ਚਮਕੌਰ ਸਾਹਿਬ: ਭੈਣਾਂ ਨਾਲ ਛੇੜਛਾੜ ਕਰਨ ਤੋਂ ਰੋਕਣ ’ਤੇ ਨੌਜਵਾਨਾਂ ਨੇ ਭਰਾ ਕੁੱਟਿਆ, ਪੁਲੀਸ ਨੇ ਮੁਲਜ਼ਮ ਗ੍ਰਿਫ਼ਤਾਰ ਕੀਤੇ
ਸੰਜੀਵ ਬੱਬੀ
ਚਮਕੌਰ, 22 ਜੁਲਾਈ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਵਿਖੇ 9ਵੀਂ ਵਿਚ ਪੜ੍ਹਦੀਆਂ ਦੋ ਲੜਕੀਆਂ (ਚਚੇਰੀਆਂ ਭੈਣਾਂ) ਨਾਲ ਦੋ ਨੌਜਵਾਨ ਵੱਲੋਂ ਛੇੜਛਾੜ ਕੀਤੀ ਗਈ ਜਦੋਂ ਲੜਕੀਆਂ ਦੇ ਨਾਲ ਜਾ ਰਹੇ ਉਨ੍ਹਾਂ ਦੇ ਭਰਾ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਵੇਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖਮੀ ਭਰਾ ਨੂੰ ਇਲਾਜ ਲਈ ਸਿਵਲ ਹਸਪਤਾਲ ਚਮਕੌਰ ਸਾਹਿਬ ਦਾਖਲ ਕਰਾਇਆ ਗਿਆ। ਪ੍ਰਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਰਕਾਰੀ ਸਕੂਲ ਬੇਲਾ ਵਿਖੇ ਬਾਰ੍ਹਵੀਂ ਵਿਚ ਪੜ੍ਹਦਾ ਹੈ ਅਤੇ ਆਪਣੀ ਭੈਣ ਸਮੇਤ ਚਾਚੇ ਦੀ ਲੜਕੀ, ਜਿਹੜੀਆਂ ਕਿ ਉਸ ਦੇ ਹੀ ਸਕੂਲ ਵਿਚ ਨੌਵੀਂ ਜਮਾਤ ਵਿਚ ਪੜ੍ਹਦੀਆਂ ਹਨ, ਨਾਲ ਸਵੇਰੇ ਸਾਢੇ ਸੱਤ ਵਜੇ ਪੈਦਲ ਸਕੂਲ ਨੂੰ ਜਾ ਰਿਹਾ ਸੀ ਤਾਂ ਰਾਸਤੇ ਵਿਚ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਉਨ੍ਹਾਂ ਵਿਚ ਇੱਕ ਨਿਹੰਗ ਬਾਣੇ ਵਿਚ ਜਸਕਰਨ ਸਿੰਘ ਉਰਫ ਚੰਨਾ ਵਾਸੀ ਨਿਹੰਗ ਛਾਉਣੀ ਚੌਤਾ ਸੀ। ਉਨ੍ਹਾਂ ਕੋਲ ਆ ਕੇ ਮੋਟਰਸਾਈਕਲ ਰੋਕ ਕੇ ਉਸ ਦੀਆਂ ਭੈਣਾਂ ਨਾਲ ਛੇੜਛਾੜ ਕਰਨ ਲੱਗੇ, ਜਦੋਂ ਉਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਕਰਨ ਸਿੰਘ ਨੇ ਉਸ ਦੇ ਸਿਰ ਵਿਚ ਡੰਡਾ ਮਾਰਿਆ ਤੇ ਉਹ ਸੜਕ ਤੇ ਡਿੱਗ ਗਿਆ ਅਤੇ ਫਿਰ ਵੀ ਉਹ ਡਿੱਗੇ ਹੋਏ ’ਤੇ ਡੰਡੇ ਮਾਰਦਾ ਰਿਹਾ। ਇਸ ਕੁੱਟਮਾਰ ਦੌਰਾਨ ਜਦੋਂ ਉਸ ਦੀਆਂ ਭੈਣਾਂ ਨੇ ਰੌਲਾ ਪਾਇਆ ਤਾਂ ਉਸ ਦਾ ਚਾਚਾ ਵਰਿੰਦਰ ਸਿੰਘ, ਜੋ ਥੋੜ੍ਹੀ ਦੂਰੀ ਸੀ ਭੱਜ ਕੇ ਆਇਆ ਤਾਂ ਉਹ ਨੌਜਵਾਨ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਉਸ ਨੂੰ ਜ਼ਖਮੀ ਹਾਲਤ ਵਿਚ ਚਾਚੇ ਵੱਲੋਂ ਚਮਕੌਰ ਸਾਹਿਬ ਹਸਪਤਾਲ ਦਾਖਲ ਕਰਾਇਆ। ਇਸ ਘਟਨਾ ਕਾਰਨ ਅਤੇ ਮੁਲਜ਼ਮਾਂ ਨੂੰ ਤੁਰੰਤ ਕਾਬੂ ਕਰਨ ਲਈ ਪਰਿਵਾਰਕ ਮੈਂਬਰਾਂ ਵੱਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਕਸਬਾ ਬੇਲਾ ਦੇ ਬੱਸ ਸਟੈਂਡ ਤੇ ਕੁੱਝ ਸਮੇਂ ਲਈ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਧਰਨੇ ਦੌਰਾਨ ਪੁੱਜੇ ਥਾਣਾ ਮੁਖੀ ਗੁਰਜੀਤ ਸਿੰਘ ਅਤੇ ਬੇਲਾ ਪੁਲੀਸ ਚੌਕੀ ਦੇ ਇੰਚਾਰਜ ਸੰਜੀਵ ਭਨੋਟ ਨੇ ਧਰਨਾਕਾਰੀਆਂ ਨੂੰ ਸਮਝਾਇਆ ਕਿ ਪੁਲੀਸ ਕੁੱਝ ਸਮੇਂ ਵਿਚ ਹੀ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ, ਜਿਸ ਤੇ ਲੋਕਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ। ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਜਸਕਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਡੇਰਾ ਚੌਂਤਾ ਨੂੰ ਗ੍ਰਿਫਤਾਰ ਕਰਕੇ ਧਾਰਾ 354/ 341/ 323/ 34 ਆਈਪੀਸੀ ਅਤੇ 8 ਪਾਸਕੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।