ਚੰਡੀਗੜ੍ਹ ਦੇ ‘ਆਪ’ ਆਗੂ ਤੇ ਸਾਬਕਾ ਮੇਅਰ ਪ੍ਰਦੀਪ ਛਾਬੜਾ ਦਾ ਦੇਹਾਂਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਜੁਲਾਈ
ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਪ੍ਰਦੀਪ ਛਾਬੜਾ (65) ਦਾ ਅੱਜ ਪੀਜੀਆਈ ਵਿੱਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਦੋ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਇਲਾਜ ਲਈ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਦੇਹਾਂਤ ਹੋ ਗਿਆ ਹੈ। ਪ੍ਰਦੀਪ ਛਾਬੜਾ ਦੇ ਦੋ ਧੀਆਂ ਹਨ। ਉਨ੍ਹਾਂ ਦਾ ਸ਼ਾਮ ਸਮੇਂ ਚੰਡੀਗੜ੍ਹ ਦੇ ਸੈਕਟਰ-25 ਵਿੱਚ ਸਥਿਤ ਸ਼ਮਸ਼ਾਨਘਾਟ ਵਿੱਚ ਸਸਕਾਰ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਤੇ ਅਰੁਣ ਸੂਦ, ‘ਆਪ’ ਆਗੂ ਪ੍ਰੇਮ ਗਰਗ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਰਾਜਸੀ ਤੇ ਸਮਾਜਿਕ ਆਗੂ ਮੌਜੂਦ ਰਹੇ, ਇਨ੍ਹਾਂ ਨੇ ਛਾਬੜਾ ਨੂੰ ਸ਼ਰਧਾਂਜਲੀ ਦਿੱਤੀ।
‘ਆਪ’ ਦੇ ਸੀਨੀਅਰ ਆਗੂ ਸ੍ਰੀ ਛਾਬੜਾ ਦੇ ਦੇਹਾਂਤ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਅਕਾਊਂਟ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਲੱਕੀ ਨੇ ਕਿਹਾ ਕਿ ਛਾਬੜਾ ਨੇ ਕਾਂਗਰਸ ਪਾਰਟੀ ਲਈ ਲੰਬਾ ਸਮਾਂ ਸੇਵਾ ਕੀਤੀ ਹੈ। ਲੋਕ ਸਭਾ ਚੋਣਾਂ ਦੌਰਾਨ ਵੀ ਛਾਬੜਾ ਨੇ ਮਨੀਸ਼ ਤਿਵਾੜੀ ਲਈ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ।
ਦੱਸਣਯੋਗ ਹੈ ਕਿ ਪ੍ਰਦੀਪ ਛਾਬੜਾ ਮੌਜੂਦਾ ਸਮੇਂ ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ ਸਾਲ 1990 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ, ਜੋ ਤਿੰਨ ਵਾਰ ਕੌਂਸਲਰ ਅਤੇ ਇਕ ਵਾਰ ਸ਼ਹਿਰ ਦੇ ਮੇਅਰ ਵੀ ਰਹੇ ਸਨ। ਉਸ ਤੋਂ ਬਾਅਦ ਸ੍ਰੀ ਛਾਬੜਾ ਨੂੰ ਚੰਡੀਗੜ੍ਹ ਕਾਂਗਰਸ ਦਾ ਪ੍ਰਧਾਣ ਵੀ ਬਣਾਇਆ ਗਿਆ। ਕਾਂਗਰਸ ਪਾਰਟੀ ਨੇ ਚਾਰ ਸਾਲ ਪਹਿਲਾਂ ਸ੍ਰੀ ਛਾਬੜਾ ਨੂੰ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ, ਜਿਸ ਤੋਂ ਬਾਅਦ ਉਹ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।