For the best experience, open
https://m.punjabitribuneonline.com
on your mobile browser.
Advertisement

ਮੈਦਾਨਾਂ ’ਚ ਠੰਢ ਤੋਂ ਫੌਰੀ ਰਾਹਤ ਮਿਲਣ ਦੇ ਆਸਾਰ ਮੱਧਮ

09:32 AM Jan 14, 2024 IST
ਮੈਦਾਨਾਂ ’ਚ ਠੰਢ ਤੋਂ ਫੌਰੀ ਰਾਹਤ ਮਿਲਣ ਦੇ ਆਸਾਰ ਮੱਧਮ
ਬਰਨਾਲਾ ਸ਼ਹਿਰ ’ਚ ਇੱਕ ਦੁਕਾਨ ’ਤੇ ਰੂਮ ਹੀਟਰ ਖਰੀਦਦੇ ਹੋਏ ਲੋਕ।
Advertisement

ਸ਼ਗਨ ਕਟਾਰੀਆ
ਬਠਿੰਡਾ, 13 ਜਨਵਰੀ
ਮੈਦਾਨੀ ਖੇਤਰਾਂ ’ਚ ਸਰਦ ਮਿਜ਼ਾਜ ਸਦਕਾ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਤਾਪਮਾਨ ’ਚ ਲਗਪਗ ਸਮਾਨਤਾ ਆ ਗਈ ਹੈ। ਹੱਡ ਜਰਕਾਉਂਦੀ ਸਰਦੀ ਦੇ ਨਾਲ ਮੀਂਹ ਵਾਂਗ ਡਿੱਗਦੀ ਧੁੰਦ ਨੇ ਆਮ ਜਨਜੀਵਨ ਦੀ ਰਫ਼ਤਾਰ ਨੂੰ ਬਰੇਕਾਂ ਲਾ ਦਿੱਤੀਆਂ ਹਨ। ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਨੇ ਮਾਲਵਾ ਖਿੱਤੇ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਸੀ ਪਰ ਬਾਅਦ ਦੁਪਹਿਰ ਵਿਖਾਈ ਦਿੱਤੇ ਸੂਰਜ ਨੇ ਦੋ ਕੁ ਘੰਟਿਆਂ ਲਈ ਠੁਰ-ਠੁਰ ਕਰਦੇ ਲੋਕਾਂ ਨੂੰ ਮਾਮੂਲੀ ਰਾਹਤ ਦਿੱਤੀ। ਮੌਸਮ ਦੇ ਜਾਣਕਾਰਾਂ ਅਨੁਸਾਰ 14-15 ਜਨਵਰੀ ਨੂੰ ਪੰਜਾਬ ’ਚ ਪਾਰਾ ਹੋਰ ਹੇਠਾਂ ਖਿਸਕ ਸਕਦਾ ਹੈ। ਪੋਹ ਮਹੀਨੇ ਦੇ ਅੱਜ ਆਖ਼ਰੀ ਦਿਨ ਪੰਜਾਬ ਭਰ ’ਚੋਂ 3.8 ਡਿਗਰੀ ਸੈਲਸੀਅਸ ਸਦਕਾ ਘੱਟੋ-ਘੱਟ ਤਾਪਮਾਨ ਨਾਲ ਮਾਝੇ ਦਾ ਸ਼ਹਿਰ ਗੁਰਦਾਸਪੁਰ ਸਭ ਤੋਂ ਠੰਢਾ ਰਿਹਾ। ਇਸ ਤੋਂ ਵੱਧ ਤਾਪਮਾਨ ਮਾਲਵੇ ਦੀ ਧੁੰਨੀ ਅਖਵਾਉਂਦੇ ਬਠਿੰਡਾ ਸ਼ਹਿਰ ਦਾ 4.