ਵਿਸ਼ਵ ਸ਼ਾਂਤੀ ਲਈ ਚੁਣੌਤੀਪੂਰਨ ਸਮਾਂ
ਯੂਕਰੇਨ ਦੇ ਜ਼ਪੋਰੀਅਜ਼ਾ ਪਰਮਾਣੂ ਪਲਾਂਟ ਵਿੱਚ ਅੱਗ ਲੱਗਣ ਦੀ ਖ਼ਬਰ ਨੇ ਦੁਨੀਆ ਭਰ ਦੇ ਲੋਕਾਂ ਦੇ ਮਨਾਂ ਵਿੱਚ ਕੰਬਣੀ ਛੇੜ ਦਿੱਤੀ। ਪਰਮਾਣੂ ਪਾਵਰ ਪਲਾਂਟਾਂ ਵਿੱਚ ਹਾਦਸਿਆਂ ਦੇ ਮਨੁੱਖਤਾ ਲਈ ਗੰਭੀਰ ਨਤੀਜੇ ਹੁੰਦੇ ਹਨ। ਇਹ ਥ੍ਰੀ ਮਾਈਲ ਆਈਲੈਂਡ, ਚਨੇਬਲ ਅਤੇ ਫੁਕੂਸ਼ੀਮਾ ਹਾਦਸਿਆਂ ਵੇਲੇ ਸਾਬਤ ਹੋ ਚੁੱਕਾ ਹੈ। ਦੋ ਸਾਲ ਪਹਿਲਾਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਸ਼ਾਂਤੀ ਅਤੇ ਪਰਮਾਣੂ ਨਿਸ਼ਸਤਰੀਕਰਨ ਦੀਆਂ ਤਾਕਤਾਂ ਨੇ ਅਜਿਹੀ ਘਟਨਾ ਦੀ ਵਾਰ ਵਾਰ ਚਿਤਾਵਨੀ ਦਿੱਤੀ ਹੈ। ਪਰਮਾਣੂ ਪਲਾਂਟ 2022 ਤੋਂ ਰੂਸ ਦੇ ਕੰਟਰੋਲ ’ਚ ਹੈ। ਹੁਣ ਇਸ ਅੱਗ ਲਈ ਰੂਸ ਅਤੇ ਯੂਕਰੇਨ ਦੋਵੇਂ ਇੱਕ-ਦੂਜੇ ’ਤੇ ਦੋਸ਼ ਲਗਾ ਰਹੇ ਹਨ।
ਹੁਣ ਇਹ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਨਹੀਂ ਜਾਪਦੀ ਸਗੋਂ ਅਮਰੀਕਾ, ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਦੇ ਸਮਰਥਨ ਨਾਲ ਯੁੱਧ ਨੇ ਗੰਭੀਰ ਰੁਖ਼ ਲੈ ਲਿਆ ਹੈ। ਇਹ ਮੰਦਭਾਗਾ ਹੈ ਕਿ ਯੂ.ਐੱਨ.ਓ. ਅਤੇ ਸ਼ਾਂਤੀਪਸੰਦ ਤਾਕਤਾਂ ਦੇ ਕਈ ਯਤਨਾਂ ਦੇ ਬਾਵਜੂਦ ਜੰਗ ਖ਼ਤਮ ਨਹੀਂ ਹੋ ਰਹੀ। ਕੁਰਸਕ ਵਿਖੇ ਰੂਸੀ ਖੇਤਰ ਵਿੱਚ ਦਾਖ਼ਲ ਹੋਣ ਵਾਲੀਆਂ ਯੂਕਰੇਨੀ ਫ਼ੌਜਾਂ ਨੇ ਜੰਗ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਸਥਿਤੀ ਵਿੱਚ ਨੇੜ ਭਵਿੱਖ ਵਿੱਚ ਕੋਈ ਗੰਭੀਰ ਸ਼ਾਂਤੀ ਵਾਰਤਾ ਹੁੰਦੀ ਨਜ਼ਰ ਨਹੀਂ ਆ ਰਹੀ।
ਮੱਧ ਪੂਰਬ ’ਚ ਵੀ ਸਥਿਤੀ ਵਿਗੜਦੀ ਜਾ ਰਹੀ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ’ਤੇ ਇਜ਼ਰਾਈਲ ਦੀ ਜੰਗ ਹੋਰ ਤੇਜ਼ ਹੋ ਗਈ ਹੈ ਕਿਉਂਕਿ ਮੱਧ ਗਾਜ਼ਾ ਵਿੱਚ ਤਬੀਨ ਸਕੂਲ (ਜਿਸ ਨੂੰ ਪਨਾਹਗਾਹ ਵਿੱਚ ਬਦਲਿਆ ਗਿਆ ਹੈ) ਤੇ ਆਈਡੀਐਫ (ਇਜ਼ਰਾਇਲੀ ਸੁਰੱਖਿਆ ਦਸਤੇ) ਵੱਲੋਂ ਹਵਾਈ ਹਮਲੇ ਵਿੱਚ ਲਗਭਗ 100 ਲੋਕ ਮਾਰੇ ਗਏ। ਇਜ਼ਰਾਈਲ ਨੇ ਕਿਹਾ ਕਿ ਉਸ ਨੇ ਹਮਾਸ ਦੇ ਕਮਾਂਡ ਸੈਂਟਰ ਨੂੰ ਨਸ਼ਟ ਕਰਨ ਲਈ ਹਮਲਾ ਕੀਤਾ ਸੀ। ਉਨ੍ਹਾਂ ਦੇ ਇਸ ਦਾਅਵੇ ਦਾ ਹਮਾਸ ਨੇ ਖੰਡਨ ਕੀਤਾ ਹੈ। ਇਹ ਅਜੀਬ ਹੈ ਕਿ ਇਜ਼ਰਾਈਲ ਦਸਤੇ ਸਦੀ ਦੇ ਸਭ ਤੋਂ ਵਹਿਸ਼ੀ ਹਮਲੇ ਦੇ 10 ਮਹੀਨਿਆਂ ਬਾਅਦ ਵੀ ਹਮਾਸ ਨੂੰ ਤਬਾਹ ਨਹੀਂ ਕਰ ਸਕੇ। ਗਾਜ਼ਾ ’ਚ ਲਗਭਗ 80 ਫ਼ੀਸਦੀ ਬੁਨਿਆਦੀ ਢਾਂਚਾ ਮਲਬੇ ਵਿੱਚ ਬਦਲ ਗਿਆ ਹੈ। ਇੱਥੋਂ ਤੱਕ ਕਿ ਰਾਫਾਹ ਸ਼ਹਿਰ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਵੱਡੀ ਗਿਣਤੀ ਲੋਕ ਮਾਰੇ ਅਤੇ ਸੈਂਕੜੇ ਹਜ਼ਾਰਾਂ ਬੇਘਰ ਹੋ ਗਏ ਹਨ। ਗਾਜ਼ਾ ਦੇ ਲੋਕ ਨਿਆਸਰੇ ਹੋਏ ਇਧਰ ਉਧਰ ਭੱਜਦੇ ਫਿਰਦੇ ਹਨ ਪਰ ਉਨ੍ਹਾਂ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਭੋਜਨ ਸਮੇਤ ਮਨੁੱਖਤਾਵਾਦੀ ਸਹਾਇਤਾ ਬਹੁਤ ਸੀਮਤ ਮਾਤਰਾ ਵਿੱਚ ਪਹੁੰਚ ਰਹੀ ਹੈ। ਉਨ੍ਹਾਂ ਦੇ ਰਹਿਣ ਲਈ ਕੋਈ ਸਾਫ਼-ਸਫ਼ਾਈ ਵਾਲੀ ਥਾਂ ਨਹੀਂ ਹੈ, ਨਤੀਜੇ ਵਜੋਂ ਬਿਮਾਰੀਆਂ ਅਤੇ ਭੁੱਖਮਰੀ ਫੈਲ ਰਹੀ ਹੈ। ਇਜ਼ਰਾਈਲ ਦਾ ਇਰਾਦਾ ਫ਼ਲਸਤੀਨੀਆਂ ਦੇ ਖਾਤਮੇ ਦਾ ਜਾਪਦਾ ਹੈ।
ਇਰਾਨ ’ਚ ਹਮਾਸ ਦੇ ਨੇਤਾ ਇਸਮਾਈਲ ਹਨੀਆ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਇਰਾਨ ਅਤੇ ਇਜ਼ਰਾਈਲ ਦੋਵੇਂ ਪਰਮਾਣੂ ਸ਼ਕਤੀ ਵਾਲੇ ਦੇਸ਼ ਅਤੇ ਇੱਕ-ਦੂਜੇ ਦੇ ਘਾਤਕ ਦੁਸ਼ਮਣ ਹਨ। ਇਰਾਨ ਨੇ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ ਹੈ। ਇਜ਼ਰਾਈਲ ਨੇ ਪੱਛਮੀ ਕੰਢੇ ’ਤੇ ਹਮਲਾ ਤੇਜ਼ ਕਰ ਦਿੱਤਾ ਹੈ ਅਤੇ ਲਿਬਨਾਨ ਤੇ ਹਿਜ਼ਬੁੱਲਾ ਜਵਾਬੀ ਕਾਰਵਾਈ ਕਰ ਰਹੇ ਹਨ। ਇਸ ਖੇਤਰ ਵਿੱਚ ਜੰਗ ਦਾ ਹੋਰ ਵਾਧਾ ਬਹੁਤ ਨੇੜੇ ਹੈ ਕਿਉਂਕਿ ਇਜ਼ਰਾਈਲ ਸਰਕਾਰ ਨੇ ਆਈਸੀਸੀ ਅਤੇ ਆਈਸੀਜੇ ਦੇ ਕਿਸੇ ਵੀ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਯੂਐੱਨਓ ਅਤੇ ਕਈ ਹੋਰ ਦੇਸ਼ਾਂ ਦੀਆਂ ਚਿਤਾਵਨੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।
ਦੋਵਾਂ ਖਿੱਤਿਆਂ ਵਿੱਚ ਸਥਿਤੀ ਵਿਗੜਨ ਨਾਲ ਦੁਨੀਆ ’ਚ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਅਸਲ ਸੰਭਾਵਨਾ ਬਣ ਸਕਦਾ ਹੈ ਜਿਸ ਦੇ ਬਹੁਤ ਗੰਭੀਰ ਨਤੀਜੇ ਹੋਣਗੇ। ਸੀਤ ਯੁੱਧ ਤੋਂ ਬਾਅਦ ਦੁਨੀਆ ਉੱਪਰ ਪਰਮਾਣੂ ਹਥਿਆਰਾਂ ਦਾ ਖ਼ਤਰਾ ਇੰਨਾ ਕਦੇ ਵੀ ਨਹੀਂ ਸੀ ਜਿੰਨਾ ਅੱਜ ਹੈ। ਇਹ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਸੀਂ 6 ਅਤੇ 9 ਅਗਸਤ 1945 ਨੂੰ ਅਮਰੀਕੀ ਫ਼ੌਜ ਵੱਲੋਂ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਕੀਤੇ ਗਏ ਪਰਮਾਣੂ ਬੰਬ ਧਮਾਕੇ ਦੀ 79ਵੀਂ ਬਰਸੀ ਮੌਕੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ।
ਦੂਜੀ ਆਲਮੀ ਜੰਗ ਵਿੱਚ ਲਗਭਗ 1.5 ਕਰੋੜ ਫੌਜੀ ਅਤੇ 4.5 ਕਰੋੜ ਨਾਗਰਿਕਾਂ ਸਮੇਤ 6 ਕਰੋੜ ਤੋਂ ਵੱਧ ਲੋਕਾਂ ਦੀ ਮੌਤ ਹੋਈ। ਜਾਪਾਨ ਉੱਤੇ ਪਰਮਾਣੂ ਬੰਬ ਧਮਾਕੇ ਵਿੱਚ 210000 ਲੋਕ ਮਾਰੇ ਗਏ ਸਨ। ਅਜੋਕੇ ਪਰਮਾਣੂ ਹਥਿਆਰ ਬਹੁਤ ਜ਼ਿਆਦਾ ਘਾਤਕ ਹਨ। IPPNW (ਦੁਨੀਆ ਵਿੱਚ ਸ਼ਾਂਤੀ ਲਈ ਡਾਕਟਰਾਂ ਦੀ ਜਥੇਬੰਦੀ) ਦੁਆਰਾ ਕੀਤੇ ਗਏ ਅਧਿਐਨਾਂ ਨੇ ਦਿਖਾਇਆ ਹੈ ਕਿ ਦੋ ਪ੍ਰਮੁੱਖ ਪਰਮਾਣੂ ਸ਼ਕਤੀਆਂ, ਰੂਸ ਅਤੇ ਅਮਰੀਕਾ ਵਿਚਕਾਰ ਕੋਈ ਵੀ ਪਰਮਾਣੂ ਟਕਰਾਅ ਹਜ਼ਾਰਾਂ ਸਾਲਾਂ ਦੀ ਮਨੁੱਖੀ ਕਿਰਤ ਦੁਆਰਾ ਬਣਾਈ ਗਈ ਆਧੁਨਿਕ ਸੱਭਿਅਤਾ ਦਾ ਅੰਤ ਕਰ ਸਕਦਾ ਹੈ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਅਜਿਹੇ ਟਕਰਾਅ ਨਾਲ ਦੋ ਅਰਬ ਤੋਂ ਵੱਧ ਲੋਕਾਂ ਨੂੰ ਭੁੱਖਮਰੀ ਅਤੇ ਮੌਤ ਦਾ ਖ਼ਤਰਾ ਹੋਵੇਗਾ।
