰੋੜ ਰੁਪਏ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਿਗਮ ਨੂੰ ਇਹ 200 ਕਰੋੜ ਰੁਪਏ ਨਾ ਮਿਲੇ ਤਾਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਮੁਸ਼ਕਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਕ ਨਾਲ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਸਕਾਰਾਤਮਕ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਸ਼ਾਸਕ ਵਿੱਤੀ ਸੰਕਟ ਦਾ ਨੋਟਿਸ ਲੈ ਕੇ ਨਿਗਮ ਨੂੰ ਇਸ ਵਿੱਚੋਂ ਬਾਹਰ ਕੱਢਣਗੇ।
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸੋਢੀ ਨੇ ਨਿਗਮ ਹਾਊਸ ਦੀ ਪਿਛਲੀ ਮੀਟਿੰਗ ਵਿੱਚ ਸਦਨ ਨੂੰ ਦੱਸਿਆ ਸੀ ਕਿ ਨਿਗਮ ਦੀ ਹਰ ਮਹੀਨੇ ਪ੍ਰਤੀਬੱਧ ਦੇਣਦਾਰੀ ਕਰੀਬ 70 ਕਰੋੜ ਰੁਪਏ ਹੈ। ਇਸ ਵਿੱਚ ਕਰਮਚਾਰੀਆਂ ਦੀਆਂ ਤਨਖਾਹਾਂ, ਪੈਨਸ਼ਨ ਅਤੇ ਹੋਰ ਲਾਜ਼ਮੀ ਬਿੱਲਾਂ ਦਾ ਭੁਗਤਾਨ ਸ਼ਾਮਲ ਹੈ। ਵਾਰਡਾਂ ਦੇ ਵਿਕਾਸ ਕਾਰਜਾਂ ’ਤੇ ਹੋਣ ਵਾਲਾ ਖਰਚਾ ਵੱਖਰਾ ਹੈ। ਇਨ੍ਹੀਂ ਦਿਨੀਂ ਨਿਗਮ ਦੀ ਹਾਲਤ ਅਜਿਹੀ ਬਣੀ ਹੋਈ ਹੈ ਕਿ ਇਸ ਦੇ ਅਧਿਕਾਰ ਖੇਤਰ ਵਿਚ ਆਉਂਦੀਆਂ ਕਈ ਸੜਕਾਂ ਦੀ ਹਾਲਤ ਖਰਾਬ ਹੈ ਪਰ ਫੰਡਾਂ ਦੀ ਘਾਟ ਕਾਰਨ ਉਹ ਇਨ੍ਹਾਂ ਨੂੰ ਬਣਾਉਣ ਦੇ ਸਮਰੱਥ ਨਹੀਂ ਹਨ। ਕੁਝ ਦਿਨ ਪਹਿਲਾਂ ਮੇਅਰ ਕੁਲਦੀਪ ਕੁਮਾਰ ਨੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨਾਲ ਮੁਲਾਕਾਤ ਕਰਕੇ ਸੜਕਾਂ ਦੀ ਮੁਰੰਮਤ ਲਈ 54 ਕਰੋੜ ਰੁਪਏ ਦੀ ਮੰਗ ਕੀਤੀ ਸੀ। ਨਿਗਮ ਸ਼ਹਿਰ ਦੀਆਂ 2000 ਕਿਲੋਮੀਟਰ ਸੜਕਾਂ ਅਤੇ ਪਾਰਕਿੰਗ ਖੇਤਰਾਂ ਦਾ ਰੱਖ-ਰਖਾਅ ਕਰਦਾ ਹੈ। ਇਨ੍ਹਾਂ ਵਿੱਚੋਂ 270 ਕਿਲੋਮੀਟਰ ਸੜਕਾਂ ਅਤੇ ਪਾਰਕਿੰਗ ਸਥਾਨਾਂ ਦੀ ਤੁਰੰਤ ਮੁਰੰਮਤ ਦੀ ਲੋੜ ਹੈ, ਇਸ ਲਈ ਕਰੀਬ 54 ਕਰੋੜ ਰੁਪਏ ਦੀ ਲੋੜ ਹੈ।

Advertisement

ਸਿਟੀ ਬਿਊਟੀਫੁੱਲ ਨੂੰ ਭਿਖਾਰੀ ਮੁਕਤ ਕਰਨ ਲਈ ਜਾਗਰੂਕਤਾ ਮੁਹਿੰਮ ਵਿੱਢੀ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਯੂਟੀ ਪ੍ਰਸ਼ਾਸਨ ਨੇ ਸਿਟੀ ਬਿਊਟੀਫੁੱਲ ਨੂੰ ਭਿਖਾਰੀ ਮੁਕਤ ਬਣਾਉਣ ਲਈ ਅੱਠ ਰੋਜ਼ਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੇ ਯੂਟੀ ਸਕੱਤਰੇਤ ਤੋਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਭਿਖਾਰੀਆਂ ਤੋਂ ਮੁਕਤ ਕਰਨ ਲਈ ਲੋੜਵੰਦਾਂ ਦੀ ਮਦਦ ਕਰਨ ਦੇ ਵੱਖ-ਵੱਖ ਢੰਗ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 21 ਤੋਂ 28 ਅਕਤੂਬਰ ਤੱਕ ਚੰਡੀਗੜ੍ਹ ਵਿੱਚ ‘ਨੇਕੀ ਦੀ ਦੀਵਾਰ’ ਨੂੰ ਵੱਖ-ਵੱਖ ਥਾਵਾਂ ’ਤੇ ਲਗਾਇਆ ਜਾਵੇਗਾ। ਇਸ ਦੀਵਾਰ ਨੂੰ ਨਾਰੀ ਨਿਕੇਤਨ, ਸੈਕਟਰ-26 ਵਰਿੱਦ ਆਸ਼ਰਮ, ਸੈਕਟਰ-15 ਤੇ 43 ਵਿਚਲੇ ਸਨੇਹਾਲੇ ਤੇ ਸੈਕਟਰ-39 ਵਿੱਚ ਲਗਾਇਆ ਜਾਵੇਗਾ। ਜਿੱਥੇ ਸ਼ਹਿਰ ਵਾਸੀ ਕਪੜੇ, ਖਾਣ ਦਾ ਸਾਮਾਨ, ਜੂਤੇ ਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਦਾਨ ਕਰ ਸਕਦੇ ਹਨ।

Advertisement

ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ ਨਗਰ ਨਿਗਮ ਨੇ ਸਿੰਗਲ ਯੂਜ਼ ਪਲਾਸਟਿਕ ਬੈਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ, ਵਪਾਰੀਆਂ ਅਤੇ ਨਾਗਰਿਕਾਂ ’ਤੇ ਭਾਰੀ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਬਾਰੇ ਲਾਗੂ ਨਿਯਮਾਂ ਤਹਿਤ, ਸਿੰਗਲ-ਯੂਜ਼ ਪਲਾਸਟਿਕ ਬੈਨ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ’ਤੇ ਪਹਿਲੀ ਵਾਰ ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਦੇ ਨਾਲ-ਨਾਲ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ, ਜਿਸ ਤਹਿਤ ਡਿਫਾਲਟਰਾਂ ਦੇ ਕਾਰੋਬਾਰਾਂ ਨੂੰ ਅਸਥਾਈ ਜਾਂ ਸਥਾਈ ਤੌਰ ’ਤੇ ਬੰਦ ਵੀ ਕਰਨਾ ਸ਼ਾਮਲ ਹੈ। ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਨਿਗਮ ਆਪਣੇ ਵਸਨੀਕਾਂ ਲਈ ਸਾਫ਼-ਸੁਥਰੇ ਅਤੇ ਟਿਕਾਊ ਭਵਿੱਖ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੰਗਲ-ਯੂਜ਼ ਪਲਾਸਟਿਕ ਬੈਨ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨਾਗਰਿਕਾਂ ਨੂੰ ਖਰੀਦਦਾਰੀ ਕਰਨ ਵੇਲੇ ਆਪਣੇ ਕੱਪੜੇ ਦੇ ਬੈਗ ਲਿਆ ਕੇ ਇਸ ਯਤਨ ਦਾ ਸਮਰਥਨ ਕਰਨ ਲਈ ਜ਼ੋਰਦਾਰ ਅਪੀਲ ਕੀਤੀ ਹੈ।

Advertisement
Author Image

Advertisement