ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫਰਨੀਚਰ ਮਾਰਕੀਟ ਢਾਹੁਣ ਦੀ ਤਿਆਰੀ
ਮੁਕੇਸ਼ ਕੁਮਾਰ
ਚੰਡੀਗੜ੍ਹ, 23 ਜੂਨ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਮਾਰਕੀਟ ਵਿੱਚ 28 ਜੂਨ ਨੂੰ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਉਹ ਖੁਦ ਦੁਕਾਨਾਂ ਹਟਾ ਕੇ ਸਰਕਾਰੀ ਜ਼ਮੀਨ ਖਾਲੀ ਕਰ ਦੇਣ ਨਹੀਂ ਤਾਂ ਪ੍ਰਸ਼ਾਸਨ ਵਲੋਂ 28 ਜੂਨ ਨੂੰ ਦੁਕਾਨਾਂ ਢਾਹ ਦਿੱਤੀਆਂ ਜਾਣਗੀਆਂ ਤੇ ਇਸ ਕਾਰਵਾਈ ਦਾ ਖਰਚਾ ਵੀ ਸਬੰਧਤ ਦੁਕਾਨਦਾਰਾਂ ਤੋਂ ਵਸੂਲਿਆ ਜਾਵੇਗਾ। ਜਾਣਕਾਰੀ ਅਨੁਸਾਰ ਇਹ ਮਾਰਕੀਟ 10 ਹਜ਼ਾਰ ਲੋਕਾਂ ਲਈ ਰੋਜ਼ੀ-ਰੋਟੀ ਦਾ ਸਾਧਨ ਹੈ। ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸ ’ਚ ਕਿਹਾ ਗਿਆ ਹੈ ਕਿ ਪਿੰਡ ਬਡਹੇੜੀ ਅਧੀਨ ਅਉਂਦੀ ਇਹ ਜ਼ਮੀਨ ਜਨਤਕ ਉਦੇਸ਼ ਭਾਵ ਚੰਡੀਗੜ੍ਹ ਦੇ ਫੇਜ਼-3 ਖੇਤਰ ਦੇ ਵਿਕਾਸ ਲਈ ਐਕੁਆਇਰ ਕੀਤੀ ਗਈ ਹੈ। ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਜ਼ਮੀਨ ਦੇ ਮਾਲਕਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਇਥੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਨੋਟਿਸ ਵਿੱਚ 28 ਜੂਨ ਤੱਕ ਆਪਣੇ ਪੱਧਰ ’ਤੇ ਗੈਰ-ਕਾਨੂੰਨੀ ਢਾਂਚੇ ਢਾਹੁਣ ਦੇ ਆਦੇਸ਼ ਦਿੱਤੇ ਗਏ ਹਨ।
ਮਾਰਬਲ ਕਮੇਟੀ ਦੀ ਤਰਜ਼ ’ਤੇ ਬਦਲਵੀਂ ਥਾਂ ਮੰਗੀ
ਫਰਨੀਚਰ ਮਾਰਕੀਟ ਐਸੋਸੀਏਸ਼ਨ ਸੈਕਟਰ-53 ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਦੱਸਿਆ ਕਿ ਮਾਰਕੀਟ ਹਰ ਸਾਲ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਇਥੇ ਮਾਰਕੀਟ ਵਿੱਚ 116 ਦੁਕਾਨਾਂ ਹਨ ਜੋ ਪਿਛਲੇ ਲਗਪਗ 38 ਸਾਲਾਂ ਤੋਂ ਚਲ ਰਹੀਆਂ ਹਨ ਅਤੇ ਹੁਣ ਪ੍ਰਸ਼ਾਸਨ ਅਚਾਨਕ ਉਨ੍ਹਾਂ ਨੂੰ ਤਬਾਹ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾਰਬਲ ਮਾਰਕੀਟ ਨੂੰ ਬਦਲਵੀਂ ਥਾਂ ਦਿੱਤੀ ਗਈ ਹੈ, ਉਸੇ ਤਰਜ਼ ’ਤੇ ਫਰਨੀਚਰ ਮਾਰਕੀਟ ਨੂੰ ਵੀ ਥਾਂ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮਾਰਕੀਟ 1986 ਤੋਂ ਸਥਾਪਿਤ ਹੈ। ਉਨ੍ਹਾਂ ਦੀ ਐਸੋਸੀਏਸ਼ਨ ਰਜਿਸਟਰਡ ਹੈ ਪਰ ਫਿਰ ਵੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਾਰਕੀਟ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ।