For the best experience, open
https://m.punjabitribuneonline.com
on your mobile browser.
Advertisement

ਨੈਤਿਕਤਾ ਦੇ ਨਜ਼ਰੀਏ ਤੋਂ ਚਮਕੀਲੇ ਦੀ ਗਾਇਕੀ

08:05 AM May 04, 2024 IST
ਨੈਤਿਕਤਾ ਦੇ ਨਜ਼ਰੀਏ ਤੋਂ ਚਮਕੀਲੇ ਦੀ ਗਾਇਕੀ
Advertisement

ਡਾ. ਹਰਿੰਦਰ ਸਿੰਘ

Advertisement

‘ਅਮਰ ਸਿੰਘ ਚਮਕੀਲਾ’ ਫਿਲਮ ਨਾਲ ਚਰਚਾ ਦਾ ਕੇਂਦਰ ਬਣੇ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਦੀ ਗਾਇਕੀ ਦਾ ਸਿਖਰ 1980-90 ਦੇ ਵਿਚਕਾਰ ਦਾ ਸਮਾਂ ਰਿਹਾ ਹੈ। ਕਿਸੇ ਇਕੱਲੇ ਸ਼ਖ਼ਸ ਦੁਆਰਾ ਗੀਤ ਲਿਖਣਾ, ਗਾਉਣਾ ਅਤੇ ਸੰਗੀਤਕ ਧੁਨਾਂ ਤਿਆਰ ਕਰਨਾ ਅਸਲੋਂ ਹੀ ਅਨੋਖਾ ਕਾਰਨਾਮਾ ਸੀ ਪ੍ਰੰਤੂ ਜਿੰਨਾ ਸਮਾਂ ਉਹ ਜੀਵਿਆ ਅਤੇ ਮੌਤ ਦੇ ਕਾਰਨ ਜਾਂ ਮੌਤ ਮਗਰੋਂ ਅੱਜ ਤੱਕ ਉਸ ਦੇ ਦਰਜੇ ਜਾਂ ਸਤਿਕਾਰ ਪ੍ਰਤੀ ਵੱਡੀ ਚੁਣੌਤੀ ਉਸ ਦੇ ਗੀਤਾਂ ਦੇ ਵਿਸ਼ੇ ਰਹੇ ਹਨ। ਉਸ ਦੇ ਜ਼ਿਆਦਾਤਰ ਗੀਤਾਂ ਵਿੱਚੋਂ ਕਾਮ ਦੀ ਸੁਰ ਪ੍ਰਬਲ ਦਿਖਾਈ ਦਿੰਦੀ ਹੈ। ਚਮਕੀਲੇ ਦੀ ਗਾਇਕੀ ਦੇ ਸਮਾਜ ਵਿੱਚ ਪੱਖ ਅਤੇ ਵਿਪੱਖ ਦੇ ਤਣਾਅ ਵਿੱਚ ਘਿਰੀ ਰਹੀ ਹੈ।
ਚਮਕੀਲਾ ਗ਼ਰੀਬ ਦਲਿਤ ਪਰਿਵਾਰ ਵਿੱਚ ਜਨਮਿਆ ਅਤੇ ਔਕੜਾਂ ਦਾ ਸਾਹਮਣਾ ਕਰਕੇ ਗਾਇਕੀ ਦੇ ਖੇਤਰ ਵਿੱਚ ਸਫਲ ਗਾਇਕ ਵਜੋਂ ਸਥਾਪਿਤ ਹੋਇਆ। ਸਫਲ ਗਾਇਕ ਵਜੋਂ ਸਥਾਪਤੀ ਅਤੇ ਸੱਭਿਆਚਾਰਕ ਕੀਮਤਾਂ ਤੋਂ ਦੂਰੀ ਕੁਦਰਤੀ ਰੂਪ ਵਿੱਚ ਮਿਲਵੇਂ ਤੱਤਾਂ ਦਾ ਟਕਰਾਅ ਸੀ। ਸਫਲ ਗਾਇਕ ਦੀ ਪਦਵੀ ਉਸ ਨੂੰ ਸਰੋਤਿਆਂ ਦੀ ਭਾਰੀ ਗਿਣਤੀ ਨੇ ਦਿੱਤੀ ਸੀ ਪ੍ਰੰਤੂ ਸੱਭਿਅਕ ਹੋਣ ਦਾ ਤਗ਼ਮਾ ਕੇਵਲ ਵਿਸ਼ੇ ਦੀ ਗਹਿਰਾਈ ਅਤੇ ਸਮਾਜ ਨੂੰ ਮਿਲੀ ਸੇਧ ਤੋਂ ਤੈਅ ਹੁੰਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਹ ਸ਼ਬਦਾਂ ਦੀ ਵਰਤੋਂ ਅਤੇ ਜੜ੍ਹਤ ਦਾ ਜਾਦੂਗਰ ਸੀ। ਉਸ ਦੇ ਗੀਤ ਸਹਿਜੇ ਹੀ ਜ਼ਹਿਨੀਅਤ ਦਾ ਹਿੱਸਾ ਬਣ ਜਾਂਦੇ ਸਨ। ਘੱਟ ਸਮੇਂ ਵਿੱਚ ਰਿਕਾਰਡ ਪ੍ਰਸਿੱਧੀ ਹਾਸਲ ਕਰਨ ਵਾਲਾ ਇਹ ਗਾਇਕ ਸਮਾਜ ਨੂੰ ਕੋਈ ਉਚੇਰੀ ਸੇਧ ਨਾ ਦੇ ਸਕਿਆ।
ਸਮਰਥਕਾਂ ਦਾ ਜ਼ਿਆਦਾ ਜ਼ੋਰ ਉਸ ਦੀ ਗਾਇਕੀ ਦੀ ਸਾਰਥਕਤਾ ਨੂੰ ਸਮਝਣ-ਸਮਝਾਉਣ ਵਿੱਚ ਹੀ ਲੰਘ ਗਿਆ। ਅੱਜ ਵੀ ਉਸ ਦੀ ਗਾਇਕੀ ਦੇ ਸਮਰਥਕ ਜੋ ਦਲੀਲਾਂ ਉਸ ਦੀ ਗਾਇਕੀ ਦੇ ਹੱਕ ਵਿੱਚ ਦਿੰਦੇ ਹਨ ਉਹ ਆਪਣੇ-ਆਪ ਵਿੱਚ ਊਣੀਆਂ ਅਤੇ ਆਪਾ-ਵਿਰੋਧੀ ਜਾਪਦੀਆਂ ਹਨ। ਪਹਿਲੀ ਵੱਡੀ ਦਲੀਲ: ਜੋ ਉਸ ਨੇ ਸਮਾਜ ਵਿੱਚ ਵੇਖਿਆ ਉਹ ਹੀ ਗਾਇਆ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮਾਜ ਵਿੱਚ ਕੁਝ-ਕੁ ਬੁਰਾਈਆਂ ਦੀ ਹੋਂਦ ਸਦਾ ਹੀ ਰਹੀ ਹੈ। ਚਮਕੀਲਾ ਕਿਰਤੀ ਸਮਾਜ ਵਿੱਚ ਜੰਮਿਆ ਪਲਿਆ ਸੀ। ਕਿਰਤੀ ਲੋਕਾਂ ਨੂੰ ਲੱਕ-ਤੋੜਵੀਂ ਮਿਹਨਤ ਨਾਲ ਆਪਣੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰਨੀ ਪੈਂਦੀ ਹੈ। ਇਹੋ ਜਿਹੇ ਲੋਕਾਂ ਕੋਲ ਅਸ਼ਲੀਲਤਾ ਲਈ ਵਿਹਲਾ ਸਮਾਂ ਅਤੇ ਵਿਹਲਾ ਦਿਮਾਗ਼ ਵਿਹਾਰਕਤਾ ਤੋਂ ਉੂਣਾ ਲੱਗਦਾ ਹੈ। ਦੂਜਾ ਇਹ ਮੁੱਦਾ ਪੰਜਾਹ ਸਾਲ ਪਹਿਲਾਂ (ਚਮਕੀਲੇ ਦੇ ਬਚਪਨ ਸਮੇਂ) ਦਾ ਹੈ। ਉਸ ਸਮੇਂ ਸਮਾਜ ਵਿੱਚ ਸੱਭਿਆਚਾਰਕ ਬਿਰਤੀ ਅੱਜ ਨਾਲੋਂ ਵਧੇਰੇ ਪ੍ਰਬਲ ਰੂਪ ਵਿੱਚ ਹੋਵੇਗੀ। ਇਹ ਵੀ ਵੱਡਾ ਸਵਾਲ ਹੈ ਕਿ ਇਹ ਵਰਤਾਰਾ ਇੰਨਾ ਆਮ ਸੀ ਕਿ ਇੱਕ ਕੋਮਲ ਦਿਲ ਮਾਸੂਮ ਨੂੰ ਕਾਮ ਵਾਸ਼ਨਾਂ ਦੇ ਵਿਸ਼ੇ ਨਾਲ ਰੂਹ ਤੱਕ ਜੋੜ ਗਿਆ।
ਇਸ ਤੋਂ ਅਹਿਮ ਗੱਲ ਇਹ ਦਲੀਲ ਕਿ ਜਿਹੜਾ ਸਮਾਜ ਉਸ ਨੂੰ ਆਪਣਾ ਸਿਤਾਰਾ ਪ੍ਰਵਾਨ ਕਰਦਾ ਹੈ ਉਸੇ ਦੇ ਕੋਝ ਨੰਗੇ ਕਰਨ ਦਾ ਉਸ ਨੂੰ ਦੋਸ਼ੀ ਬਣਾ ਦਿੱਤਾ ਪ੍ਰੰਤੂ ਇਹ ਸੁਆਦ ਦਾ ਸਾਧਨ ਨਾ ਹੋ ਕੇ ਗੰਭੀਰਤਾ ਨਾਲ ਵਿਚਾਰਨ ਦਾ ਵਿਸ਼ਾ ਹੈ। ਅੱਲ੍ਹੜ ਉਮਰ ਦੇ ਵਿਅਕਤੀ ਵਿੱਚ ਕਾਮ ਦੀਆਂ ਭਾਵਨਾਵਾਂ ਦਾ ਉਲਾਰ ਕੁਦਰਤੀ ਪ੍ਰਕਿਰਿਆ ਹੈ। ਧਰਮ, ਨੈਤਿਕਤਾ ਅਤੇ ਸਿਆਣੇ ਲੋਕਾਂ ਦੀ ਅਗਵਾਈ ਇਨ੍ਹਾਂ ਨੂੰ ਨਿਯੰਤਰਿਤ ਕਰਦੀ ਹੈ ਪ੍ਰੰਤੂ ਗੀਤਾਂ ਦੇ ਅਢੁੱਕਵੇਂ ਵਿਸ਼ੇ ਇਸ ਉਲਾਰ ਨੂੰ ਭਾਂਬੜ ਬਣਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਕਾਰਨ ਉਪਰੋਕਤ ਦਲੀਲ ਪ੍ਰਵਾਨਯੋਗ ਨਹੀਂ ਹੈ। ਇਹੋ ਜਿਹੀ ਹਲਕੀ ਦਲੀਲ ਚਮਕੀਲੇ ਦੇ ਬਚਾਅ ਦੀ ਥਾਂ ਉਸ ਦੀ ਸ਼ੁਹਰਤ ਅਤੇ ਦੌਲਤ ਪ੍ਰਤੀ ਖਿੱਚ ਵੱਲ ਇਸ਼ਾਰਾ ਕਰਦੀ ਜਾਪਦੀ ਹੈ। ਅਜਿਹੀਆਂ ਬਿਰਤੀਆਂ ਨਾਇਕਤਵ ਨੂੰ ਖ਼ਤਮ ਕਰ ਦਿੰਦੀਆਂ ਹਨ। ਹੋ ਸਕਦਾ ਹੈ ਅਜਿਹੇ ਬਚਾਅ ਦਾ ਪ੍ਰਪੰਚ ਉਪਰੋਕਤ ਪੱਜ ਦੀ ਪੂਰਤੀ ਹਿੱਤ ਕੀਤਾ ਜਾਂਦਾ ਰਿਹਾ ਹੋਵੇ। ਸਮਾਜ ਦਾ ਧੁਰਾ ਪਰਿਵਾਰ ਹੈ ਅਤੇ ਪਰਿਵਾਰ ਦੀ ਹੋਂਦ ਸਮਾਜ ਪ੍ਰਵਾਨਿਤ ਜਿਸਮਾਨੀ ਰਿਸ਼ਤਿਆ ਉੱਤੇ ਉਸਰਦੀ ਹੈ। ਇਹ ਜੀਵ ਵਿਗਿਆਨਕ ਸੱਚ ਹੈ। ਜਾਣਕਾਰੀ ਦੇ ਪੱਧਰ ਤੋਂ ਅਗਾਂਹ ਦੇ ਪਰਦੇ ਚੁੱਕਣੇ ਕਾਮ ਦੀ ਬਿਰਤੀ ਦੇ ਉਲਾਰ ਦਾ ਪ੍ਰਤੀਕ ਹੈ। ਆਧੁਨਿਕਤਾ ਅਤੇ ਮਨੋਵਿਗਿਆਨ ਦੇ ਖੇਤਰਾਂ ਦੀਆਂ ਖੋਜਾਂ ਨੇ ਬੱਚਿਆਂ ਅਤੇ ਨੌਜਵਾਨਾਂ ਅੱਗੇ ਕਈ ਰਹੱਸਾਂ ਅਤੇ ਭੇਦਾਂ ਨੂੰ ਜ਼ਾਹਰ ਹੋਣਾ ਸਹੀ ਸਵੀਕਾਰਿਆ ਹੈ ਪ੍ਰੰਤੂ ਇਸੇ ਸਮੇਂ ਨੈਤਿਕਤਾ ਦੀ ਗਿਰਾਵਟ ਦਾ ਖਦਸ਼ਾ ਵੀ ਆਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਚਮਕੀਲੇ ਦੀ ਗਾਇਕੀ ਪ੍ਰਤੀ ਅਗਲੀ ਦਲੀਲ ਹੈ ਕਿ ਉਸ ਨੇ ਧਾਰਮਿਕ ਗੀਤ ਵੀ ਗਾਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੇ ਗਾਏ ਧਾਰਮਿਕ ਗੀਤ ਬਹੁਤ ਮਕਬੂਲ ਹੋਏ ਪ੍ਰੰਤੂ ਚੰਗੇ ਵਿਸ਼ੇ ਉੱਤੇ ਗਾਏ ਗੀਤ ਹਲਕੀ ਗਾਇਕੀ ਦਾ ਇਵਜ਼ਾਨਾ ਨਹੀਂ ਮੰਨੇ ਜਾ ਸਕਦੇ। ਦੋਵੇਂ ਹੀ ਸੁਤੰਤਰ ਪ੍ਰਭਾਵੀ ਕਿਰਿਆਵਾਂ ਹਨ। ਖ਼ਾਸ ਕਰਕੇ ਉਦੋਂ ਜਦੋਂ ਇਹ ਧਾਰਮਿਕ ਗੀਤ ਵੀ ਉਸ ਨੇ ਧਾਰਮਿਕ ਜਥੇਬੰਦੀ ਦੇ ਵਰਜਣ ਉੱਤੇ ਹੀ ਗਾਏ ਹੋਣ। ਗਾਇਕੀ ਦੇ ਮਾੜੇ ਚਲਣ ਤੋਂ ਪਾਰ ਉਸ ਦਾ ਸਮਾਜਿਕ ਵਿਵਹਾਰ ਸੁਖਾਵਾਂ ਸੀ ਪ੍ਰੰਤੂ ਇਸ ਗੱਲ ਨੂੰ ਨਹੀਂ ਨਕਾਰਿਆ ਜਾ ਸਕਦਾ ਕਿ ਉਸ ਦੀ ਗਾਇਕੀ ਸਮਾਜ ਅੰਦਰ ਕਾਮ ਦੇ ਉਲਾਰ ਦੀ ਪ੍ਰੋੜਤਾ ਕਰਦੀ ਸੀ। ਤੀਜੀ ਵੱਡੀ ਦਲੀਲ ਹੈ ਕਿ ਲੋਕ ਅਜਿਹੇ ਹੀ ਗੀਤ ਸੁਣਨੇ ਚਾਹੁੰਦੇ ਸਨ ਜਾਂ ਫਿਰ ਚਮਕੀਲਾ ਸਰੋਤਿਆਂ ਦੀ ਮੰਗ ਨੂੰ ਨਕਾਰ ਨਹੀਂ ਸਕਦਾ ਸੀ। ਫਿਲਮ ਵਿੱਚ ਵੀ ਅਜਿਹੀ ਹੀ ਘਟਨਾ ਦਿਖਾਈ ਗਈ ਹੈ।
ਇਸ ਗੱਲ ਵਿੱਚ ਕੋਈ ਝੂਠ ਨਹੀਂ ਕਿ ਅਵਾਮ ਦਾ ਵੱਡਾ ਹਿੱਸਾ ਉਸ ਦੇ ਗੀਤ ਸੁਣਦਾ ਸੀ, ਭਾਵੇਂ ਉਹ ਚੋਰੀ-ਚੋਰੀ ਸੁਣਦਾ ਹੋਵੇ। ਕਿਸੇ ਕੰਮ ਦੇ ਚੋਰੀ ਹੋਣ ਅਤੇ ਪਰਦੇ ਅੰਦਰ ਹੋਣ ਵਿੱਚ ਵੱਡਾ ਫ਼ਰਕ ਨੈਤਿਕ ਅਤੇ ਅਨੈਤਿਕਤਾ ਦਾ ਹੈ। ਨਾਜਾਇਜ਼ ਸਬੰਧ ਅਤੇ ਵਿਆਹੁਤਾ ਸਬੰਧਾਂ ਦੀ ਧਾਰਨਾ ਇਸੇ ਪ੍ਰਕਾਰ ਦੀ ਉਦਾਹਰਨ ਹੈ। ਅਵਾਮ ਦਾ ਵੱਡਾ ਹਿੱਸਾ ਰੋਜ਼ੀ-ਰੋਟੀ ਦੇ ਆਹਰ ਵਿੱਚ ਲੱਗਾ ਆਪਣੀਆਂ ਭਾਵਨਾਵਾਂ ਉੱਤੇ ਕਾਬੂ ਪਾਉਣ ਦੇ ਯਤਨ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈ। ਅਜਿਹੇ ਸਮੇਂ ਉਸ ਦੇ ਨਿਯੰਤਰਿਤ ਭਾਵਾਂ ਨੂੰ ਛੂੰਹਦੇ ਵਿਸ਼ੇ ਸੁਣਾਈ ਦੇਣ ਤਾਂ ਉਸ ਦੁਆਰਾ ਉਲਾਰ ਦੇ ਭਾਵ ਦਾ ਸ਼ਿਕਾਰ ਹੋਣਾ ਸੁਭਾਵਿਕ ਹੈ। ਇਸ ਦੇ ਬਾਵਜੂਦ ਅਵਾਮ ਨੂੰ ਵੀ ਗ਼ਲਤ ਹੋਣ ਦੇ ਦੋਸ਼ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਜੇਕਰ ਫਿਲਮ ਦੀ ਕਹਾਣੀ ’ਤੇ ਯਕੀਨ ਕਰੀਏ ਤਾਂ ਗਾਇਕ ਦੀਆਂ ਆਰਥਿਕ ਮਜਬੂਰੀਆਂ ਉਸ ਨੂੰ ਹਰ ਸਮਝੌਤੇ ਲਈ ਹਾਮੀ ਦਾ ਭਾਗੀ ਬਣਾਉਂਦੀਆਂ ਰਹੀਆਂ ਸਨ ਪ੍ਰੰਤੂ ਕਾਮਯਾਬੀ ਦੇ ਦੌਰ ਵਿੱਚ ਉਸ ਦਾ ਇਹ ਪ੍ਰਚਲਨ ਉਸ ਦੇ ਪੈਸੇ ਕਮਾਉਣ ਦੀ ਦੌੜ ਦਾ ਸ਼ਿਕਾਰ ਹੋਣ ਦੀ ਗਵਾਹੀ ਭਰਦਾ ਹੈ।
ਕਿਸੇ ਵੀ ਮਨੁੱਖ ਦੀ ਮੌਤ ਇੱਕ ਦੁਖਦਾਈ ਭਾਵ ਸਿਰਜਦੀ ਹੈ ਖ਼ਾਸ ਕਰਕੇ ਜਦੋਂ ਉਹ ਸਿੱਧੇ ਰੂਪ ਵਿੱਚ ਸਮਾਜ ਉੱਤੇ ਜ਼ੁਲਮ ਕਰਨ ਦਾ ਦੋਸ਼ੀ ਨਾ ਹੋਵੇ। ਚਮਕੀਲੇ ਦੀ ਮੌਤ ਵੀ ਦੁਖਦਾਈ ਘਟਨਾ ਸੀ। ਵੱਡਾ ਪ੍ਰਸ਼ਨ ਉਸ ਦੀ ਹੋਣੀ ਨੂੰ ਸਵੀਕਾਰਨ ਦਾ ਹੈ। ਭਾਵੇਂ ਸਮਕਾਲੀਨ ਗਾਇਕਾਂ ਨੂੰ ਵੀ ਇਸ ਇਲਜ਼ਾਮ ਤੋਂ ਗੁਜ਼ਰਨਾ ਪਿਆ ਪ੍ਰੰਤੂ ਖਾੜਕੂ ਸਿੰਘਾਂ ਉੱਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਮੰਨੀ ਗਈ ਹੈ। ਇਨ੍ਹਾਂ ਜਥੇਬੰਦੀਆਂ ਨੇ ਚਮਕੀਲੇ ਨੂੰ ਇਹੋ ਜਿਹੇ ਗੰਦੇ ਗੀਤ ਗਾਉਣੋਂ ਕਈ ਵਾਰ (ਫਿਲਮ ਅਤੇ ਹੋਰ ਜਾਣਕਾਰੀ ਮੁਤਾਬਕ) ਵਰਜਿਆ ਸੀ। ਹੁਣ ਸਵਾਲ ਇਹ ਹੈ ਕਿ ਜੇਕਰ ਉਹ ਨਹੀਂ ਮੰਨਿਆ ਤਾਂ ਉਸ ਦੀ ਸਜ਼ਾ ਅਜਿਹੀ ਕਿਉਂ ਜਾਂ ਫਿਰ ਇਹ ਮੁੱਠੀ ਭਰ ਬੰਦੇ ਚਮਕੀਲੇ ਦੀ ਹੋਣੀ ਦਾ ਫ਼ੈਸਲਾ ਕਿਉਂ ਕਰਨ? ਜਵਾਬ ਸਿੱਧਾ ਅਤੇ ਸਮੱਸ਼ਟ ਹੈ ਕਿ ਜਿਵੇਂ ਚਮਕੀਲੇ ਦੀ ਹੋਂਦ ਉਸ ਦੀ ਕਾਮ ਵਿਸ਼ਾ ਆਧਾਰਿਤ ਗਾਇਕੀ ਸੀ ਇਸੇ ਪ੍ਰਕਾਰ ਜਥੇਬੰਦੀਆਂ ਦੀ ਹੋਂਦ ਧਾਰਮਿਕਤਾ ਅਤੇ ਨੈਤਿਕਤਾ ਦੇ ਅਲੰਬਰਦਾਰ ਵਜੋਂ ਸੀ। ਇਹ ਟਕਰਾਅ ਵਿਅਕਤੀ ਵਿਸ਼ੇਸ਼ ਨਾ ਹੋ ਕੇ ਵਿਚਾਰਧਾਰਾ ਦਾ ਬਣ ਗਿਆ। ਧਾਰਮਿਕ ਅਤੇ ਨੈਤਿਕਤਾ ਦੇ ਅਲੰਬਰਦਾਰ ਸਮਾਜ ਵਿੱਚ ਵਧ-ਫੁੱਲ ਰਹੀ ਅਸ਼ਲੀਲ ਗਾਇਕੀ ਨੂੰ ਸਵੀਕਾਰ ਨਹੀਂ ਕਰ ਸਕਦੇ ਸਨ। ਨਤੀਜਨ ਚਮਕੀਲਾ ਅਤੇ ਬੀਬਾ ਅਮਰਜੋਤ ਇਸੇ ਹੋਣੀ ਦੇ ਸ਼ਿਕਾਰ ਹੋ ਗਏ। ਕੌਣ ਠੀਕ ਸੀ ਅਤੇ ਕੌਣ ਗ਼ਲਤ ਸੀ? ਇਸ ਪ੍ਰਸ਼ਨ ਦਾ ਉੱਤਰ ਤੁਹਾਡੀ ਨਿੱਜੀ ਸਮਝ ਅਤੇ ਪਹੁੰਚ ਉੱਤੇ ਨਿਰਭਰ ਕਰਦਾ ਹੈ।
ਸਮਾਜ ਦਾ ਬੁੱਧੀਜੀਵੀ ਵਰਗ ਹਮੇਸ਼ਾ ਅਸਮਾਜਿਕ ਤੱਥਾਂ ਨੂੰ ਨਿੰਦਦਾ ਆਇਆ ਹੈ। ਉਹ ਭਾਵੇਂ ਚਮਕੀਲੇ ਦੀ ਗਾਇਕੀ ਹੋਵੇ ਜਾਂ ਉਸ ਨੂੰ ਮਿਲੀ ਸਜ਼ਾ ਹੋਵੇ ਪ੍ਰੰਤੂ ਇੱਥੇ ਵੱਡੀ ਨਾਕਾਮੀ ਸਥਾਪਿਤ ਸੱਤਾ ਦੀ ਸੀ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣ ਦੀ ਥਾਂ ਸਦਾ ਰਾਜਨੀਤੀ ਦੀਆਂ ਰੋਟੀਆਂ ਸੇਕੀਆਂ ਹਨ। ਆਮ ਲੋਕਾਈ ਤਾਂ ਸਦਾ ਵਹਾਅ ਦਾ ਸ਼ਿਕਾਰ ਹੀ ਰਹੀ ਹੈ। ਅੱਜ ਜ਼ਰੂਰਤ ਆਪਣੇ ਨਿੱਜੀ ਭਾਵਾਂ ਨੂੰ ਨਿਯੰਤਰਿਤ ਕਰਕੇ ਮੁੱਦੇ ਨੂੰ ਤੱਥਾਂ ਦੀ ਰੋਸ਼ਨੀ ਵਿੱਚ ਸਮਝਣ ਦੀ ਹੈ। ਭਵਿੱਖ ਵਿੱਚ ਅਜਿਹੇ ਰਾਹ ਤਲਾਸ਼ਣ ਦੀ ਵੀ ਲੋੜ ਹੈ ਜਿਸ ਨਾਲ ਕਿਸੇ ਵੀ ਸ਼ਖ਼ਸ ਨੂੰ ਅਜਿਹੇ ਰਾਹ ਨਾ ਤੁਰਨਾ ਪਵੇ ਕਿ ਉਹ ਉਪਰੋਕਤ ਦੁਖਦਾਈ ਅੰਤ ਨਾਲ ਯਾਦ ਕੀਤਾ ਜਾਵੇ। ਸਿੱਖਿਆ ਦੀ ਸਮਝ ਹੀ ਨੈਤਿਕਤਾ, ਧਾਰਮਿਕਤਾ ਅਤੇ ਸੱਭਿਆਚਾਰਕ ਕੀਮਤਾਂ ਦਾ ਸੁਮੇਲ ਵਿਕਸਿਤ ਕਰ ਸਕਦੀ ਹੈ।
ਸੰਪਰਕ: 98554-50011

Advertisement
Author Image

joginder kumar

View all posts

Advertisement
Advertisement
×