For the best experience, open
https://m.punjabitribuneonline.com
on your mobile browser.
Advertisement

Champions Trophy: ਚੈਂਪੀਅਨਜ਼ ਟਰਾਫੀ ’ਚੋਂ ਮੇਜ਼ਬਾਨ ਪਾਕਿਸਤਾਨ ਨਮੋਸ਼ੀ ਭਰੇ ਢੰਗ ਨਾਲ ਬਾਹਰ

06:51 PM Feb 27, 2025 IST
champions trophy  ਚੈਂਪੀਅਨਜ਼ ਟਰਾਫੀ ’ਚੋਂ ਮੇਜ਼ਬਾਨ ਪਾਕਿਸਤਾਨ ਨਮੋਸ਼ੀ ਭਰੇ ਢੰਗ ਨਾਲ ਬਾਹਰ
ਰਾਵਲਪਿੰਡੀ ਦਾ ਕ੍ਰਿਕਟ ਸਟੇਡੀਅਮ ਜਿਥੇ ਵੀਰਵਾਰ ਨੂੰ ਬਾਰਸ਼ ਕਾਰਨ ਮੈਚ ਨਾ ਖੇਡਿਆ ਜਾ ਸਕਿਆ। -ਫੋਟੋ: ਰਾਇਟਰਜ਼
Advertisement

ਬਿਨਾਂ ਇਕ ਵੀ ਜਿੱਤ ਦਰਜ ਕੀਤਿਆਂ ਖ਼ਤਮ ਹੋਈ ਪਾਕਿ ਦੀ ਮੁਹਿੰਮ; ਬੰਗਲਾਦੇਸ਼ ਵਿਰੁੱਧ ਮੈਚ ਮੀਂਹ ਕਾਰਨ ਰੱਦ ਹੋਇਆ ਰੱਦ; ਟੂਰਨਾਮੈਂਟ ਵਿੱਚ ਆਪਣੇ ਮਾੜੇ ਪ੍ਰਦਰਸ਼ਨ ਲਈ ਟੀਮ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ
ਰਾਵਲਪਿੰਡੀ, 27 ਫਰਵਰੀ
ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ ਪਾਕਿਸਤਾਨ ਦੀ ਮੁਹਿੰਮ ਵੀਰਵਾਰ ਨੂੰ ਬਿਨਾਂ ਇਕ ਵੀ ਜਿੱਤ ਦਰਜ ਕੀਤਿਆਂ ਖਤਮ ਹੋ ਗਈ, ਕਿਉਂਕਿ ਅੱਜ ਇੱਥੇ ਲਗਾਤਾਰ ਮੀਂਹ ਪੈਣ ਕਾਰਨ ਬੰਗਲਾਦੇਸ਼ ਵਿਰੁੱਧ ਉਸ ਦਾ ਮੈਚ ਬਿਨਾਂ ਇੱਕ ਗੇਂਦ ਸੁੱਟਿਆਂ ਰੱਦ ਕਰ ਦਿੱਤਾ ਗਿਆ।
ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦੀ ਹਾਲਤ ਵਾਲਾ ਸੀ, ਕਿਉਂਕਿ ਹਾਰਨ ਵਾਲੀ ਟੀਮ ਦਾ ਮੁਕਾਬਲੇ ਤੋਂ ਬਾਹਰ ਹੋਣਾ ਤੈਅ ਸੀ। ਪਰ ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸਬਰ ਕਰਨਾ ਪਿਆ ਅਤੇ ਦੋਵੇਂ ਹੀ ਟੀਮਾਂ ਮੁਕਾਬਲੇ ਤੋਂ ਵੀ ਬਾਹਰ ਹੋ ਗਈਆਂ। ਪਰ ਇਹ ਨਤੀਜਾ ਆਪਣੀ ਮੇਜ਼ਬਾਨੀ ਹੇਠ ਖੇਡ ਰਹੇ ਪਾਕਿਸਤਾਨ ਲਈ ਜ਼ਿਆਦਾ ਨਿਰਾਸ਼ਾਜਨਕ ਰਿਹਾ।
ਅੱਜ ਲਗਾਤਾਰ ਮੀਂਹ ਪੈਣ ਕਾਰਨ ਮੈਦਾਨ ਦੇ ਆਲੇ-ਦੁਆਲੇ ਪਾਣੀ ਦੇ ਛੱਪੜ ਬਣ ਗਏ। ਮੌਸਮ ਵਿੱਚ ਸੁਧਾਰ ਨਾ ਹੋਣ ਕਾਰਨ, ਮੈਚ ਅਧਿਕਾਰੀਆਂ ਨੇ ਨਿਰਧਾਰਤ ਸ਼ੁਰੂਆਤੀ ਸਮੇਂ ਤੋਂ ਲਗਭਗ ਦੋ ਘੰਟੇ ਬਾਅਦ ਖੇਡ ਨੂੰ ਰੱਦ ਕਰ ਦਿੱਤਾ। ਖਰਾਬ ਮੌਸਮ ਕਾਰਨ ਟਾਸ ਵੀ ਨਹੀਂ ਹੋ ਸਕਿਆ। ਨਤੀਜੇ ਵਜੋਂ, ਦੋਵਾਂ ਟੀਮਾਂ ਨੇ ਇੱਕ-ਇੱਕ ਅੰਕ ਸਾਂਝਾ ਕੀਤਾ। ਟੂਰਨਾਮੈਂਟ ਦੌਰਾਨ ਬੰਗਲਾਦੇਸ਼ ਵੀ ਜਿੱਤ ਨੂੰ ਤਰਸਦਾ ਹੀ ਰਹਿ ਗਿਆ।
ਪਾਕਿਸਤਾਨ ਨੂੰ ਟੂਰਨਾਮੈਂਟ ਵਿੱਚ ਆਪਣੇ ਮਾੜੇ ਪ੍ਰਦਰਸ਼ਨ ਲਈ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲੇ ਮੈਚਾਂ ਵਿਚ ਉਸ ਨੂੰ ਨਿਊਜ਼ੀਲੈਂਡ ਤੋਂ (60 ਦੌੜਾਂ ਨਾਲ) ਅਤੇ ਭਾਰਤ ਤੋਂ (ਛੇ ਵਿਕਟਾਂ ਨਾਲ) ਹਾਰਾਂ ਖਾਣੀਆਂ ਪਈਆਂ।

