ਛਲੇਡਾ
ਰਾਮ ਸਵਰਨ ਲੱਖੇਵਾਲੀ
ਗਗਨ ਨੌਵੀਂ ਕਲਾਸ ਦਾ ਵਿਦਿਆਰਥੀ ਸੀ। ਹਸਮੁੱਖ ਤੇ ਵੱਡਿਆਂ ਦੀ ਆਗਿਆ ਵਿੱਚ ਰਹਿਣ ਵਾਲਾ। ਉਹ ਦਿਲ ਲਗਾ ਕੇ ਪੜ੍ਹਦਾ ਸੀ। ਇਸ ਲਈ ਉਹ ਅਧਿਆਪਕਾਂ ਦਾ ਹਰਮਨ ਪਿਆਰਾ ਵਿਦਿਆਰਥੀ ਸੀ। ਉਹ ਹਰ ਕਲਾਸ ਵਿੱਚੋਂ ਅੱਵਲ ਦਰਜੇ ’ਤੇ ਆਉਂਦਾ ਸੀ। ਆਪਣੀ ਜਮਾਤ ਦਾ ਮੌਨੀਟਰ ਹੁੰਦਿਆਂ ਉਹ ਸਾਰੇ ਵਿਦਿਆਰਥੀਆਂ ਦਾ ਖ਼ਿਆਲ ਰੱਖਦਾ ਸੀ। ਘਰ ਪਰਤ ਕੇ ਪੜ੍ਹਾਈ ਦੇ ਕੰਮ ਵਿੱਚ ਜੁੱਟ ਜਾਂਦਾ, ਵਿਹਲ ਮਿਲਦੀ ਤਾਂ ਖੇਤ ਵਿਚਲੀ ਫੁੱਲਾਂ, ਫ਼ਲਾਂ ਤੇ ਸਬਜ਼ੀਆਂ ਵਾਲੀ ਬਗੀਚੀ ਵਿੱਚ ਕੰਮ ਕਰਦਾ ਸੀ।
ਉਹ ਸਾਂਝੇ ਪਰਿਵਾਰ ਵਿੱਚ ਆਪਣੇ ਚਾਚੇ ਦੇ ਬੱਚਿਆਂ ਨਾਲ ਹੱਸਦਾ ਖੇਡਦਾ ਰਹਿੰਦਾ ਸੀ। ਪਰਿਵਾਰ ਦਾ ਖੇਤ ਖਲਿਆਣ ਤੇ ਰੋਟੀ ਪਾਣੀ ਵੀ ਇਕੱਠਾ ਸੀ। ਪਰਿਵਾਰ ਦੇ ਸਾਰੇ ਮੈਂਬਰ ਬੱਚਿਆਂ ਵਿੱਚ ਕੋਈ ਫ਼ਰਕ ਨਾ ਕਰਦੇ। ਸਵੇਰ ਸ਼ਾਮ ਘਰ ਵਿੱਚ ਗੂੰਜਦੀ ਬੱਚਿਆਂ ਦੀਆਂ ਕਿਲਕਾਰੀਆਂ ਦੀ ਆਵਾਜ਼ ਪਰਿਵਾਰ ਦੇ ਹਰ ਜੀਅ ਦੇ ਮਨ ਨੂੰ ਹੁਲਾਰਾ ਦਿੰਦੀ ਸੀ।
ਸਾਲਾਨਾ ਨਤੀਜੇ ਵਿੱਚ ਗਗਨ ਨੌਵੀਂ ਕਲਾਸ ਵਿੱਚੋਂ ਵੀ ਪਹਿਲੇ ਸਥਾਨ ’ਤੇ ਆਇਆ। ਦਸਵੀਂ ਕਲਾਸ ਵਿੱਚ ਚੜ੍ਹਦਿਆਂ ਹੀ ਉਸ ਨੇ ਮਨ ਵਿੱਚ ਧਾਰ ਲਿਆ ਕਿ ਉਹ ਪੜ੍ਹ ਲਿਖ ਕੇ ਘਰ ਦੀ ਤੰਗੀ ਤੁਰਸ਼ੀ ਨੂੰ ਖੁਸ਼ਹਾਲ ਜੀਵਨ ਵਿੱਚ ਬਦਲੇਗਾ। ਸਾਂਝੇ ਪਰਿਵਾਰ ਵਿੱਚ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਬੋਲ ਬੁਲਾਰਾ ਹੋਣ ਲੱਗ ਪਿਆ ਸੀ। ਗੱਲ ਲੜਾਈ ਝਗੜੇ ਤੱਕ ਜਾ ਪਹੁੰਚੀ। ਦੋਹਾਂ ਪਰਿਵਾਰਾਂ ਨੇ ਰਿਸ਼ਤੇਦਾਰਾਂ ਦੀ ਸਲਾਹ ਨਾਲ ਵੱਖ ਹੋਣ ਦਾ ਫ਼ੈਸਲਾ ਕਰ ਲਿਆ। ਘਰ ਤੇ ਜ਼ਮੀਨ ਵੰਡ ਲਈ ਗਈ। ਆਪਸ ਵਿੱਚ ਇੱਕ ਮਿੱਕ ਹੋ ਕੇ ਰਹਿੰਦੇ ਦੋਵੇਂ ਪਰਿਵਾਰ ਬੋਲਣੋਂ ਵੀ ਹਟ ਗਏ। ਇੱਕੋ ਵਿਹੜੇ ਵਿੱਚ ਖੇਡਦੇ ਬੱਚਿਆਂ ਤੋਂ ਖ਼ੁਸ਼ੀ ਖੁੱਸ ਗਈ ਸੀ। ਗਗਨ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗੀ। ਉਸ ਦਾ ਪੜ੍ਹਨ ਵਿੱਚ ਮਨ ਨਾ ਲੱਗਦਾ।
ਮਾਂ ਨੂੰ ਕੰਮ ਤੋਂ ਵਿਹਲ ਨਾ ਮਿਲਦੀ। ਗਗਨ ਪੜ੍ਹਾਈ ਦਾ ਕੰਮ ਮੁਕਾ ਕੇ ਚੁੱਪ ਚਾਪ ਬੈਠ ਜਾਂਦਾ। ਕਦੇ ਕਮਰੇ ਦੀ ਛੱਤ ਵੱਲ ਵੇਖਣ ਲੱਗਦਾ। ਗਗਨ ਦਾ ਘਰੇ ਦਿਲ ਨਾ ਲੱਗਦਾ। ਉਹ ਖਾਣ ਪੀਣ ਤੋਂ ਵੀ ਪਾਸਾ ਵੱਟਣ ਲੱਗਾ। ਸਕੂਲ ਵਿੱਚ ਉਸ ਦਾ ਮਨ ਖਿਝਿਆ ਰਹਿੰਦਾ। ਅਧਿਆਪਕ ਗਗਨ ਦੇ ਬਦਲ ਰਹੇ ਵਤੀਰੇ ਤੋਂ ਹੈਰਾਨ ਸਨ। ਇੱਕ ਦਿਨ ਮੂੰਹ ਹਨੇਰੇ ਬਿਸਤਰੇ ਵਿੱਚ ਪਿਆ ਗਗਨ ਉੱਚੀ ਉੱਚੀ ਬੋਲਣ ਲੱਗਾ, ‘‘ਬਚਾਓ... ਮੈਨੂੰ ਬਚਾਓ। ਉਹ ਮੈਨੂੰ ਲੈ ਜਾਵੇਗਾ। ਛੱਡ ਮੈਨੂੰ ... ਛੱਡ....।’’ ਇਹ ਆਖਦਾ ਉਹ ਉੱਠ ਕੇ ਰੋਣ ਲੱਗ ਪਿਆ।
