Champions Trophy ਚੈਂਪੀਅਨਜ਼ ਟਰਾਫ਼ੀ: ਭਾਰਤ ਤੇ ਪਾਕਿਸਤਾਨ ਦਾ 23 ਫਰਵਰੀ ਨੂੰ ਦੁਬਈ ’ਚ ਹੋਵੇਗਾ ਮੁਕਾਬਲਾ
ਦੁਬਈ, 24 ਦਸੰਬਰ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਚੈਂਪੀਅਨਜ਼ ਟਰਾਫ਼ੀ ਲਈ ਮੈਚਾਂ ਦੇ ਸ਼ਡਿਊਲ ਦਾ ਐਲਾਨ ਕਰਦਿਆਂ ਕਿਹਾ ਕਿ ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ 23 ਫਰਵਰੀ ਨੂੰ ਦੁਬਈ ਵਿਚ ਇਕ ਦੂਜੇ ਖਿਲਾਫ਼ ਮੈਚ ਖੇਡਣਗੇ। ਭਾਰਤ ਚੈਂਪੀਅਨਜ਼ ਟਰਾਫੀ ਦੇ ਆਪਣੇ ਸਾਰੇ ਮੈਚ ਦੁਬਈ ਵਿਚ ਹੀ ਖੇਡੇਗਾ। ਭਾਰਤ ਜੇ ਸੈਮੀਫਾਈਨਲ ਤੇ ਫਾਈਨਲ ਲਈ ਕੁਆਲੀਫਾਈ ਕਰਦਾ ਹੈ ਤਾਂ ਇਹ ਦੋਵੇਂ ਮੈਚ ਵੀ ਦੁਬਈ ਵਿਚ ਹੋਣਗੇ। ਭਾਰਤ ਤੇ ਪਾਕਿਸਤਾਨ ਦੋਵਾਂ ਨੂੰ ਇਕੋ ਗਰੁੱਪ ‘ਏ’ ਵਿਚ ਰੱਖਿਆ ਗਿਆ ਹੈ। ਗਰੁੱਪ ਦੀਆਂ ਦੋ ਹੋਰਨਾਂ ਟੀਮਾਂ ਵਿਚ ਨਿਊਜ਼ੀਲੈਂਡ ਤੇ ਬੰਗਲਾਦੇਸ਼ ਸ਼ਾਮਲ ਹਨ। ਗਰੁੱਪ ‘ਬੀ’ ਵਿਚ ਦੱਖਣੀ ਅਫ਼ਰੀਕਾ, ਆਸਟਰੇਲੀਆ, ਅਫ਼ਗ਼ਾਨਿਸਤਾਨ ਤੇ ਇੰਗਲੈਂਡ ਸ਼ਾਮਲ ਹਨ। ਟੂਰਾਨਾਮੈਂਟ ਦਾ ਉਦਘਾਟਨੀ ਮੁਕਾਬਲਾ ਕਰਾਚੀ ਵਿਚ ਮੇਜ਼ਬਾਨ ਪਾਕਿਸਤਾਨ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 9 ਮਾਰਚ ਨੂੰ ਹੋਵੇਗਾ।
ਪਿਛਲੀ ਵਾਰ 50-50 ਓਵਰਾਂ ਦਾ ਇਹ ਟੂਰਨਾਮੈਂਟ 2017 ਵਿਚ ਖੇਡਿਆ ਗਿਆ ਸੀ। ਟੂਰਨਾਮੈਂਟ ਵਿਚ ਕੁੱਲ ਮਿਲਾ ਕੇ 15 ਮੈਚ ਖੇਡੇ ਜਾਣਗੇ ਜਿਸ ਵਿਚੋਂ ਘੱਟੋ ਘੱਟ 10 ਮੈਚ ਪਾਕਿਸਤਾਨ ਵਿਚ ਹੋਣਗੇ। ਟੂਰਨਾਮੈਂਟ ਦੇ ਮੈਚ ਰਾਵਲਪਿੰਡੀ, ਲਾਹੌਰ ਤੇ ਕਰਾਚੀ ਦੇ ਸਟੇਡੀਅਮਾਂ ਵਿਚ ਖੇਡੇ ਜਾਣਗੇ। ਦੂਜਾ ਸੈਮੀਫਾਈਨਲ ਲਾਹੌਰ ਦੇ ਗੱਦਾਫ਼ੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਗਰੁੱਪ ਬੀ ਦੇ ਮੁਕਾਬਲੇ 21 ਫਰਵਰੀ ਨੂੰ ਕਰਾਚੀ ਵਿਚ ਅਫ਼ਗ਼ਾਨਿਸਤਾਨ ਬਨਾਮ ਦੱਖਣੀ ਅਫ਼ਰੀਕਾ ਮੈਚ ਨਾਲ ਸ਼ੁਰੂ ਹੋਣਗੇ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖਿਲਾਫ਼ ਮੁਕਾਬਲੇ ਨਾਲ ਕਰੇਗਾ। ਭਾਰਤ ਆਪਣਾ ਆਖਰੀ ਲੀਗ ਮੁਕਾਬਲਾ ਨਿਊਜ਼ੀਲੈਂਡ ਖਿਲਾਫ਼ 2 ਮਾਰਚ ਨੂੰ ਖੇਡੇਗਾ। ਆਈਸੀਸੀ ਨੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਲਈ ਰਾਖਵੇਂ ਦਿਨ ਰੱਖੇ ਹਨ। ਕਾਬਿਲੇਗੌਰ ਹੈ ਕਿ ਭਾਰਤ ਨੇ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਨੇ 2008 ਦੇ ਮੁੰਬਈ ਦਹਿਸ਼ਤੀ ਹਮਲੇ, ਜਿਸ ਵਿਚ 150 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਮਗਰੋਂ ਹੁਣ ਤੱਕ ਪਾਕਿਸਤਾਨ ਵਿਚ ਕੋਈ ਵੀ ਮੈਚ ਨਹੀਂ ਖੇਡਿਆ। -ਪੀਟੀਆਈ