Champions Trophy ਰਚਿਨ ਰਵਿੰਦਰਾ ਦੇ ਸੈਂਕੜੇ ਨਾਲ ਨਿਊਜ਼ੀਲੈਂਡ ਸੈਮੀਫਾਈਨਲ ਵਿਚ
ਰਾਵਲਪਿੰਡੀ, 24 ਫਰਵਰੀ
Rachin Ravindra ਰਚਿਨ ਰਵਿੰਦਰਾ(112) ਦੇ ਸੈਂਕੜੇ ਤੇ Tom Latham ਟੌਮ ਲਾਥਮ(55) ਦੇ ਨੀਮ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਚੈਂਪੀਅਨਜ਼ ਟਰਾਫੀ ਦੇ ਗਰੁੱਪ ਏ ਦੇ ਮੁਕਾਬਲੇ ਵਿਚ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ।
ਨਿਊਜ਼ੀਲੈਂਡ ਦੀ ਟੀਮ ਨੇ ਬੰਗਲਾਦੇਸ਼ ਵੱਲੋਂ ਦਿੱਤੇ 237 ਦੌੜਾਂ ਦੇ ਟੀਚੇ ਨੂੰ 46.1 ਓਵਰ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 240 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਨਿਊਜ਼ੀਲੈਂਡ ਲਈ ਹੋਰਨਾਂ ਬੱਲੇਬਾਜ਼ਾਂ ਵਿਚੋਂ ਡੀ.ਕੌਨਵੇਅ ਨੇ 30, ਗਲੈੱਨ ਫਿਲਿਪਸ ਤੇ ਮਿਸ਼ੇਲ ਬਰੇਸਵੈੱਲ ਨੇ ਕ੍ਰਮਵਾਰ ਨਾਬਾਦ 21 ਤੇ 11 ਦੌੜਾਂ ਬਣਾਈਆਂ। ਕੇਨ ਵਿਲੀਅਮਸਨ 5 ਦੌੜਾਂ ਹੀ ਬਣਾ ਸਕਿਆ।
ਬੰਗਲਾਦੇਸ਼ ਲਈ ਤਸਕੀਨ ਅਹਿਮਦ, ਨਾਹਿਦ ਰਾਣਾ, ਮੁਸਤਫਿਜ਼ੁਰ ਰਹਿਮਾਨ ਤੇ ਰਿਸ਼ਾਦ ਹੁਸੈਨ ਨੇ ਇਕ ਇਕ ਵਿਕਟ ਲਈ।
ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ ਜਦੋਂਕਿ ਬੰਗਲਾਦੇਸ਼ੀ ਟੀਮ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ।
ਗਰੁੱਪ ਏ ਵਿਚੋਂ ਭਾਰਤ ਤੇ ਨਿਊਜ਼ੀਲੈਂਡ ਆਪਣੇ ਦੋਵੇਂ ਮੈਚ ਜਿੱਤ ਕੇ ਚਾਰ ਚਾਰ ਅੰਕਾਂ ਨਾਲ ਸੈਮੀਫਾਈਨਲ ਵਿਚ ਪਹੁੰਚ ਗਏ ਹਨ।
ਦੋਵੇਂ ਟੀਮਾਂ ਹੁਣ 2 ਮਾਰਚ ਨੂੰ ਗਰੁੱਪ ਗੇੜ ਦੇ ਆਖਰੀ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੀਆਂ।
ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦੀਆਂ 77 ਤੇ ਜਾਕਿਰ ਅਲੀ ਦੀਆਂ 45 ਦੌੜਾਂ ਦੀ ਮਦਦ ਨਾਲ ਨਿਰਧਾਰਿਤ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 236 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਮਿਸ਼ੇਲ ਬਰੇਸਵੈੱਲ ਨੇ ਚਾਰ, ਵਿਲ ਓ’ਰੋਕੇ ਨੇ ਦੋ ਅਤੇ ਇਕ ਇਕ ਵਿਕਟ ਮੈਟ ਹੈਨਰੀ ਤੇ ਕਾਇਲੀ ਜੈਮੀਸਨ ਨੇ ਲਈ। -ਪੀਟੀਆਈ