ਮਾਂ ਦੌੜ ਕੇ ਆਈ। ‘‘ਕਿੱਥੇ ਐ ਛਲੇਡਾ...।’’ ਮਾਂ ਦੇ ਪੁੱਛਣ ’ਤੇ ਗਗਨ ਚੁੱਪ ਕਰ ਗਿਆ। ਫਿਰ ਰੁਕ ਕੇ ਬੋਲਿਆ, ‘‘ਮਾਂ, ਮੈਨੂੰ ਬੁਰਾ ਸੁਪਨਾ ਆਇਆ ਸੀ।’’ ਉਸ ਦਿਨ ਮਾਂ ਨੇ ਉਸ ਨੂੰ ਸਕੂਲ ਨਾ ਭੇਜਿਆ। ਗਗਨ ਸਾਰਾ ਦਿਨ ਮੰਜੇ ’ਤੇ ਪਿਆ ਰਿਹਾ। ਪਰਿਵਾਰਕ ਡਾਕਟਰ ਨੂੰ ਵਿਖਾਇਆ ਤਾਂ ਉਸ ਨੇ ਸਾਰੇ ਟੈਸਟ ਵਗੈਰਾ ਲੈ ਕੇ ਦੱਸਿਆ ਕਿ ਉਸ ਨੂੰ ਕੋਈ ਬੀਮਾਰੀ ਤਾਂ ਲੱਗਦੀ ਨਹੀਂ। ਫਿਰ ਵੀ ਉਸ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ।
ਗਗਨ ਦਾ ਪਤਾ ਲੈਣ ਆਉਂਦੇ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਨੂੰ ਮਾਂ ਵੱਲੋਂ ਦੱਸਣ ’ਤੇ ਉਨ੍ਹਾਂ ਨੇ ਫ਼ਿਕਰ ਜ਼ਾਹਰ ਕੀਤਾ। ‘‘ਭਾਈ ਤੁਸੀਂ ਮੁੰਡੇ ਦਾ ਕੋਈ ਓਹੜ ਪੋਹੜ ਕਰੋ। ਖੇਤਾਂ ਬੰਨਿਆਂ ’ਤੇ ਛਲੇਡਾ ਆਪਣੇ ਬਾਪ ਦਾਦਿਆਂ ਵੇਲੇ ਦਾ ਰਹਿੰਦਾ ਹੈ। ਕਿਸੇ ਸਿਆਣੇ ਬਾਬੇ ਨੂੰ ਵਿਖਾ ਲਓ, ਮੁੰਡਾ ਠੀਕ ਹੋ ਜੂ।’’ ਅਜਿਹੀਆਂ ਗੱਲਾਂ ਸੁਣ-ਸੁਣ ਕੇ ਗਗਨ ਡਰਿਆ ਸਹਿਮਿਆ ਰਹਿਣ ਲੱਗਾ। ਉਸ ਨੂੰ ਹਰ ਵੇਲੇ ਛਲੇਡੇ ਦਾ ਭੁਲੇਖਾ ਪੈਣ ਲੱਗਾ। ਉਹ ਸਕੂਲ ਜਾਣੋਂ ਹਟ ਗਿਆ। ਰਾਤ ਨੂੰ ਆਪਣੇ ਸੌਣ ਕਮਰੇ ਵਿੱਚ ਜਾਣ ਤੋਂ ਵੀ ਕੰਨੀ ਕਤਰਾਉਂਦਾ। ਪਿੰਡ ਵਿੱਚੋਂ ਗਗਨ ਦਾ ਪਤਾ ਲੈਣ ਆਉਂਦੇ ਲੋਕ ਛਲੇਡੇ ਦੀ ‘ਕਰੋਪੀ’ ਦੀਆਂ ਗੱਲਾਂ ਕਰਦੇ। ਪਿੰਡ ਦੀ ਸੱਥ ਵਿੱਚ ਛਲੇਡੇ ਦੀਆਂ ਗੱਲਾਂ ਚੱਲਦੀਆਂ। ‘‘ਸੁਣਿਆ...ਉਹ ਤਾਂ ਤੁਰਿਆ ਜਾਂਦਾ ਰੂਪ ਬਦਲ ਲੈਂਦਾ ਹੈ। ਉਹਦਾ ਕੋਈ ਤੋੜ ਨ੍ਹੀਂ। ਇਹ ਪਾੜ੍ਹੇ ਮੁੰਡੇ ਮਗਰ ਕਾਹਦਾ ਲੱਗਿਆ ਸਗੋਂ ਪਿੰਡ ’ਤੇ ਬਣੀ ਭੀੜ ਐ।’’
ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਗਗਨ ਦੇ ਇਲਾਜ ਲਈ ਡੇਰਿਆਂ ਦਾ ਰਾਹ ਵਿਖਾਇਆ। ਮਹੀਨਾ ਭਰ ਉਹ ਗਗਨ ਨੂੰ ਨਿੱਤ ਨਵੇਂ ਬਾਬੇ ਦੇ ਦਰਾਂ ’ਤੇ ਲਿਜਾਂਦੇ ਰਹੇ, ਪਰ ਗਗਨ ਦੀ ਹਾਲਤ ਵਿੱਚ ਕੋਈ ਫ਼ਰਕ ਨਾ ਪਿਆ। ਉਹ ਰਾਤ ਨੂੰ ਡਰ ਡਰ ਕੇ ਉੱਠਦਾ। ਗਗਨ ਦਾ ਘਰ ਪਤਾ ਲੈਣ ਆਏ ਅਧਿਆਪਕਾਂ ਨੇ ਮਾਪਿਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਸਾਇੰਸ ਦੇ ਇਸ ਯੁੱਗ ਵਿੱਚ ਅੰਧਵਿਸ਼ਵਾਸਾਂ ਮਗਰ ਲੱਗਣਾ ਕਿਤੋਂ ਦੀ ਵੀ ਸਿਆਣਪ ਨਹੀਂ ਹੈ। ਇਸ ਹੋਣਹਾਰ ਮੁੰਡੇ ਦੀ ਅਜਿਹੀ ਚੁੱਪ ਪਿੱਛੇ ਕੋਈ ਹੋਰ ਕਾਰਨ ਜ਼ਰੂਰ ਹੋਵੇਗਾ। ਉਨ੍ਹਾਂ ਨੇ ਮਸਲੇ ਦੇ ਹੱਲ ਲਈ ਗਗਨ ਨੂੰ ਤਰਕਸ਼ੀਲਾਂ ਦੇ ਮਸ਼ਵਰਾ ਕੇਂਦਰ ’ਤੇ ਲਿਜਾਣ ਦਾ ਸੁਝਾਅ ਦਿੱਤਾ।
ਮਿਲੇ ਵਕਤ ’ਤੇ ਗਗਨ ਆਪਣੇ ਮਾਂ-ਬਾਪ ਨਾਲ ਮਸ਼ਵਰਾ ਕੇਂਦਰ ’ਤੇ ਬੈਠਾ ਸੀ। ਆਸ ਪਾਸ ਦੇ ਮਾਹੌਲ ਤੇ ਵਰਤ ਵਿਹਾਰ ਤੋਂ ਗਗਨ ਨੂੰ ਆਪਣੇ ਠੀਕ ਹੋਣ ਦੀ ਆਸ ਬੱਝੀ। ਉਨ੍ਹਾਂ ਨੇ ਗਗਨ ਦੇ ਮਾਂ-ਬਾਪ ਤੋਂ ਸਾਰੀ ਸਥਿਤੀ ਨੂੰ ਜਾਣਿਆ। ਪਹਿਲਾਂ ਤੇ ਹੁਣ ਦੇ ਘਰੇਲੂ ਹਾਲਾਤ ਬਾਰੇ ਸਮਝਿਆ। ਕੇਂਦਰ ਦੇ ਮੁਖੀ ਨੇ ਗਗਨ ਨੂੰ ਸਮਝਾਇਆ, ‘‘ਬੇਟਾ ਜਿਸ ਛਲੇਡੇ ਨਾਂ ਦੀ ਚੀਜ਼ ਤੋਂ ਤੂੰ ਡਰਦਾ ਏਂ। ਉਸ ਦੀ ਤਾਂ ਕਿਤੇ ਕੋਈ ਹੋਂਦ ਹੀ ਨਹੀਂ! ਘਰਾਂ ਦੀਆਂ ਸੁਆਣੀਆਂ ਤੇ ਸੱਥਾਂ ਵਿੱਚ ਬੈਠੇ ਲੋਕ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ। ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ। ਘਰ ਦੀ ਸਾਰੀ ਸਥਿਤੀ ਤੋਂ ਅਸੀਂ ਸਾਰੀ ਗੱਲ ਜਾਣ ਲਈ ਹੈ। ਅਸੀਂ ਤੇਰੇ ਨਾਲ ਹਾਂ। ਤੂੰ ਬਹੁਤ ਜਲਦੀ ਠੀਕ ਹੋ ਜਾਵੇਂਗਾ।’’
ਅਜਿਹੇ ਹਮਦਰਦੀ ਭਰੇ ਬੋਲਾਂ ਨਾਲ ਗਗਨ ਦੇ ਮਨ ਨੂੰ ਢਾਰਸ ਮਿਲੀ। ਉਸ ਨੂੰ ਮਸ਼ਵਰਾ ਕੇਂਦਰ ਵਾਲੇ ਅੰਕਲ ਆਪਣੇ ਨਜ਼ਰ ਆਏ। ਜਿਹੜੇ ਉਸ ਦਾ ਤੇ ਪਰਿਵਾਰ ਦਾ ਭਲਾ ਕਰਨ ਲਈ ਉਤਾਵਲੇ ਸਨ। ਉਨ੍ਹਾਂ ਦੇ ਪੁੱਛਣ ’ਤੇ ਗਗਨ ਨੇ ਦੱਸਿਆ, ‘‘ਅੰਕਲ ਜੀ, ਮੇਰੇ ਜਨਮ ਸਮੇਂ ਤੋਂ ਹੀ ਅਸੀਂ ਸਾਂਝੇ ਪਰਿਵਾਰ ਵਿੱਚ ਰਹਿੰਦੇ ਸਾਂ। ਰਲ਼ ਮਿਲ ਖਾਂਦੇ, ਪੜ੍ਹਦੇ ਤੇ ਖੇਡਦੇ ਸਾਂ। ਜ਼ਮੀਨ ਦੇ ਰੌਲੇ ਵਿੱਚ ਦੋਵੇਂ ਪਰਿਵਾਰ ਵੱਖ ਹੋ ਗਏ। ਘਰਾਂ ਵਿਚਾਲੇ ਉੱਚੀ ਕੰਧ ਉਸਰ ਗਈ। ਆਪਸ ਵਿੱਚ ਮਿਲਣਾ ਵਰਤਣਾ ਵੀ ਬੰਦ ਹੋ ਗਿਆ। ਹੋਰ ਤਾਂ ਹੋਰ ਸਾਨੂੰ ਦੋਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਆਪਸ ਵਿੱਚ ਬੋਲਣੋਂ ਵੀ ਰੋਕ ਦਿੱਤਾ ਗਿਆ ਹੈ।’’ ਇਹ ਦੱਸਦਿਆਂ ਗਗਨ ਅੱਖਾਂ ਭਰ ਆਇਆ ਤੇ ਨੀਵੀਂ ਪਾ ਕੇ ਹੰਝੂ ਪੂੰਝਣ ਲੱਗਾ।
ਕੇਂਦਰ ’ਤੇ ਸਾਂਝੇ ਪਰਿਵਾਰ ਵਿੱਚ ਰਹਿਣ ਬਹਿਣ ਦੀਆਂ ਗੱਲਾਂ ਕਰਦਿਆਂ ਗਗਨ ਦਾ ਮਨ ਬਦਲਿਆ। ਉਸ ਦੇ ਚਿਹਰੇ ’ਤੇ ਕੁਝ ਰਾਹਤ ਨਜ਼ਰ ਆਈ।
