ਚੈਂਪੀਅਨਜ਼ ਟਰਾਫੀ: ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਮੀਂਹ ਦੀ ਭੇਟ ਚੜਿ੍ਹਆ
ਰਾਵਲਪਿੰਡੀ, 25 ਫਰਵਰੀ
ਚੈਂਪੀਅਨਜ਼ ਟਰਾਫ਼ੀ ’ਚ ਅੱਜ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਣ ਵਾਲਾ ਮੈਚ ਲਗਾਤਾਰ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਮੀਂਹ ਕਰਕੇ ਟਾਸ ਵੀ ਨਹੀਂ ਹੋ ਸਕਿਆ ਅਤੇ ਮੈਚ ਬੇਨਤੀਜਾ ਰਹਿਣ ਕਾਰਨ ਗਰੁੱਪ-ਬੀ ਦੀਆਂ ਇਨ੍ਹਾਂ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਦਿੱਤਾ ਗਿਆ ਹੈ। ਮੈਚ ਲਈ ਕੱਟ-ਆਫ ਟਾਈਮ 7.32 ਵਜੇ ਤੱਕ ਸੀ ਪਰ ਅੰਪਾਇਰਾਂ ਨੇ ਮੌਸਮ ’ਚ ਸੁਧਾਰ ਨਾ ਹੋਣ ਕਾਰਨ ਪਹਿਲਾਂ ਹੀ ਮੈਚ ਰੱਦ ਕਰਨ ਦਾ ਫ਼ੈਸਲਾ ਲੈ ਲਿਆ। ਅੱਜ ਦਾ ਮੈਚ ਬੇਨਤੀਜਾ ਰਹਿਣ ਮਗਰੋਂ ਇੱਕ-ਇੱਕ ਅੰਕ ਮਿਲਣ ਨਾਲ ਆਸਟਰੇਲੀਆ ਤੇ ਦੱਖਣੀ ਅਫ਼ਰੀਕਾ ਦੇ ਤਿੰਨ-ਤਿੰਨ ਅੰਕ ਹੋ ਗਏ ਪਰ ਇਸ ਦੇ ਨਾਲ ਹੀ 26 ਫਰਵਰੀ ਨੂੰ ਇੰਗਲੈਂਡ ਤੇ ਅਫ਼ਗ਼ਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ‘ਕਰੋ ਜਾਂ ਮਰੋ’ ਵਾਲਾ ਬਣ ਗਿਆ ਹੈ। ਇਨ੍ਹਾਂ ਵਿਚੋਂ ਹਾਰਨ ਵਾਲੀ ਟੀਮ ਟੂਰਨਾਮੈਂਟ ’ਚੋਂ ਬਾਹਰ ਹੋਣ ਵਾਲੀ ਤੀਜੀ ਟੀਮ ਬਣ ਜਾਵੇਗੀ। ਟੂਰਨਾਮੈਂਟ ਦੇ ਮੇਜ਼ਬਾਨ ਪਾਕਿਸਤਾਨ ਅਤੇ ਬੰਗਲਾਦੇਸ਼ ਪਹਿਲਾਂ ਹੀ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਏ ਹਨ। ਆਸਟਰੇਲੀਆ ਤੇ ਦੱਖਣੀ ਅਫਰੀਕਾ ਨੇ ਆਪੋ-ਆਪਣੇ ਪਹਿਲੇ ਮੈਚ ’ਚ ਕ੍ਰਮਵਾਰ ਇੰਗਲੈਂਡ ਤੇ ਅਫ਼ਗਾਨਿਸਤਾਨ ਨੂੰ ਹਰਾਇਆ ਸੀ। ਆਸਟਰੇਲੀਆ ਦਾ ਅਗਲਾ ਮੁਕਾਬਲਾ ਅਫ਼ਗਾਨਿਸਤਾਨ ਨਾਲ 28 ਨੂੰ ਫਰਵਰੀ ਨੂੰ ਲਾਹੌਰ ਵਿੱਚ ਜਦਕਿ ਅਗਲੇ ਦਿਨ ਦੱਖਣੀ ਅਫਰੀਕਾ ਦਾ ਮੁਕਾਬਲਾ ਇੰਗਲੈਂਡ ਨਾਲ ਕਰਾਚੀ ’ਚ ਹੋਵੇਗਾ। ਦੂਜੇ ਪਾਸੇ ਗਰੁੱਪ-ਏ ਵਿੱਚ ਭਾਰਤ ਤੇ ਨਿਊਜ਼ੀਲੈਂਡ ਪਹਿਲਾਂ ਹੀ ਸੈਮੀਫਾਈਨਲ ’ਚ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਪਾਕਿਸਤਾਨ 29 ਸਾਲਾਂ ਬਾਅਦ ਆਈਆਈਸੀ ਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਮੇਜ਼ਬਾਨ ਮੁਲਕ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਚੁੱਕਾ ਹੈ। -ਪੀਟੀਆਈ