For the best experience, open
https://m.punjabitribuneonline.com
on your mobile browser.
Advertisement

ਸ਼ਹਿਰੀ ਖੇਤਰਾਂ ਦੇ ਵੋਟਰਾਂ ਨੂੰ ਭਰਮਾਉਣਾ ਅਕਾਲੀ ਉਮੀਦਵਾਰ ਢਿੱਲੋਂ ਲਈ ਚੁਣੌਤੀ

07:52 AM Apr 24, 2024 IST
ਸ਼ਹਿਰੀ ਖੇਤਰਾਂ ਦੇ ਵੋਟਰਾਂ ਨੂੰ ਭਰਮਾਉਣਾ ਅਕਾਲੀ ਉਮੀਦਵਾਰ ਢਿੱਲੋਂ ਲਈ ਚੁਣੌਤੀ
ਰਣਜੀਤ ਸਿੰਘ ਢਿੱਲੋਂ ਦਾ ਸਨਮਾਨ ਕਰਨ ਕਰਦੇ ਹੋਏ ਅਕਾਲੀ ਵਰਕਰ। -ਫੋਟੋ: ਇੰਦਰਜੀਤ ਵਰਮਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਅਪਰੈਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਢਿੱਲੋਂ ਦੀ ਹੁਣ ਸਿੱਧੀ ਟੱਕਰ ਭਾਜਪਾ ਦੇ ਰਵਨੀਤ ਬਿੱਟੂ ਅਤੇ ‘ਆਪ’ ਦੇ ਅਸ਼ੋਕ ਪਰਾਸ਼ਰ ਪੱਪੀ ਨਾਲ ਹੋਵੇਗੀ। ਹਾਲੇ ਕਾਂਗਰਸੀ ਉਮੀਦਵਾਰ ਦੀ ਉਡੀਕ ਹੋ ਰਹੀ ਹੈ।
ਇਸ ਸੀਟ ’ਤੇ ਚਕੌਣਾ ਮੁਕਾਬਲਾ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਲੁਧਿਆਣਾ ਸੀਟ ਦੀ ਚੋਣ ਇਸ ਵਾਰ ਸਭ ਤੋਂ ਦਿਲਚਸਪ ਹੋਵੇਗੀ। ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸ਼ਹਿਰੀ ਖੇਤਰਾਂ ਵਿੱਚੋਂ ਵੋਟਾਂ ਲੈਣਾ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਦਰਅਸਲ ਲੁਧਿਆਣਾ ਲੋਕ ਸਭਾ ਸੀਟ ’ਚ 6 ਵਿਧਾਨ ਸਭਾ ਹਲਕੇ ਸ਼ਹਿਰੀ ਅਤੇ ਤਿੰਨ ਦਾਖਾ, ਜਗਰਾਉਂ ਅਤੇ ਗਿੱਲ ਦਿਹਾਤੀ ਹਨ। ਅਜਿਹੇ ’ਚ 6 ਸ਼ਹਿਰੀ ਵਿਧਾਨ ਸਭਾ ਸੀਟਾਂ ਹੋਣ ਕਰਕੇ ਇਸ ਸੀਟ ’ਤੇ ਸ਼ਹਿਰੀ ਵੋਟਰਾਂ ਦਾ ਖਾਸ ਦਬਦਬਾ ਹੈ। ਇਨ੍ਹਾਂ ਖੇਤਰਾਂ ਵਿੱਚ 75 ਫੀਸਦੀ ਵੋਟਾਂ ਵੀ ਹਨ। ਹਾਲਾਂਕਿ, ਦਿਹਾਤੀ ਇਲਾਕੇ ’ਚ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਮਜ਼ਬੂਤ ਹੈ, ਪਰ ਰਣਜੀਤ ਸਿੰਘ ਢਿੱਲੋਂ ਲਈ ਸ਼ਹਿਰੀ ਵੋਟਰਾਂ ਨੂੰ ਆਪਣੇ ਵੱਲ ਕਰਨਾ ਵੱਡੀ ਚੁਣੌਤੀ ਹੈ। ਕਿਸਾਨ ਅੰਦੋਲਨ ਦੌਰਾਨ ਗੱਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਅਕਾਲੀ ਦਲ ਤੇ ਭਾਜਪਾ ਇਕੱਲੇ ਇਕੱਲੇ ਚੋਣ ਲੜ ਰਹੇ ਹਨ।
58 ਸਾਲਾਂ ਦੇ ਰਣਜੀਤ ਸਿੰਘ ਢਿੱਲੋਂ ਨੇ ਆਪਣਾ ਸਿਆਸੀ ਸਫ਼ਰ ਕੌਂਸਲਰ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ ਹਲਕਾ ਪੂਰਬੀ ਤੋਂ ਵਿਧਾਇਕ ਬਣੇ। ਹਾਲਾਂਕਿ, ਉਸ ਤੋਂ ਬਾਅਦ ਉਹ ਹਲਕਾ ਪੂਰਬੀ ਤੋਂ ਹਾਰ ਗਏ ਪਰ ਇਸ ਦੇ ਬਾਵਜੂਦ ਸ਼ਹਿਰੀ ਹਲਕੇ ਪੂਰਬੀ ਵਿੱਚ ਰਣਜੀਤ ਸਿੰਘ ਦਿੱਲੋਂ ਦਾ ਖੁਦ ਦਾ ਵੋਟ ਵਧਿਆ ਬੈਂਕ ਹੈ। ਖਾਸ ਗੱਲ ਇਹ ਵੀ ਹੈ ਕਿ ਰਣਜੀਤ ਸਿੰਘ ਢਿੱਲੋਂ ਇਮਾਨਦਾਰ ਤੇ ਸਾਫ਼ ਛਵੀ ਵਾਲੇ ਆਗੂ ਹਨ। ਸਾਲ 2012 ’ਚ ਉਹ ਹਲਕਾ ਪੂਰਬੀ ਤੋਂ ਹੀ ਵਿਧਾਨ ਸਭਾ ਦੀ ਚੋਣ ਲੜੇ ਸਨ ਤੇ ਕਾਂਗਰਸ ਦੇ ਗੁਰਮੇਲ ਸਿੰਘ ਪਹਿਲਵਾਨ ਨੂੰ 4569 ਵੋਟਾਂ ਨਾਲ ਹਰਾ ਕੇ ਵਿਧਾਇਕ ਬਣੇ ਸਨ। ਇਸ ਤੋਂ ਬਾਅਦ ਸਾਲ 2017 ਅਤੇ 2022 ’ਚ ਵੀ ਉਹ ਵਿਧਾਨ ਸਭਾ ਚੋਣ ਹਲਕਾ ਪੂਰਬੀ ਤੋਂ ਹੀ ਲੜੇ, ਪਰ 2017 ’ਚ ਸੰਜੇ ਤਲਵਾੜ ਅਤੇ 2022 ’ਚ ਦਲਜੀਤ ਸਿੰਘ ਭੋਲਾ ਗਰੇਵਾਲ ਤੋਂ ਹਾਰ ਗਏ।

