ਚੈਂਪੀਅਨਜ਼ ਟਰਾਫੀ: ਬੰਗਲਾਦੇਸ਼ ਨੂੰ ਹਰਾ ਕੇ ਨਿਊਜ਼ੀਲੈਂਡ ਸੈਮੀਫਾਈਨਲ ’ਚ
* ਭਾਰਤ ਵੀ ਆਖ਼ਰੀ ਚਾਰਾਂ ਵਿੱਚ ਪੁੱਜਾ
* ਪਾਕਿਸਤਾਨ ਤੇ ਬੰਗਲਾਦੇਸ਼ ਬਾਹਰ
ਰਾਵਲਪਿੰਡੀ, 24 ਫਰਵਰੀ
ਨਿਊਜ਼ੀਲੈਂਡ ਨੇ ਅੱਜ ਇੱਥੇ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ‘ਏ’ ਮੈਚ ਵਿੱਚ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਬੰਗਲਾਦੇਸ਼ ਦੀ ਇਸ ਹਾਰ ਨਾਲ ਉਸ ਤੋਂ ਇਲਾਵਾ ਮੇਜ਼ਬਾਨ ਪਾਕਿਸਤਾਨ ਵੀ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ, ਜਦਕਿ ਭਾਰਤ ਵੀ ਆਖ਼ਰੀ ਚਾਰਾਂ ਵਿੱਚ ਪਹੁੰਚ ਗਿਆ ਹੈ।
ਨਿਊਜ਼ੀਲੈਂਡ ਅਤੇ ਭਾਰਤ ਦੋਵਾਂ ਦੇ ਦੋ-ਦੋ ਮੈਚਾਂ ਵਿੱਚ ਦੋ ਜਿੱਤਾਂ ਨਾਲ ਚਾਰ-ਚਾਰ ਅੰਕ ਹਨ। ਨਿਊਜ਼ੀਲੈਂਡ (+0.863) ਹਾਲਾਂਕਿ ਭਾਰਤ (+0.647) ਨਾਲੋਂ ਬਿਹਤਰ ਨੈੱਟ ਰਨ ਰੇਟ ਕਾਰਨ ਸਿਖਰ ’ਤੇ ਹੈ। ਬੰਗਲਾਦੇਸ਼ ਤੇ ਪਾਕਿਸਤਾਨ ਨੇ ਹੁਣ ਤੱਕ ਆਪਣੇ ਦੋਵੇਂ ਮੁਕਾਬਲੇ ਗੁਆਏ ਹਨ ਅਤੇ ਦੋਵੇਂ ਦੇਸ਼ ਅੰਕਾਂ ਦਾ ਖਾਤਾ ਵੀ ਨਹੀਂ ਖੋਲ੍ਹ ਸਕੇ। ਮੈਚ ਦੌਰਾਨ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੀਆਂ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 46.1 ਓਵਰਾਂ ਵਿੱਚ ਪੰਜ ਵਿਕਟਾਂ ’ਤੇ 240 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਰਚਿਨ ਰਵਿੰਦਰ ਨੇ 105 ਗੇਂਦਾਂ ਵਿੱਚ 112 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੇ ਟੌਮ ਲੈਥਮ (55 ਦੌੜਾਂ) ਨਾਲ ਚੌਥੀ ਵਿਕਟ ਲਈ 129 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਰਵਿੰਦਰ ਨੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ (30) ਨਾਲ ਵੀ ਤੀਜੀ ਵਿਕਟ ਲਈ 57 ਦੌੜਾਂ ਜੋੜੀਆਂ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੌਂ ਵਿਕਟਾਂ ’ਤੇ 236 ਦੌੜਾਂ ਹੀ ਬਣਾ ਸਕੀ। ਹਰਫ਼ਨਮੌਲਾ ਮਾਈਕਲ ਬਰੇਸਵੈੱਲ ਨੇ 26 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ, ਜਦੋਂਕਿ ਤੇਜ਼ ਗੇਂਦਬਾਜ਼ ਵਿਲੀਅਮ ਓ’ਰਾਊਕੇ ਨੇ (48 ਦੌੜਾਂ ਦੇ ਕੇ) ਦੋ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ੰਟੋ ਨੇ 110 ਗੇਂਦਾਂ ’ਤੇ ਨੌਂ ਚੌਕਿਆਂ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਸ਼ੰਟੋ ਅਤੇ ਤਨਜ਼ੀਦ ਹਸਨ (24) ਨੇ ਪਹਿਲੇ ਵਿਕਟ ਲਈ 45 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। -ਪੀਟੀਆਈ