Advertisement

ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਸ਼ਰੀਫ਼ ਵੀ ਨਿਰਾਸ਼

ਇਸਲਾਮਾਬਾਦ: ਆਈਸੀਸੀ ਚੈਂਪੀਅਨਜ਼ ਟਰਾਫੀ 2025 ਵਿੱਚ ਪਾਕਿਸਤਾਨ ਦੀ ਮਾੜੀ ਕਾਰਗੁਜ਼ਾਰੀ ਨੇ ਨਾ ਸਿਰਫ਼ ਘਰੇਲੂ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਹਨ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਵੀ ਨਿਰਾਸ਼ ਕੀਤਾ ਹੈ।
ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟੀਮ ਦੀ ਮਾੜੀ ਕਾਰਕਰਦਗੀ ਦਾ ਨਿੱਜੀ ਤੌਰ 'ਤੇ ਨੋਟਿਸ ਲਿਆ ਹੈ ਅਤੇ ਉਨ੍ਹਾਂ ਵੱਲੋਂ ਕ੍ਰਿਕਟ ਟੀਮ ਨਾਲ ਸਬੰਧਤ ਮੁੱਦਿਆਂ ਨੂੰ ਕੈਬਨਿਟ ਅਤੇ ਸੰਸਦ ਵਿੱਚ ਉਠਾਏ ਜਾਣ ਦੇ ਆਸਾਰ ਹਨ।
ਪ੍ਰਧਾਨ ਮੰਤਰੀ ਦੇ ਸਿਆਸੀ ਅਤੇ ਜਨਤਕ ਮਾਮਲਿਆਂ ਦੇ ਸਹਾਇਕ, ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਵਜ਼ੀਰ-ਏ-ਆਜ਼ਮ ਸ਼ਾਹਬਾਜ਼ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਉਣਗੇ। ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨਿੱਜੀ ਤੌਰ 'ਤੇ ਨੋਟਿਸ ਲੈਣਗੇ। ਅਸੀਂ ਉਨ੍ਹਾਂ ਨੂੰ ਕ੍ਰਿਕਟ ਨਾਲ ਸਬੰਧਤ ਇਨ੍ਹਾਂ ਮੁੱਦਿਆਂ ਨੂੰ ਕੈਬਨਿਟ ਦੇ ਨਾਲ-ਨਾਲ ਸੰਸਦ ਵਿੱਚ ਵੀ ਉਠਾਉਣ ਲਈ ਕਹਾਂਗੇ।" -ਏਜੰਸੀਆਂ

Advertisement

Advertisement
Author Image

Balwinder Singh Sipray

View all posts

Advertisement