ਸੇਫ ਸਕੂਲ ਵਾਹਨ ਪਾਲਿਸੀ ਤਹਿਤ 5 ਬੱਸਾਂ ਦੇ ਚਲਾਨ
ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 30 ਅਕਤੂਬਰ
ਜ਼ਿਲ੍ਹੇ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਖੇਤਰੀ ਟਰਾਂਸਪੋਰਟ ਵਿਭਾਗ ਤੇ ਬਾਲ ਸੁਰੱਖਿਆ ਵਿਭਾਗ ਵੱਲੋਂ ਸਾਂਝੇ ਤੌਰ ਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 5 ਸਕੂਲੀ ਬੱਸਾਂ ਦੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਦੱਸੇ ਉਪਕਰਨ ਨਾ ਹੋਣ ਕਾਰਨ ਚਲਾਨ ਕੀਤੇ ਗਏ।
ਸਹਾਇਕ ਟਰਾਂਸਪੋਰਟ ਅਫਸਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਾਂਚ ਟੀਮ ਅਨੁਸਾਰ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਚਾਲੂ ਨਾ ਹੋਣਾ ਤੇ ਲੇਡੀ ਅਟੈਂਡੇਟ ਦਾ ਨਾ ਹੋਣਾ ਆਦਿ ਸਣੇ ਕਾਫੀ ਖਾਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਦੌਰਾਨ ਆਮ ਤੌਰ ਤੇ ਇਹ ਸਾਹਮਣੇ ਆਉਂਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀਂ ਚਲਾ ਰਹੇ। ਉਨ੍ਹਾਂ ਦੱਸਿਆਂ ਕਿ ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਹਰ ਇੱਕ ਬੱਸ ਜਿਸ ਵਿੱਚ ਬੱਚੀਆਂ ਸਫਰ ਕਰ ਰਹੀਆਂ ਹੋਣ ਵਿੱਚ ਲੇਡੀ ਅਟੈਂਡਿਡ ਹੋਣੀ ਜ਼ਰੂਰੀ ਹੈ। ਉਨ੍ਹਾਂ ਬੱਸਾਂ ਵਿੱਚ ਫਸਟ ਏਡ ਬਾਕਸ ਅਤੇ ਸਪੀਡ ਗਵਰਨਸ ਲਗਾਉਣ ਦੀ ਵੀ ਅਪੀਲ ਕੀਤੀ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜ਼ਰੂਰੀ ਹੈ ਮਾਪਿਆਂ ਵੱਲੋਂ ਨਾਬਾਲਗ ਬੱਚਿਆਂ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ ਤੇ ਜਿਹੜੀਆਂ ਸਕੂਲੀ ਬੱਸਾਂ ’ਚ ਬੱਚੇ ਸਫਰ ਕਰ ਰਹੇ ਹਨ, ਉਹ ਸੇਫ ਸਕੂਲ ਵਾਹਨ ਪਾਲਿਸੀ ਦੇ ਨੇਮ ਪੂਰੇ ਕਰਦੀਆਂ ਹੋਣੀਆਂ ਚਾਹੀਦੀਆਂ ਹਨ।