ਜਾਪਾਨ ’ਤੇ ਪਰਮਾਣੂ ਬੰਬ ਧਮਾਕੇ ਨੇ ਪਰਮਾਣੂ ਹਥਿਆਰਾਂ ਦੀ ਦੌੜ ਸ਼ੁਰੂ ਕਰ ਦਿੱਤੀ। 1945 ਵਿੱਚ ਦੋ ਪਰਮਾਣੂ ਹਥਿਆਰਾਂ ਤੋਂ 1985 ਵਿੱਚ ਉਨ੍ਹਾਂ ਦੀ ਗਿਣਤੀ 61000 ਤੋਂ ਵੱਧ ਹੋ ਗਈ (ਅਮਰੀਕਾ 21392 ਅਤੇ ਯੂਐੱਸਐੱਸਆਰ 39197)। 1960 ਤੋਂ 1969 ਤੱਕ ਕੁੱਲ 706 ਪਰਮਾਣੂ ਹਥਿਆਰਾਂ ਦੇ ਪ੍ਰੀਖਣ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ 418 ਅਮਰੀਕਾ ਦੁਆਰਾ ਅਤੇ 232 ਯੂਐੱਸਐੱਸਆਰ ਦੁਆਰਾ ਕੀਤੇ ਗਏ ਸਨ। ਸਥਾਨਕ ਆਬਾਦੀ ’ਤੇ ਇਨ੍ਹਾਂ ਪ੍ਰੀਖਣਾਂ ਦੇ ਨੁਕਸਾਨਦੇਹ ਪ੍ਰਭਾਵਾਂ ਦੀਆਂ ਕਾਫ਼ੀ ਰਿਪੋਰਟਾਂ ਹਨ। 18 ਸਤੰਬਰ 2019 ਨੂੰ ਅਸਤਾਨਾ ਵਿੱਚ ਕਰਵਾਈ ‘ਨੇਵਾਦਾ-ਸੇਮੇ’ ਅੰਤਰਰਾਸ਼ਟਰੀ ਐਂਟੀਨਿਊਕਲੀਅਰ ਅੰਦੋਲਨ (IAM ‘Nevada-Semey’) ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਇੱਕ ਅੰਤਰਰਾਸ਼ਟਰੀ ਵਿਗਿਆਨਕ-ਪ੍ਰੈਕਟੀਕਲ ਕਾਨਫਰੰਸ ਨੇ ਇਸ ਤੱਥ ਨੂੰ ਉਜਾਗਰ ਕੀਤਾ। ਮਾਰਸ਼ਲ ਆਈਲੈਂਡਜ਼ ਦੀਆਂ ਅਜਿਹੀਆਂ ਰਿਪੋਰਟਾਂ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੀਆਂ ਹਨ।
ਇਹ ਉਹ ਸਮਾਂ ਵੀ ਸੀ ਜਦੋਂ ਲੋਕਾਂ ਨੇ ਨਿਸ਼ਸਤਰੀਕਰਨ ਖ਼ਾਸਕਰ ਪਰਮਾਣੂ ਨਿਸ਼ਸਤਰੀਕਰਨ ਲਈ ਆਪਣੀ ਆਵਾਜ਼ ਉਠਾਈ ਸੀ। ਸ਼ਾਂਤੀ ਸੰਗਠਨਾਂ ਦੁਆਰਾ ਵੱਡੇ ਪੱਧਰ ’ਤੇ ਸੂਚਨਾ ਦੇ ਪ੍ਰਵਾਹ ਨੇ ਹਥਿਆਰਾਂ ਦੀ ਦੌੜ ਦੇ ਖ਼ਤਰੇ ਅਤੇ ਪਰਮਾਣੂ ਹਥਿਆਰਾਂ ਦੇ ਮੁਕੰਮਲ ਖ਼ਾਤਮੇ ਦੀ ਜ਼ਰੂਰਤ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਿਹਾ ਜਾਂਦਾ ਹੈ ਕਿ 1983 ਵਿੱਚ ਪੱਛਮੀ ਬਰਲਿਨ ਵਿੱਚ ਪਰਮਾਣੂ ਵਿਰੋਧੀ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਹੋਇਆ ਸੀ ਜਿਸ ਵਿੱਚ ਲਗਭਗ 600,000 ਭਾਗੀਦਾਰ ਸਨ। ਅਕਤੂਬਰ 1983 ਵਿੱਚ ਪੱਛਮੀ ਯੂਰਪ ਵਿੱਚ ਲਗਭਗ 30 ਲੱਖ ਲੋਕਾਂ ਨੇ ਪਰਮਾਣੂ ਮਿਜ਼ਾਈਲਾਂ ਦੀ ਤਾਇਨਾਤੀ ਦਾ ਵਿਰੋਧ ਕੀਤਾ ਅਤੇ ਪਰਮਾਣੂ ਹਥਿਆਰਾਂ ਦੀ ਦੌੜ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਮਈ 1979 ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਵਿਸ਼ਾਲ ਪਰਮਾਣੂ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ ਸੀ, ਜਦੋਂ ਕੈਲੀਫੋਰਨੀਆ ਦੇ ਗਵਰਨਰ ਸਮੇਤ 65,000 ਲੋਕਾਂ ਨੇ ਪਰਮਾਣੂ ਸ਼ਕਤੀ ਦੇ ਵਿਰੁੱਧ ਇੱਕ ਮਾਰਚ ਅਤੇ ਰੈਲੀ ਵਿੱਚ ਹਿੱਸਾ ਲਿਆ ਸੀ। ਨਿਊਯਾਰਕ ਸਿਟੀ ਵਿੱਚ 23 ਸਤੰਬਰ 1979 ਨੂੰ ਲਗਭਗ 200,000 ਲੋਕਾਂ ਨੇ ਪਰਮਾਣੂ ਸ਼ਕਤੀ ਖ਼ਿਲਾਫ਼ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਖ਼ਤਰੇ ਅਤੇ ਜਨਤਕ ਦਬਾਅ ਨੂੰ ਸਮਝਦਿਆਂ ਪਰਮਾਣੂ ਹਥਿਆਰਾਂ ਵਾਲੇ ਪ੍ਰਮੁੱਖ ਦੇਸ਼ਾਂ ਅਮਰੀਕਾ ਅਤੇ ਯੂਐੱਸਐੱਸਆਰ ਨੇ ਪਰਮਾਣੂ ਹਥਿਆਰਾਂ ਦੀ ਗਿਣਤੀ ਘਟਾ ਦਿੱਤੀ। ਸੀਤ ਯੁੱਧ ਦੇ ਅੰਤ ਤੋਂ ਬਾਅਦ ਪਰਮਾਣੂ ਹਥਿਆਰਾਂ ਦੀ ਗਿਣਤੀ 1990 ਵਿੱਚ 51000 ਤੋਂ ਘਟ ਕੇ 2020 ਵਿੱਚ 13400 ਰਹਿ ਗਈ।
ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਕਿ ਪਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾਵੇ। ਹਥਿਆਰਾਂ ਦੀ ਦੌੜ ’ਤੇ ਖਰਚਾ ਘਟਾਇਆ ਜਾਣਾ ਚਾਹੀਦਾ ਹੈ ਅਤੇ ਵਿਵਾਦਾਂ ਨੂੰ ਸੁਲਝਾਉਣ ਲਈ ਆਪਸੀ ਗੱਲਬਾਤ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਉਲਟ ਹਥਿਆਰਾਂ ’ਤੇ ਖਰਚਾ ਵਧ ਰਿਹਾ ਹੈ। 