ਨਾਕਾਬੰਦੀ ਦੌਰਾਨ 33 ਵਿਅਕਤੀਆਂ ਦੇ ਚਲਾਨ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 14 ਸਤੰਬਰ
ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮਰ ਕੱਸ ਲਈ ਹੈ। ਜ਼ਿਲ੍ਹਾ ਪੁਲੀਸ ਮੁਹਾਲੀ ਦੇ ਟਰੈਫਿਕ ਜ਼ੋਨ-2 ਦੇ ਇੰਚਾਰਜ ਪਰਵਿੰਦਰ ਸਿੰਘ ਅਤੇ ਏਐੱਸਆਈ ਦਿਲਬਾਗ ਸਿੰਘ ਸਣੇ ਹੋਰਨਾਂ ਪੁਲੀਸ ਜਵਾਨਾਂ ਵੱਲੋਂ ਮੁਹਾਲੀ ਦੇ ਫੇਜ਼-3ਬੀ-2 ਵਿੱਚ ਡ੍ਰਿੰਕ ਐਂਡ ਡਰਾਈਵ ਨਾਕਾ ਲਗਾਇਆ ਗਿਆ।
ਇਸ ਦੌਰਾਨ ਪੁਲੀਸ ਵੱਲੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ 33 ਵਿਅਕਤੀਆਂ ਦੇ ਚਲਾਨ ਕੀਤੇ ਗਏ। ਟਰੈਫਿਕ ਜ਼ੋਨ-2 ਦੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਤਿਉਹਾਰਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਪੁਲੀਸ ਵੱਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਇਸ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ ਸੜਕ ਦੁਰਘਟਨਾਵਾਂ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ। ਇਸ ਮੌਕੇ ਏਐੱਸਆਈ ਧਰਮਪਾਲ ਅਤੇ ਏਐੱਸਆਈ ਜੋਗਿੰਦਰ ਪਾਲ, ਹੌਲਦਾਰ ਪਿਆਰਾ ਸਿੰਘ ਅਤੇ ਸਿਪਾਹੀ ਜਗਬੀਰ ਸਿੰਘ ਵੀ ਹਾਜ਼ਰ ਸਨ।