ਤਰਕਸ਼ੀਲ ਅੰਕਲ ਨੇ ਮੁੜ ਗਗਨ ਦੇ ਮਾਂ-ਬਾਪ ਨੂੰ ਬੁਲਾਇਆ। ਕਾਫ਼ੀ ਸਮਾਂ ਉਨ੍ਹਾਂ ਨਾਲ ਵਿਚਾਰ ਕੀਤੀ ਤੇ ਉਨ੍ਹਾਂ ਨੂੰ ਗਗਨ ਨੂੰ ਨੌਂ ਬਰ ਨੌਂ ਕਰਨ ਦਾ ਨੁਕਤਾ ਵੀ ਸਮਝਾ ਦਿੱਤਾ। ਉੱਥੋਂ ਤੁਰਨ ਲੱਗਿਆਂ ਉਨ੍ਹਾਂ ਨੇ ਗਗਨ ਨੂੰ ਵਿਸ਼ਵਾਸ ਦਿਵਾਇਆ, ‘‘ਬੇਟਾ ਤੁਹਾਡੇ ਪਰਿਵਾਰ ਦਾ ਮਾਹੌਲ ਜਲਦੀ ਬਦਲ ਜਾਵੇਗਾ।’’ ਸਾਰਾ ਪਰਿਵਾਰ ਮਸ਼ਵਰਾ ਕੇਂਦਰ ਤੋਂ ਇੱਕ ਆਸ ਲੈ ਕੇ ਪਰਤਿਆ।
ਰਾਤ ਨੂੰ ਗਗਨ ਚੈਨ ਦੀ ਨੀਂਦ ਸੁੱਤਾ। ਉਸ ਨੇ ਸਵੇਰੇ ਤਿਆਰ ਹੋ ਕੇ ਸਕੂਲ ਦਾ ਰੁਖ਼ ਕੀਤਾ। ਜਦ ਸਕੂਲੋਂ ਪਰਤਿਆ ਤਾਂ ਦੋਹਾਂ ਪਰਿਵਾਰਾਂ ਦੇ ਮੁੜ ਮੇਲ ਜੋਲ ਲਈ ਕੰਧ ਭੰਨ ਕੇ ਬਣਾਇਆ ਜਾ ਰਿਹਾ ਬੂਹਾ ਵੇਖ ਕੇ ਉਸ ਦੀ ਖ਼ੁਸ਼ੀ ਦਾ ਅੰਤ ਨਾ ਰਿਹਾ। ਉਸ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ। ਗਗਨ ਸਕੂਲ ਦੀ ਵਰਦੀ ਬਦਲ ਕੇ ਆਪਣੀ ਛੋਟੀ ਭੈਣ ਨਾਲ ਬੂਹਾ ਲੰਘ ਕੇ ਚਾਚੇ ਦੇ ਵਿਹੜੇ ਵਿੱਚ ਜਾ ਬੈਠਾ। ਬੱਚਿਆਂ ਦੇ ਹਾਸੇ ਨੇ ਘਰ ਦੀ ਰੌਣਕ ਪਰਤਾ ਦਿੱਤੀ ਸੀ। ਉਸ ਦਿਨ ਤੋਂ ਮਗਰੋਂ ਗਗਨ ਨੂੰ ਕਦੇ ਛਲੇਡੇ ਦਾ ਭੁਲੇਖਾ ਨ੍ਹੀਂ ਪਿਆ। ਡਰ ਤੇ ਸਹਿਮ ਵੀ ਕਿਧਰੇ ਉੱਡ ਪੁੱਡ ਗਿਆ ਸੀ। ਉਹ ਪੜ੍ਹਾਈ ਵਿੱਚ ਮੁੜ ਮਿਹਨਤ ਨਾਲ ਅੱਗੇ ਵਧਣ ਦੇ ਰਾਹ ਤੁਰ ਪਿਆ ਸੀ।
ਸੰਪਰਕ: 95010-06626