ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਚਲਾਨ
ਪੱਤਰ ਪ੍ਰੇਰਕ
ਜਲੰਧਰ, 12 ਨਵੰਬਰ
ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਜਨਤਕ ਤੌਰ ’ਤੇ ਸ਼ਰਾਬ ਪੀਣ ਨੂੰ ਰੋਕਣ ਲਈ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਰਾਤ ਸਮੇਂ ਚਲਾਈ ਤਿੰਨ ਦਿਨਾਂ ਦੀ ਮੁਹਿੰਮ ਦੌਰਾਨ 41 ਚਲਾਨ ਕੱਟੇ ਹਨ। ਜਾਣਕਾਰੀ ਮੁਤਾਬਕ ਏਸੀਪੀ ਮਾਡਲ ਟਾਊਨ ਦੀ ਨਿਗਰਾਨੀ ਹੇਠ 9 ਤੋਂ 11 ਨਵੰਬਰ ਤੱਕ ਜਨਤਕ ਸੁਰੱਖਿਆ ਅਤੇ ਕਾਨੂੰਨ ਲਾਗੂ ਕਰਨ ਦੇ ਉਦੇਸ਼ ਨਾਲ ਇਹ ਪਹਿਲਕਦਮੀ ਕੀਤੀ ਗਈ ਸੀ।
ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 4 ਅਤੇ ਡਿਵੀਜ਼ਨ ਨੰਬਰ 7 ਦੇ ਅਧੀਨ ਇਲਾਕੇ ਦੇ ਐੱਸਐੱਚਓਜ਼ ਅਤੇ ਐਮਰਜੈਂਸੀ ਰਿਸਪਾਂਸ ਸਰਵਿਸਿਜ਼ ਦੇ ਸਹਿਯੋਗ ਨਾਲ ਇਹ ਮੁਹਿੰਮ ਨੇਪਰੇ ਚਾੜ੍ਹੀ ਗਈ। ਅਧਿਕਾਰੀਆਂ ਨੇ ਵਾਈਨ ਦੀਆਂ ਦੁਕਾਨਾਂ ਅਤੇ ਅਹਾਤਿਆਂ ਦੇ ਨੇੜੇ ਜ਼ੋਨਾਂ ਦੀ ਨਿਗਰਾਨੀ ਕੀਤੀ। ਇਸ ਮੁਹਿੰਮ ਦੌਰਾਨ 125 ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਜਿਸ ਨਾਲ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਹਿਮ ਕਾਰਵਾਈ ਕੀਤੀ ਗਈ। ਸ਼ਰਾਬ ਪੀ ਕੇ ਵਾਹਨ ਚਲਾਉਣ ਲਈ ਕੁੱਲ 11 ਚਲਾਨ ਕੀਤੇ ਗਏ, ਜਦੋਂਕਿ ਬਿਨਾਂ ਨੰਬਰ ਪਲੇਟ ਤੋਂ ਦੋਪਹੀਆ ਵਾਹਨ ਚਲਾਉਣ ਲਈ ਪੰਜ ਵਾਹਨ ਚਾਲਕਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਹੈਲਮੇਟ ਦੀ ਉਲੰਘਣਾ ਕਰਨ ਵਾਲੇ 12 ਚਲਾਨ ਕੱਟੇ ਗਏ ਅਤੇ ਤੀਹਰੀ ਸਵਾਰੀ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ। ਦੋ ਵਾਹਨਾਂ ਨੂੰ ਗੈਰ-ਕਾਨੂੰਨੀ ਬਲੈਕ ਫਿਲਮ ਦੀ ਵਰਤੋਂ ਕਰਨ ਲਈ ਹਰੀ ਝੰਡੀ ਦਿੱਤੀ ਗਈ ਅਤੇ ਸਹੀ ਦਸਤਾਵੇਜ਼ਾਂ ਦੀ ਘਾਟ ਕਾਰਨ ਛੇ ਵਾਹਨ ਜ਼ਬਤ ਕੀਤੇ ਗਏ।