ਚਮਕੌਰ ਸਾਹਿਬ: ਕਲੋਨੀ ਵਾਸੀਆਂ ਨੇ ਕਣਕ ਨਾ ਮਿਲਣ ਕਾਰਨ ਪ੍ਰਦਰਸ਼ਨ ਕੀਤਾ
ਸੰਜੀਵ ਬੱਬੀ
ਚਮਕੌਰ ਸਾਹਿਬ, 26 ਜੂਨ
ਇਥੋਂ ਦੀ ਕਲੋਨੀ ਦੇ ਲੋਕਾਂ ਵੱਲੋਂ ਆਟਾ ਦਾਲ ਸਕੀਮ ਅਧੀਨ ਬਣਾਏ ਕਾਰਡਾਂ ਤਹਿਤ ਡਿਪੂਆਂ ਤੋਂ ਕਣਕ ਨਾ ਮਿਲਣ ਕਾਰਨ ਸੀਟੀ ਸੈਂਟਰ ਦੇ ਸਾਹਮਣੇ ਮੇਨ ਸੜਕ ‘ਤੇ ਆਵਾਜਾਈ ਰੋਕ ਕੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ 150 ਦੇ ਕਰੀਬ ਆਟਾ ਦਾਲ ਸਕੀਮ ਅਧੀਨ ਕਾਰਡ ਬਣੇ ਹੋਏ ਸਨ ਪਰ ਹੁਣ ਕਿਸੇ ਵੀ ਜਾਂਚ ਪੜਤਾਲ ਤੋਂ ਬਗੈਰ ਹੀ 100 ਦੇ ਕਰੀਬ ਕਾਰਡ ਧਾਰਕਾਂ ਨੂੰ ਡਿਪੂਆਂ ਤੋਂ ਕਣਕ ਨਹੀਂ ਮਿਲੀ। ਉਨ੍ਹਾਂ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਕਣਕ ਨਾ ਮਿਲੀ ਤਾਂ ਉਹ ਆਉਂਦੇ ਦਿਨਾਂ ਵਿਚ ਮੁੜ ਤੋਂ ਸੜਕ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਗੇ। ਧਰਨੇ ਦੌਰਾਨ ਪੁਲੀਸ ਵੱਲੋਂ ਪਹੁੰਚੇ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੇ ਉਨ੍ਹਾਂ ਨੂੰ ਸਮਝਾ ਕੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨਾਲ ਮੀਟਿੰਗ ਕਰਵਾਉਣ ਲਈ ਕਿਹਾ, ਜਿਸ ‘ਤੇ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕੀਤਾ। ਐੱਸਡੀਐੱਮ ਅਮਰੀਕ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਵਾਉਣਗੇ ਤਾਂ ਜੋ ਕਿ ਕੇ ਨਵੇਂ ਸਿਰੇ ਤੋਂ ਲੋੜਵੰਦਾਂ ਦੇ ਕਾਰਡ ਬਣਾਏ ਜਾ ਸਕਣ।