2022 ਵਿੱਚ ਸੰਸਾਰ ਦਾ ਫ਼ੌਜੀ ਖਰਚ 2240 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਅਤੇ 82.9 ਬਿਲੀਅਨ ਡਾਲਰ ਸਿਰਫ਼ ਪਰਮਾਣੂ ਹਥਿਆਰਾਂ ਉੱਤੇ ਖਰਚ ਕੀਤੇ ਗਏ। ਪਰਮਾਣੂ ਹਥਿਆਰਾਂ ਦੇ ਖ਼ਾਤਮੇ ਲਈ ਅੰਤਰਰਾਸ਼ਟਰੀ ਮੁਹਿੰਮ (ICAN) ਅਨੁਸਾਰ 2023 ਵਿੱਚ 9 ਪ੍ਰਮਾਣੂ ਹਥਿਆਰਬੰਦ ਰਾਜਾਂ ਨੇ ਇੱਕ ਸਾਲ ਪਹਿਲਾਂ ਨਾਲੋਂ ਆਪਣੇ ਪਰਮਾਣੂ ਹਥਿਆਰਾਂ ’ਤੇ 10.8 ਬਿਲੀਅਨ ਡਾਲਰ (13.4 ਫ਼ੀਸਦੀ) ਵੱਧ ਖਰਚ ਕੀਤੇ ਜਿਸਦਾ ਮਤਲਬ ਹੈ 2,898 ਡਾਲਰ ਪ੍ਰਤੀ ਸਕਿੰਟ।
ਵੱਡੀਆਂ ਤਾਕਤਾਂ ਨੂੰ ਉਸਾਰੂ ਭੂਮਿਕਾ ਨਿਭਾਉਣੀ ਪਵੇਗੀ। ਅਮਰੀਕੀ ਪ੍ਰਸ਼ਾਸਨ ਨੂੰ ਦੂਹਰੇ ਮਾਪਦੰਡਾਂ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ। ਇਜ਼ਰਾਈਲ ਨੂੰ ਉਨ੍ਹਾਂ ਦੀ ਲਗਾਤਾਰ ਹਥਿਆਰਾਂ ਦੀ ਸਪਲਾਈ ਅਤੇ ਜ਼ੈਲੰਸਕੀ ਨੂੰ ਭੜਕਾਉਣਾ ਸਥਿਤੀ ਨੂੰ ਸੌਖਾ ਨਹੀਂ ਕਰੇਗਾ। ਉਨ੍ਹਾਂ ਨੂੰ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਲਈ ਸਪੱਸ਼ਟ ਹੋਣਾ ਚਾਹੀਦਾ ਹੈ। ਇਹ ਮੰਦਭਾਗਾ ਹੈ ਕਿ ਜੀ-7 ਨੇ ਨਾਗਾਸਾਕੀ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਜਾਪਾਨ ਦੁਆਰਾ ਕਰਵਾਏ ਸਮਾਗਮ ਵਿੱਚ ਹਿੱਸਾ ਨਹੀਂ ਲਿਆ ਕਿਉਂਕਿ ਇਜ਼ਰਾਈਲ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਇਹ ਚੰਗਾ ਰੁਖ਼ ਨਹੀਂ ਹੈ। ਪਰਮਾਣੂ ਹਥਿਆਰਾਂ ਦੀ ਮਨਾਹੀ (TPNW) ਦੀ ਸੰਧੀ ਵਿੱਚ ਸ਼ਾਮਲ ਹੋ ਕੇ ਸ਼ਾਂਤੀ ਅਤੇ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਨੂੰ ਉਤਸ਼ਾਹਿਤ ਕਰਨ ਦਾ ਸਮਾਂ ਹੁਣ ਹੈ। ਪਰਮਾਣੂ ਹਥਿਆਰਾਂ ਦੇ ਖਾਤਮੇ ਦੇ ਟੀਚੇ ਨੂੰ ਹਾਸਲ ਕਰਨ ਲਈ 1980 ਦੇ ਦਹਾਕੇ ਨਾਲੋਂ ਬਹੁਤ ਜ਼ਿਆਦਾ ਸਰਗਰਮ ਅਤੇ ਸੰਗਠਿਤ ਸ਼ਾਂਤੀਪੂਰਵਕ ਢੰਗ ਨਾਲ ਅੰਦੋਲਨ ਚਲਾਉਣਾ ਚਾਹੀਦਾ ਹੈ। ਸਾਨੂੰ ਜੰਗ ਅਤੇ ਪਰਮਾਣੂ ਹਥਿਆਰਾਂ ਖ਼ਿਲਾਫ਼ ਹੋਰ ਵੀ ਵੱਡੇ ਜਨਤਕ ਵਿਰੋਧ ਦੀ ਲੋੜ ਹੈ।