ਗਿੱਦੜਬਾਹਾ ’ਚ ਕਰੀਬ ਤਿੰਨ ਦਹਾਕੇ ਪਹਿਲਾਂ ਵਾਲਾ ‘ਚੋਣ ਦੰਗਲ’ ਹੋਣ ਦੇ ਆਸਾਰ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ
ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਜ਼ਿਮਨੀ ਚੋਣਾਂ 13 ਨਵੰਬਰ ਨੂੰ ਕਰਵਾਉਣ ਦੇ ਐਲਾਨ ਮਗਰੋਂ ਚੋਣ ਦੰਗਲ ਭਖ਼ ਗਿਆ ਹੈ। ਜੂਨ 1995 ਵਿੱਚ ਗਿੱਦੜਬਾਹਾ ਵਿੱਚ ਜ਼ਿਮਨੀ ਚੋਣ ਹੋਈ ਸੀ, ਜੋ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਦੀਪਕ ਗਰਗ ਨੂੰ 2115 ਵੋਟਾਂ ਨਾਲ ਹਰਾ ਕੇ ਜਿੱਤੀ ਸੀ। ਉਸ ਵੇਲੇ ਇਹ ਸੀਟ ਗਿੱਦੜਬਾਹਾ ਦੇ ਵਿਧਾਇਕ ਰਘਬੀਰ ਸਿੰਘ ਨੂੰ ਅਦਾਲਤੀ ਫੈਸਲੇ ਕਾਰਨ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਸੀ। ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਚੋਣ ਜਿੱਤਣ ਲਈ ਸਾਰਾ ਮੰਤਰੀ ਮੰਡਲ ਗਿੱਦੜਬਾਹਾ ਦੇ ਪਿੰਡਾਂ ਵਿੱਚ ਬਿਠਾ ਦਿੱਤਾ ਸੀ। ਇਸ ਨਾਲ ਇੱਕ ਤਾਂ ਉਹ ਬਾਦਲ ਨੂੰ ਉਸ ਦੇ ਆਪਣੇ ਹੀ ਹਲਕੇ ’ਚ ਹਰਾ ਕੇ ਖਤਮ ਕਰਨਾ ਚਾਹੁੰਦੇ ਸਨ ਤੇ ਦੂਜਾ, ਖਾੜਕੂਵਾਦ ਤੋਂ ਬਾਅਦ ਕਾਂਗਰਸ ਦੀ ਵਧਦੀ ਮਕਬੂਲੀਅਤ ਨੂੰ ਸਾਬਿਤ ਕਰਨਾ ਚਾਹੁੰਦੇ ਸਨ। ਉਸ ਵੇਲੇ ਅਕਾਲੀ ਦਲ ਤੇ ਕਾਂਗਰਸ ਵਿੱਚ ਸਿੱਧਾ ਮੁਕਾਬਲਾ ਸੀ।
29 ਸਾਲ ਬਾਅਦ ਫਿਰ ਗਿੱਦੜਬਾਹਾ ਵਿੱਚ ਇਸੇ ਤਰ੍ਹਾਂ ਦਾ ਚੋਣ ਦੰਗਲ ਵੇਖਣ ਨੂੰ ਮਿਲ ਰਿਹਾ ਹੈ। ਹੁਣ ਇਹ ਮੁਕਾਬਲਾ ‘ਆਪ’, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਪੰਥਕ ਧਿਰਾਂ ਵਿਚਾਲੇ ਹੈ। ਇਹ ਸੀਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਦੀ ਚੋਣ ਜਿੱਤਣ ਮਗਰੋਂ ਖਾਲੀ ਹੋਈ ਹੈ। 1995 ਦੀ ਜ਼ਿਮਨੀ ਚੋਣ ਵਾਂਗ ਹੀ ਮੁੱਖ ਮੰਤਰੀ ਭਗਵੰਤ ਮਾਨ ਇਹ ਚੋਣ ਜਿੱਤਣ ਲਈ ਕਈ ਮਹੀਨਿਆਂ ਤੋਂ ਦਾ ਜ਼ੋਰ ਲਾ ਰਹੇ ਹਨ। ਉਨ੍ਹਾਂ ਸੁਖਬੀਰ ਬਾਦਲ ਦੇ ਖਾਸਮਖਾਸ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ‘ਆਪ’ ਵਿੱਚ ਲਿਆ ਕੇ ਕਰੋੜਾਂ ਰੁਪਏ ਦੇ ਫੰਡ ਵੀ ਜਾਰੀ ਕੀਤੇ ਹਨ। ਡਿੰਪੀ ਢਿੱਲੋਂ ਇੱਥੋਂ ਤਿੰਨ ਵਾਰ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ। ਇਹ ਚੋਣ ਉਨ੍ਹਾਂ ਦੇ ਸਿਆਸੀ ਭਵਿੱਖ ਲਈ ਬਹੁਤ ਅਹਿਮ ਹੈ। ਦੂਜੇ ਪਾਸੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ, ਆਪਣੀ ਪਤਨੀ ਨੂੰ ਇਥੋਂ ਚੋਣ ਲੜਾਉਣ ਲਈ ਉਤਸੁਕ ਹਨ। ਪੰਚਾਇਤ ਚੋਣਾਂ ਦੌਰਾਨ ‘ਰਾਜ ਚੋਣ ਕਮਿਸ਼ਨ’ ਵੱਲੋਂ 20 ਪਿੰਡਾਂ ਦੀਆਂ ਚੋਣਾਂ ਰੱਦ ਕਰਨ ਨਾਲ ਗਿੱਦੜਬਾਹਾ ’ਚ ਉਨ੍ਹਾਂ ਦਾ ਸਿਆਸੀ ਅਧਾਰ ਕਾਫੀ ਮਜ਼ਬੂਤ ਹੋਇਆ ਹੈ। ਗਿੱਦੜਬਾਹਾ, ਲੋਕ ਸਭਾ ਹਲਕਾ ਫਰੀਦਕੋਟ ਵਿੱਚ ਪੈਂਦਾ ਹੈ, ਜਿੱਥੋਂ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ 70,053 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ, ਇਸ ਕਰਕੇ ਪੰਥਕ ਧਿਰਾਂ ਦਾ ਵੀ ਇਸ ਹਲਕੇ ’ਚ ਅਸਰ ਹੈ। ਉਧਰ, ਡੀਸੀ ਰਾਜੇਸ਼ ਤ੍ਰਿਪਾਠੀ ਅਤੇ ਜ਼ਿਲ੍ਹਾ ਪੁਲੀਸ ਮੁਖੀ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਗਿੱਦੜਬਾਹਾ ਜ਼ਿਮਨੀ ਚੋਣ ਲਈ ਪ੍ਰਬੰਧ ਮੁਕੰਮਲ ਹਨ।