For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀ ਤੇ ਨੌਜਵਾਨ ਸੰਗਠਨਾਂ ਵੱਲੋਂ ‘ਚੱਲੋ ਦਿੱਲੀ’ ਰੈਲੀ

08:14 AM Feb 29, 2024 IST
ਵਿਦਿਆਰਥੀ ਤੇ ਨੌਜਵਾਨ ਸੰਗਠਨਾਂ ਵੱਲੋਂ ‘ਚੱਲੋ ਦਿੱਲੀ’ ਰੈਲੀ
ਧਰਨੇ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ। -ਫੋਟੋ: ਮਾਨਸ ਰੰਜਨ ਭੂਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਫਰਵਰੀ
ਦੇਸ਼ ਭਰ ਦੇ ਵਿਦਿਆਰਥੀ-ਨੌਜਵਾਨ ਸੰਗਠਨਾਂ ਨੇ ਇਥੇ ਸੁਰਜੀਤ ਭਵਨ ਵਿੱਚ ਯੰਗ ਇੰਡੀਆ ਦੇ ਬੈਨਰ ਹੇਠ ‘ਚੱਲੋ ਦਿੱਲੀ’ ਰੈਲੀ ਕੀਤੀ ਅਤੇ 2024 ਦੀਆਂ ਚੋਣਾਂ ਲਈ ‘‘ਸਿੱਖਿਆ ਤੇ ਨੌਕਰੀਆਂ, ਨਫ਼ਰਤੀ ਭੀੜ ਨਹੀਂ’’ ਦਾ ਨਾਅਰਾ ਦਿੱਤਾ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਵੀ ਇਸ ਜਨਤਕ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੋਦੀ ਸ਼ਾਸਨ 2024 ਵਿੱਚ ਵੀ ਜਾਰੀ ਰਿਹਾ ਤਾਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਨ ਦੇ ਯੋਗ ਵੀ ਨਹੀਂ ਰਹਿਣ ਦਿੱਤਾ ਜਾਵੇਗਾ। ਸਾਨੂੰ ਇਕਜੁੱਟ ਹੋ ਕੇ ਲੋਕਤੰਤਰ ’ਤੇ ਹੋਏ ਇਸ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ।
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਇਹ ਸਰਕਾਰ ਮਨਰੇਗਾ ਬਾਰੇ ਚੁੱਪ ਕਿਉਂ ਹੈ ? ਐੱਮਐੱਸਪੀ ’ਤੇ ਚੁੱਪ ਕਿਉਂ ਹੈ ? ਮੁੱਖ ਮੁੱਦਿਆਂ ਅਤੇ ਸਮਾਜ ਵਿੱਚ ਨਫ਼ਰਤ ਫੈਲਾਉਣ ਦੀ ਇਸ ਨੀਤੀ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਰਾਸ਼ਟਰੀ ਜਨਤਾ ਦਲ ਦੇ ਕੌਮੀ ਬੁਲਾਰੇ ਨਵਲ ਕਿਸ਼ੋਰ ਨੇ ਕਿਹਾ ਕਿ ਬਿਹਾਰ ਫਾਸ਼ੀਵਾਦੀ ਹਮਲੇ ਨੂੰ ਚੁਣੌਤੀ ਦੇਣ ਦਾ ਰਸਤਾ ਦਿਖਾ ਰਿਹਾ ਹੈ ਅਤੇ ਸਾਨੂੰ ਉਮੀਦ ਹੈ ਕਿ ਦੇਸ਼ ਰਸਤਾ ਦੇਖੇਗਾ। ਨੰਦਿਤਾ ਨਰਾਇਣ ਨੇ ਕਿਹਾ ਕਿ ਅੱਜ ਯੁਵਾ ਭਾਰਤ ਆਪਣੇ ਅਧਿਕਾਰਾਂ ਅਤੇ ਆਪਣੀਆਂ ਜਨਤਕ ਸੰਸਥਾਵਾਂ ਲਈ ਖੜ੍ਹਾ ਹੈ ਅਤੇ ਫਾਸ਼ੀਵਾਦੀਆਂ ਨੂੰ ਸੱਤਾ ਤੋਂ ਬਾਹਰ ਕਰਨ ਲਈ ਸਾਨੂੰ ਇਸ ਸੰਯੁਕਤ ਯਤਨ ਨੂੰ ਜਾਰੀ ਰੱਖਣਾ ਚਾਹੀਦਾ ਹੈ। ਸੁਤੰਤਰ ਪੱਤਰਕਾਰ ਨਵੀਨ ਕੁਮਾਰ ਨੇ ਕਿਹਾ ਕਿ ਯੰਗ ਇੰਡੀਆ ਏਕਤਾ ਦਿਖਾ ਰਿਹਾ ਹੈ, ਜਿਸ ਤੋਂ ਭਾਜਪਾ ਡਰਦੀ ਹੈ। ਦੇਸ਼ ਭਰ ਦੇ ਨੌਜਵਾਨ ਨਫਰਤ ਦੀ ਰਾਜਨੀਤੀ ਨੂੰ ਨਕਾਰ ਰਹੇ ਹਨ।
ਬਿਹਾਰ ਤੋਂ ਸੀਪੀਆਈਐੱਮਐੱਲ ਦੇ ਵਿਧਾਇਕ ਸੰਦੀਪ ਸੌਰਵ ਨੇ ਕਿਹਾ ਕਿ ਨੌਜਵਾਨ ਭਾਰਤ ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਨਿਆਂ ਲਈ ਆਵਾਜ਼ ਉਠਾ ਰਿਹਾ ਹੈ, ਜਦੋਂਕਿ ਸਰਕਾਰ ‘ਹਾਰਸ ਟਰੇਡਿੰਗ’ ਅਤੇ ‘ਈਵੀਐੱਮ ਹੈਕਿੰਗ’ ਵਿੱਚ ਰੁੱਝੀ ਹੋਈ ਹੈ। ਇਸ ਸਰਕਾਰ ਨੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਬੇਨਕਾਬ ਕਰ ਦਿੱਤਾ ਹੈ। ਇਕੱਠ ਨੂੰ ਏਆਈਐੱਸਏ, ਐੱਸਐੱਫਆਈ, ਐੱਮਐੱਸਐੱਫ, ਏਆਈਐੱਸਐੱਫ, ਪੀਐੱਸਯੂ, ਆਰਏਏ, ਏਆਈਵਾਈਐੱਲ ਸਣੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×