ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਦੀ 2298 ਏਕੜ ਜ਼ਮੀਨ ਦੱਬੀ: ਵਿਨੀਤ ਜੋਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਨਵੰਬਰ
ਪੰਜਾਬ ਦਾ ਆਪਣੀ ਰਾਜਧਾਨੀ ਚੰਡੀਗੜ੍ਹ ਤੋਂ ਦਿਨ ਪ੍ਰਤੀ ਦਿਨ ਅਧਿਕਾਰ ਘੱਟਦਾ ਜਾ ਰਿਹਾ ਹੈ, ਦੂਜੇ ਪਾਸੇ ਚੰਡੀਗੜ੍ਹ ਵੱਲੋਂ ਪੰਜਾਬ ਦੇ ਸਰੋਤਾਂ ’ਤੇ ਵੀ ਡਾਕੇ ਮਾਰੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ‘ਨਵਾਂਗਰਾਓਂ ਘਰ ਬਚਾਓ ਮੰਚ’ ਦੇ ਚੇਅਰਮੈਨ ਤੇ ਭਾਜਪਾ ਆਗੂ ਵਿਨੀਤ ਜੋਸ਼ੀ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਜੋਸ਼ੀ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੀ 2298 ਏਕੜ ਜ਼ਮੀਨ ’ਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਦੱਬੀ ਜ਼ਮੀਨ ਨੂੰ ਖਾਲੀ ਕਰਵਾਇਆ ਜਾਵੇ। ਜੋਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੁਖਨਾ ਵਣ-ਜੀਵ ਸੁਰੱਖਿਆ ਲਈ 100 ਮੀਟਰ ਦੇ ਈਕੋ ਸੈਂਸਟਿਵ ਜ਼ੋਨ ਦੇ ਦਾਇਰੇ ਨੂੰ ਵਧਾ ਕੇ ਤਿੰਨ ਕਿਲੋਮੀਟਰ ਕਰਨ ਦੀ ਤਿਆਰੀ ਖਿੱਚ ਲਈ ਹੈ ਪਰ ਪੰਜਾਬ ਦੀ 2298 ਏਕੜ ਜ਼ਮੀਨ ’ਤੇ ਚੰਡੀਗੜ੍ਹ ਵੱਲੋਂ ਕੀਤਾ ਨਾਜਾਇਜ਼ ਕਬਜ਼ਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕਾਂਸਲ ਦੀ 2298 ਏਕੜ ਜ਼ਮੀਨ ਨੂੰ ਗੈਰਕਾਨੂੰਨੀ ਤਰੀਕੇ ਨਾਲ ਜੰਗਲ ਐਲਾਨਣ ਦੇ ਨਾਲ-ਨਾਲ ਸੁਖਨਾ ਵਾਇਲਡ ਲਾਈਫ਼ ਸੈਂਚੁਰੀ ਐਲਾਨ ਦਿੱਤਾ। ਇਸ ਕਬਜ਼ੇ ਕਰਕੇ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਦੇ ਪਿੰਡ ਕਾਂਸਲ ਵਿੱਚ ਸੀਵਰੇਜ ਲਾਈਨ ਪਾਉਣ ਸਣੇ ਹੋਰਨਾਂ ਵਿਕਾਸ ਦੇ ਕੰਮਾਂ ਵਿੱਚ ਰੁਕਾਵਟ ਖੜ੍ਹੀ ਹੋ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਚੰਡੀਗੜ੍ਹ ਦੀ ਸਥਾਪਨਾ ਸਮੇਂ ਉਸ ਜ਼ਮੀਨ ਨੂੰ ਭੂਮੀ ਸੰਭਾਲ ਲਈ ਐਕੁਆਇਰ ਕੀਤਾ ਗਿਆ ਸੀ, ਜਿਸ ਦੀ ਦੇਖ-ਰੇਖ ਕੁਝ ਸਮੇਂ ਲਈ ਚੰਡੀਗੜ੍ਹ ਨੂੰ ਦਿੱਤੀ ਗਈ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਗਲਤ ਢੰਗ ਨਾਲ ਜ਼ਮੀਨ ਨੂੰ ਜੰਗਲ ਐਲਾਨ ਦਿੱਤਾ।