ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸਣ ਵਾਲਿਆਂ ਦੇ ਚਲਾਨ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 20 ਅਕਤੂਬਰ
ਆਬਕਾਰੀ ਵਿਭਾਗ ਵੱਲੋਂ ਲੰਘੀ ਰਾਤ ਮੁਹਾਲੀ ਦੇ ਕਈ ਨਾਈਟ ਕਲੱਬਾਂ ਅਤੇ ਬਾਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਟੀਮਾਂ ਨੇ ਮੁਹਾਲੀ ਅਤੇ ਜ਼ੀਰਕਪੁਰ ਸਣੇ ਹੋਰ ਆਸਪਾਸ ਇਲਾਕਿਆਂ ਵਿੱਚ ਕਈ ਬਾਰਾਂ ਅਤੇ ਨਾਈਟ ਕਲੱਬਾਂ ’ਤੇ ਛਾਪੇ ਮਾਰੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਬਾਰਾਂ/ਕਲੱਬਾਂ ਦੇ ਚਲਾਨ ਵੀ ਕੀਤੇ ਗਏ। ਇੱਥੇ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸੀ ਜਾ ਰਹੀ ਸੀ।
ਸਹਾਇਕ ਆਬਕਾਰੀ ਕਮਿਸ਼ਨਰ ਅਸ਼ੋਕ ਕਲਹੋਤਰਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀ ਟੀਮ ਨੇ ਆਬਕਾਰੀ ਇੰਸਪੈਕਟਰਾਂ ਦੀ ਅਗਵਾਈ ਹੇਠ ਐੱਸ ਗੁਰਿੰਦਰਪਾਲ, ਵਿਕਾਸ ਭਟੇਜਾ ਅਤੇ ਗੁਰਪ੍ਰੀਤ ਸਿੰਘ ਨੇ ਮੁਹਾਲੀ ਸ਼ਹਿਰ ਅਤੇ ਜ਼ੀਰਕਪੁਰ ਇਲਾਕੇ ਵਿੱਚ ਕਲੱਬਾਂ ਅਤੇ ਬਾਰਾਂ ਵਿੱਚ ਛਾਪੇ ਮਾਰੇ। ਮੁਹਾਲੀ ਦੇ ਸੈਕਟਰ-79 ਵਿੱਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਪਰੋਸਣ ਵਾਲੇ 2 ਬਾਰਾਂ ਸਵਾਗਤ ਰੈਸਟੋਬਾਰ ਅਤੇ ਕਟਾਣੀ ਰੈਸਟੋਰੈਂਟ ਐਂਡ ਬਾਰ ਅਤੇ ਜ਼ੀਰਕਪੁਰ ਵਿੱਚ ਬਾਰ ਡਿਲੀਸ਼ੀਅਸ ਫੂਡ (ਰੋਮੀਓ-ਲੇਨ) ਖ਼ਿਲਾਫ਼ ਕਾਰਵਾਈ ਹੋਈ। ਇਕ ਬਾਰ ’ਤੇ ਸ਼ਰਾਬ ਪਰੋਸਣ ਲਈ 25 ਸਾਲ ਤੋਂ ਘੱਟ ਉਮਰ ਦੇ ਵੇਟਰਾਂ ਨੂੰ ਤਾਇਨਾਤ ਕਰਨ ਦਾ ਵੀ ਦੋਸ਼ ਹੈ। ਇਨ੍ਹਾਂ ਬਾਰਾਂ ਦੇ ਚਲਾਨ ਕੀਤੇ ਗਏ ਹਨ। ਇਨ੍ਹਾਂ ਦੇ ਕੇਸ ਕੁਲੈਕਟਰ-ਕਮ-ਡਿਪਟੀ ਕਮਿਸ਼ਨਰ ਨੂੰ ਬਣਦੀ ਕਾਰਵਾਈ ਲਈ ਭੇਜੇ ਗਏ ਹਨ।
ਅਸ਼ੋਕ ਕਲਹੋਤਰਾ ਨੇ ਸ਼ਰਾਬ ਦੇ ਠੇਕੇਦਾਰਾਂ ਅਤੇ ਬਾਰ ਲਾਇਸੈਂਸ ਧਾਰਕਾਂ ਨੂੰ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਵੇਚਣ ਜਾਂ ਪਰੋਸਣ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾਂ ਦੱਸਿਆ ਕਿ ਜੇ ਕੋਈ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।