Advertisement

ਰਣਜੀਤ ਢਿੱਲੋਂ ਵੱਲੋਂ ਅਕਾਲੀ ਆਗੂਆਂ ਨਾਲ ਮੀਟਿੰਗਾਂ

ਲੁਧਿਆਣਾ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਦਿਆਂ ਅਕਾਲੀ ਆਗੂਆਂ ਨਾਲ ਆਪਣੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰਕੇ ਚੋਣਾਂ ਦੀ ਵਿਉਂਤਬੰਦੀ ਘੜਨੀ ਸ਼ੁਰੂ ਕਰ ਦਿੱਤੀ ਹੈ। ਢਿੱਲੋਂ ਨੇ ਅੱਜ ਸਵੇਰੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਉਨ੍ਹਾਂ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ’ਤੇ ਜਾ ਕੇ ਮੁਲਾਕਾਤ ਕੀਤੀ ਅਤੇ ਚੋਣਾਂ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਅਤੇ ਬਾਬੂ ਲਾਲ ਸਮੇਤ ਕਈ ਆਗੂ ਹਾਜ਼ਰ ਸਨ। ਉਨ੍ਹਾਂ ਅਕਾਲੀ ਆਗੂ ਪ੍ਰਿਤਪਾਲ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨਾਲ ਵੀ ਮੁਲਾਕਾਤ ਕੀਤੀ। ਰਣਜੀਤ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਵਿੱਚ ਸਮਰਥਕਾਂ ਨਾਲ ਵੀ ਮੀਟਿੰਗਾਂ ਕਰਕੇ ਗੱਲਬਾਤ ਕੀਤੀ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਅਤੇ ਲੋਕ ਮੁੱਦਿਆਂ ਨੂੰ ਆਧਾਰ ਬਣਾਕੇ ਜਨਤਾ ਦੀ ਕਚਿਹਰੀ ਵਿੱਚ ਜਾਣਗੇ। ਇਸ ਦੌਰਾਨ ਅਕਾਲੀ ਆਗੂ ਗੁਰਮੀਤ ਸਿੰਘ ਸਿੱਧੂ ਅਤੇ ਜਥੇਦਾਰ ਰਜਿੰਦਰ ਸਿੰਘ ਭਾਟੀਆ ਨੇ ਢਿੱਲੋਂ ਨੂੰ ਮਿਲਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਢਿੱਲੋਂ ਨੂੰ ਸਨਮਾਨਿਤ ਵੀ ਕੀਤਾ।

Advertisement
Author Image

sukhwinder singh

View all posts

Advertisement
Advertisement
×