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਉੱਪਰ ਲੁਧਿਆਣਾ 4.9, ਫ਼ਰੀਦਕੋਟ 5.0, ਪਟਿਆਲਾ, ਬੱਲ੍ਹੋਵਾਲ ਸੌਂਖੜੀ ਤੇ ਬਲਾਚੌਰ 5.4, ਪਠਾਨਕੋਟ 6.6, ਚੰਡੀਗੜ੍ਹ 6.8, ਅੰਮ੍ਰਿਤਸਰ 7.2, ਮੁਹਾਲੀ 7.5 ਅਤੇ ਸਮਰਾਲਾ ਦਾ ਹੇਠਲਾ ਤਾਪਮਾਨ 7.9 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਖਾਸ ਗੱਲ ਇਹ ਵੀ ਸੀ ਕਿ ਦਿੱਲੀ ’ਚ ਅੱਜ ਤਾਪਮਾਨ 3.6 ਡਿਗਰੀ ਹੀ ਰਿਹਾ। ਮੌਸਮ ਮਾਹਿਰਾਂ ਨੇ 19 ਜਨਵਰੀ ਤੱਕ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ 17 ਜਨਵਰੀ ਤੱਕ ਧੁੰਦ ਪੈਂਦੇ ਰਹਿਣ ਦੀ ਚਿਤਾਵਨੀ ਵੀ ਦਿੱਤੀ ਹੈ। ਜਿਨ੍ਹਾਂ ਖੇਤਰਾਂ ’ਚ ਦਿਨ ਵੇਲੇ ਸੂਰਜ ਵਿਖਾਈ ਦੇਵੇਗਾ, ਉਨ੍ਹਾਂ ਖੇਤਰਾਂ ’ਚ ਉਸੇ ਰਾਤ ਧੁੰਦ ਪੈਦਾ ਹੋ ਕੇ ਅਗਲੀ ਸਵੇਰ ਤੱਕ ਪੈਣ ਦੇ ਆਸਾਰ ਬਰਕਰਾਰ ਰਹਿਣਗੇ। ਧੁੰਦ ਉਦੋਂ ਤੱਕ ਪੈਣ ਦੀ ਸੰਭਾਵਨਾ ਰਹੇਗੀ, ਜਦੋਂ ਤੱਕ ਮੀਂਹ ਨਹੀਂ ਪੈਂਦਾ ਜਾਂ ਉੱਤਰ-ਪੱਛਮ ਦਿਸ਼ਾ ਤੋਂ ਲਗਾਤਾਰ 3-4 ਦਿਨ ਹਵਾਵਾਂ ਨਹੀਂ ਰੁਮਕਦੀਆਂ। ਸਿਹਤ ਮਾਹਿਰਾਂ ਵੱਲੋਂ ਠੰਢੇ ਯਖ਼ ਮੌਸਮ ਦੌਰਾਨ ਛਾਤੀ ਤੇ ਦਿਲ ਦੇ ਰੋਗੀਆਂ ਨੂੰ ਆਰਾਮ ਕਰਨ ਅਤੇ ਠੰਢ ਤੋਂ ਬਚਾਅ ਲਈ ਓਹੜ-ਪੋਹੜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਖੇਤੀ ਮਾਹਿਰਾਂ ਵੱਲੋਂ ਕਾਸ਼ਤਕਾਰਾਂ ਨੂੰ ਪਾਣੀ ਮੰਗਦੀਆਂ ਫ਼ਸਲਾਂ ਨੂੰ ਹਲਕਾ ਪਾਣੀ ਦੇਣ ਦਾ ਮਸ਼ਵਰਾ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਧੁੰਦ ਦੇ ਮੱਦੇਨਜ਼ਰ ਲੋਕਾਂ ਨੂੰ ਬਗ਼ੈਰ ਕਿਸੇ ਜ਼ਰੂਰੀ ਕੰਮ ਤੋਂ ਸਫ਼ਰ ਨਾ ਕਰਨ ਦੀ ਰਾਇ ਜਾਰੀ ਕੀਤੀ ਗਈ ਹੈ। ਮੌਸਮ ਦੇ ਜਾਣਕਾਰਾਂ ਅਨੁਸਾਰ ਪੰਜਾਬ ’ਚ ਅਜੇ ਤੱਕ ਕੋਹਰਾ ਪੈਣ ਦੀ ਵੀ ਪ੍ਰਸਥਿਤੀ ਨਹੀਂ ਹੈ।

Advertisement

ਠੰਢ ਤੋਂ ਬਚਣ ਲਈ ਬਿਜਲੀ ਉਪਕਰਨ ਖਰੀਦਣ ਲੱਗੇ ਲੋਕ

ਟੱਲੇਵਾਲ (ਲਖਵੀਰ ਸਿੰਘ ਚੀਮਾ): ਸੂਬੇ ਭਰ ਵਿੱਚ ਹੱਡ ਚੀਰਵੀਂ ਠੰਢ ਦਾ ਕਹਿਰ ਜਾਰੀ ਹੈ। ਠੰਢ ਤੋਂ ਬਚਣ ਲਈ ਜਿੱਥੇ ਲੋਕ ਅੱਗ ਬਾਲ਼ ਕੇ ਸੇਕਦੇ ਹਨ­ ਉਥੇ ਹੀ ਹੁਣ ਮੁਫ਼ਤ ਬਿਜਲੀ ਯੋਜਨਾ ਫ਼ਾਇਦਾ ਲੈਂਦਿਆਂ ਬਿਜਲਈ ਯੰਤਰਾਂ ਦੀ ਵਰਤੋਂ ਵਿੱਚ ਵੀ ਵਾਧਾ ਹੋਇਆ ਹੈ। ਖਾਸ ਕਰਕੇ ਰੂਮ ਹੀਟਰਾਂ ਦੀ ਖਰੀਦ ਪੇਂਡੂ ਲੋਕਾਂ ਵੱਲੋਂ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ। ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਰੂਮ ਹੀਟਰਾਂ­ ਬਿਜਲਈ ਗੀਜਰਾਂ ਅਤੇ ਇੰਡਕਸ਼ਨ ਚੁੱਲ੍ਹਿਆਂ ਦੀ ਵਰਤੋਂ ਵਿਚ ਬੇਤਹਾਸ਼ਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਸਰਦੀਆਂ ਵਿੱਚ ਬਿਜਲੀ ਦੀ ਘੱਟ ਖਪਤ ਦੇ ਚੱਲਦਿਆਂ ਬਹੁ ਗਿਣਤੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ­ ਜਿਸ ਕਰਕੇ ਲੋਕਾਂ ਵਲੋਂ ਮੁਫ਼ਤ ਬਿਜਲੀ ਦਾ ਲਾਹ ਲੈਣ ਕਰਕੇ ਬਿਜਲੀ ਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਘਰਾਂ ਦੇ ਮੁਹਾਂਦਰੇ ਕੋਠੀਨੁਮਾ ਹੋ ਚੁੱਕੇ ਹਨ­ ਜਿਸ ਕਰਕੇ ਚੁੱਲ੍ਹੇ ਬਾਲਣ ਦਾ ਰਿਵਾਜ ਘੱਟ ਗਿਆ ਹੈ। ਲਗਪਗ ਹਰ ਘਰ ਬਿਜਲੀ ਹੀਟਰ ਚੱਲਦੇ ਆਮ ਦੇਖੇ ਜਾ ਸਕਦੇ ਹਨ। ਇਸਤੋਂ ਇਲਾਵਾ ਪਾਣੀ ਗਰਮ ਕਰਨ ਲਈ ਚੁੱਲ੍ਹਿਆਂ ਤੋਂ ਬਾਅਦ ਸ਼ੁਰੂ ਹੋਏ ਦੇਸੀ ਅਤੇ ਗੈਸੀ ਗੀਜਰਾਂ ਨੂੰ ਹਟਾ ਕੇ ਹੁਣ ਬਿਜਲਈ ਗੀਜਰਾਂ ਦੀ ਵਰਤੋਂ ਵੱਧ ਗਈ ਹੈ। ਬਰਨਾਲਾ ਨਿਵਾਸੀ ਪ੍ਰਿੰਦੂ ਮਿੱਤਲ ਨੇ ਕਿਹਾ ਕਿ ਸਰਦੀਆਂ ਵਿੱਚ ਪੱਖੇ­ ਏਸੀ ਆਦਿ ਬੰਦ ਹੋਣ ਕਰਕੇ ਬਿਜਲੀ ਬਹੁਤ ਘੱਟ ਖਪਤ ਹੁੰਦੀ ਹੈ­ ਜਿਸ ਕਰਕੇ ਲੋਕ ਇਸ ਬਿਜਲੀ ਨੂੰ ਹੁਣ ਇਹਨਾਂ ਬਿਜਲਈ ਯੰਤਰਾਂ ਉਪਰ ਖਪਤ ਕਰਕੇ ਖੂਬ ਲਾਹਾ ਖੱਟ ਰਹੇ ਹਨ। ਬਰਨਾਲਾ ਸ਼ਹਿਰ ਦੇ ਵੀਹਾਨ ਇੰਟਰਪ੍ਰਾਈਜਿਜ਼ ਦੇ ਮਾਲਕ ਧੀਰਜ ਕੁਮਾਰ ਨੇ ਦੱਸਿਆ ਕਿ ਪਿਛਲੇ ਵਰਿ੍ਹਆਂ ਦੇ ਮੁਕਾਬਲੇ ਬਿਜਲੀ ਹੀਟਰਾਂ­ ਗੀਜਰਾਂ ਤੇ ਇੰਡਕਸ਼ਨ ਚੁੱਲ੍ਹਿਆਂ ਦੀ ਮੰਗ ਬਹੁਤ ਵਧੀ ਹੈ। ਹੀਟਰਾਂ ਦੀ ਰੋਜ਼ਾਨਾ 10 ਤੋਂ ਵੱਧ ਦੀ ਵਿਕਰੀ ਹੈ। ਜਦਕਿ ਪਾਣੀ ਗਰਮ ਵਾਲੇ ਗੀਜਰ ਅਤੇ ਰਾੜ ਵੀ ਵੱਡੀ ਗਿਣਤੀ ਵਿੱਚ ਲੋਕ ਖਰੀਦ ਰਹੇ ਹਨ। ਦੇਸੀ ਤੋਂ ਲੈ ਕੇ ਮਹਿੰਗੇ ਬ੍ਰਾਂਡ ਵੀ ਵਿਕ ਰਹੇ ਹਨ। ਹੀਟਰ 300 ਤੋਂ 10 ਹਜ਼ਾਰ ਦੀ ਕੀਮਤ ਦੇ ਵਿਕ ਰਹੇ ਹਨ।

Advertisement

Advertisement
Author Image

Advertisement