ਚਮਨ ਸਿੰਘ ਦੀ ਗਾਂ ਨੇ ਜਿੱਤਿਆ ਸੋਨਾਲੀਕਾ ਟਰੈਕਟਰ
ਜਗਤਾਰ ਸਮਾਲਸਰ
ਏਲਨਾਬਾਦ, 4 ਦਸੰਬਰ
ਪਿੰਡ ਟੋਪਰੀਆ ਵਿੱਚ ਲਾਏ ਗਏ ਪਸ਼ੂ ਮੇਲੇ ਵਿੱਚ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਸੈਂਕੜੇ ਪਸ਼ੂ ਮਾਲਕ ਆਪਣੇ ਪਸ਼ੂ ਲੈ ਕੇ ਪਹੁੰਚੇ। ਇਸ ਮੇਲੇ ਵਿੱਚ ਪਸ਼ੂਆਂ ਦੇ ਜ਼ਿਆਦਾ ਦੁੱਧ ਦੇਣ ਦੇ ਮੁਕਾਬਲੇ ਵਿੱਚ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਭਾਨਮਜਾਰਾ ਦੇ ਰਹਿਣ ਵਾਲੇ ਚਮਨ ਸਿੰਘ ਦੀ ਐਚ ਐਫ਼ ਨਸਲ ਦੀ ਗਾਂ ਨੇ ਸਭ ਤੋਂ ਵੱਧ ਦੁੱਧ ਦੇ ਕੇ ਸੋਨਾਲੀਕਾ ਟਰੈਕਟਰ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਦੌਰਾਨ ਪਸ਼ੂ ਪਾਲਕ ਚਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿੰਡ ਵਿੱਚ ਡੇਅਰੀ ਫਾਰਮ ਬਣਾਇਆ ਹੋਇਆ ਹੈ ਜਿਸ ਵਿੱਚ ਉਨ੍ਹਾਂ 70 ਗਾਵਾਂ ਰੱਖੀਆਂ ਹੋਈਆਂ ਹਨ। ਇਸ ਪਸ਼ੂ ਮੇਲੇ ਵਿੱਚ ਉਨ੍ਹਾਂ ਦੀ ਗਾਂ ਨੇ 24 ਘੰਟੇ ਵਿੱਚ 64 ਕਿਲੋ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ ਹੈ। ਚਮਨ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜਗਰਾਓਂ ਵਿੱਚ ਹੋਏ ਪਸ਼ੂ ਮੇਲੇ ਦੌਰਾਨ ਉਨ੍ਹਾਂ ਦੀਆਂ ਗਾਵਾਂ ਦੇਸ਼ ਪੱਧਰ ਦੇ ਮੁਕਾਬਲੇ ਵਿੱਚ 70 ਕਿਲੋ 450 ਗ੍ਰਾਮ ਅਤੇ 67 ਕਿਲੋ ਦੁੱਧ ਦੇ ਕੇ ਪਹਿਲਾ ਇਨਾਮ ਜਿੱਤ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਡੇਅਰੀ ਦਾ ਧੰਦਾ ਲਾਹੇਵੰਦ ਧੰਦਾ ਹੈ ਅਤੇ ਦੁੱਧ 44-45 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਵਿਕ ਜਾਂਦਾ ਹੈ। ਇਸ ਲਈ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਜ਼ਰੂਰ ਅਪਣਾਉਣਾ ਚਾਹੀਦਾ ਹੈ।