For the best experience, open
https://m.punjabitribuneonline.com
on your mobile browser.
Advertisement

ਬੱਦਲਾਂ ਦਾ ਸ਼ਹਿਰ ਚਕਰਾਤਾ

08:01 AM Sep 15, 2024 IST
ਬੱਦਲਾਂ ਦਾ ਸ਼ਹਿਰ ਚਕਰਾਤਾ
Advertisement

ਗਗਨਦੀਪ ਸਿੰਘ ਗੁਰਾਇਆ

Advertisement

ਮੈਦਾਨੀ ਇਲਾਕੇ ਵਿੱਚੋਂ ਗਰਮੀ ਦਾ ਤਪਾਇਆ ਸਰੀਰ ਠੰਢੇ ਪਹਾੜੀ ਇਲਾਕੇ ਵਿੱਚ ਭੱਜਣ ਨੂੰ ਲੋਚਦਾ ਹੈ। ਭੱਜ-ਨੱਠ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਆਪਣੇ ਆਪ ਲਈ ਕੱਢ ਕੇ ਸੈਰ ਸਪਾਟਾ ਕਰ ਲੈਣਾ ਚਾਹੀਦਾ ਹੈ। ਇਹ ਸਰੀਰ ਅਤੇ ਰੂਹ ਨੂੰ ਤਰੋ-ਤਾਜ਼ਾ ਰੱਖਦਾ ਹੈ। ਪਹਾੜਾਂ ਦੀ ਯਾਦ ਆਉਂਦੇ ਹੀ ਕਸ਼ਮੀਰ, ਉੱਤਰਾਖੰਡ ਜਾਂ ਹਿਮਾਚਲ ਵਰਗੇ ਸੂਬਿਆਂ ਦੀ ਭੂਗੋਲਿਕ ਸਥਿਤੀ ਮਨ ਨੂੰ ਟੁੰਬਦੀ ਹੈ।
ਉੱਤਰਾਖੰਡ, ਉੱਤਰ ਪ੍ਰਦੇਸ਼ ਵਿੱਚੋਂ ਹੀ ਕੱਢ ਕੇ ਬਣਾਇਆ ਪਹਾੜੀ ਸੂਬਾ ਹੈ। ਇਸ ਦਾ ਆਪਣਾ ਹੀ ਨਿਵੇਕਲਾ ਸੱਭਿਆਚਾਰ ਤੇ ਵਾਤਾਵਰਨ ਹੈ। ਚਕਰਾਤਾ ਇਸ ਸੂਬੇ ਵਿੱਚ ਵਸਿਆ ਬਹੁਤ ਹੀ ਠੰਢਾ ਅਤੇ ਰਮਣੀਕ ਖੇਤਰ ਹੈ ਜੋ ਕਿ ਆਮ ਘੁਮੱਕੜਾਂ ਵੱਲੋਂ ਅਜੇ ਅਣਗੌਲਿਆ ਹੀ ਹੈ। ਇੱਥੇ ਮਸ਼ਹੂਰ ਪਹਾੜੀ ਸਥਲਾਂ ਵਰਗਾ ਭੀੜ ਭੜੱਕਾ ਨਹੀਂ ਹੈ। ਸ਼ਾਂਤ ਮਾਹੌਲ ਅਤੇ ਠੰਢ ਦੇ ਦੀਵਾਨੇ ਹੀ ਇਧਰ ਨੂੰ ਭੱਜਦੇ ਹਨ। ਚਕਰਾਤਾ ਦੀ ਭੂਗੋਲਿਕ ਸਥਿਤੀ ਲਾਜਵਾਬ ਹੈ। ਇੱਥੇ ਬਹੁਤ ਸਾਰੇ ਵੱਖ-ਵੱਖ ਸੜਕੀ ਰਸਤਿਆਂ ਰਾਹੀਂ ਪੁੱਜਿਆ ਜਾ ਸਕਦਾ ਹੈ। ਚਕਰਾਤਾ ਫ਼ੌਜ ਦੀ ਛਾਉਣੀ ਹੈ। ਇਸੇ ਕਰਕੇ ਇੱਥੇ ਪੁੱਜਣ ਲਈ ਸੜਕੀ ਮਾਰਗ ਲਾਜਵਾਬ ਹੈ। ਸੜਕਾਂ ਬੇਹੱਦ ਸਾਫ਼ ਸੁਥਰੀਆਂ ਹਨ। ਆਵਾਜਾਈ ਵੀ ਬਹੁਤ ਘੱਟ ਹੈ। ਚਕਰਾਤਾ ਫ਼ੌਜ ਦੀ ਛਾਉਣੀ ਹੋਣ ਕਰਕੇ ਵਿਦੇਸ਼ੀ ਯਾਤਰੀਆਂ ਦਾ ਇੱਥੇ ਦਾਖਲਾ ਬਿਲਕੁਲ ਬੰਦ ਹੈ। ਕੋਈ ਵੀ ਵਿਦੇਸ਼ੀ ਯਾਤਰੀ ਇਸ ਰਸਤੇ ’ਤੇ ਨਜ਼ਰੀਂ ਨਹੀਂ ਪੈਂਦਾ। ਇਹ ਉਹੀ ਚਕਰਾਤਾ ਹੈ ਜਿੱਥੇ 1984 ਵਿੱਚ ਸ੍ਰੀ ਅੰਮ੍ਰਿਤਸਰ ਵਿੱਚ ਭਾਰਤੀ ਫ਼ੌਜ ਵੱਲੋਂ ਸਾਕਾ ਨੀਲਾ ਤਾਰਾ ਦੌਰਾਨ ਕੀਤੇ ਗਏ ਹਮਲੇ ਦੀ ਟ੍ਰੇਨਿੰਗ ਕੁਝ ਮਹੀਨੇ ਪਹਿਲਾਂ ਦਿੱਤੀ ਗਈ ਸੀ। ਚਕਰਾਤਾ ਦੀ ਸਮੁੰਦਰੀ ਤਲ ਤੋਂ ਉਚਾਈ 2130 ਮੀਟਰ ਹੈ। ਇੱਥੇ ਪੁੱਜਣ ਲਈ ਪਹਿਲਾਂ ਪਾਉਂਟਾ ਸਾਹਿਬ ਜਾਣਾ ਪੈਂਦਾ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਚਾਰ ਸਾਲ ਗੁਜ਼ਾਰੇ ਸਨ। ਉਨ੍ਹਾਂ ਨਾਲ ਸਬੰਧਿਤ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਇੱਥੇ ਸੁਸ਼ੋਭਿਤ ਹਨ। ਭੰਗਾਣੀ ਦਾ ਯੁੱਧ ਵੀ ਇੱਥੇ ਹੀ ਲੜਿਆ ਗਿਆ ਸੀ। ਪਾਉਂਟਾ ਸਾਹਿਬ ਤੋਂ ਚਕਰਾਤੇ ਦਾ ਸਫ਼ਰ 74 ਕਿਲੋਮੀਟਰ ਹੈ ਅਤੇ ਦੋ ਕੁ ਘੰਟੇ ਲੱਗਦੇ ਹਨ। ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਇਸ ਦੀ ਦੂਰੀ ਲਗਭਗ 92 ਕਿਲੋਮੀਟਰ ਹੈ ਅਤੇ ਵਿਕਾਸ ਨਗਰ ਰਾਹੀਂ ਹੋ ਕੇ ਇੱਥੇ ਅੱਪੜਿਆ ਜਾ ਸਕਦਾ ਹੈ ਅਤੇ ਮਸੂਰੀ ਤੋਂ ਰਾਸ਼ਟਰੀ ਮਾਰਗ ਨੰਬਰ 58 ਤੋਂ 83 ਕਿਲੋਮੀਟਰ ਸਫ਼ਰ ਤੈਅ ਕਰ ਕੇ ਇੱਥੇ ਪੁੱਜੀਦਾ ਹੈ। ਹਰਿਆਲੀ, ਮਹਿਕਾਂ ਖਿਲਾਰਦੇ ਜੰਗਲੀ ਫੁੱਲ ਅਤੇ ਲੰਮ ਸਲੰਮੇ ਦਰੱਖ਼ਤ ਰਾਹੀਆਂ ਦਾ ਸਵਾਗਤ ਕਰਦੇ ਹਨ। ਚਕਰਾਤਾ ਵਿੱਚ ਹਰ ਸਮੇਂ ਮੌਸਮ ਖੁਸ਼ਗਵਾਰ ਹੀ ਰਹਿੰਦਾ ਹੈ। ਅਕਸਰ ਬੱਦਲ ਪੈਰਾਂ ਤੋਂ ਹੇਠਾਂ ਹੀ ਘੁੰਮਦੇ ਪ੍ਰਤੀਤ ਹੁੰਦੇ ਹਨ। ਦਿਨ ਵਿੱਚ ਕਈ ਵਾਰ ਮੀਂਹ ਪੈ ਜਾਂਦਾ ਹੈ। ਗਰਮੀਆਂ ਵਿੱਚ ਇੱਥੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਅਤੇ ਘੱਟ ਤੋਂ ਘੱਟ 10 ਡਿਗਰੀ ਹੋ ਜਾਂਦਾ ਹੈ ਜਦੋਂਕਿ ਸਿਆਲਾਂ ਵਿੱਚ ਵੱਧੋ ਵੱਧ 15 ਅਤੇ ਘੱਟੋ ਘੱਟ ਮਨਫੀ 5 ’ਤੇ ਵੀ ਅੱਪੜ ਜਾਂਦਾ ਹੈ। ਸਿਆਲਾਂ ਵਿੱਚ ਇੱਥੇ ਬਰਫ਼ਬਾਰੀ ਹੁੰਦੀ ਹੈ। ਜਿਉਂ ਜਿਉਂ ਸੈਲਾਨੀਆਂ ਨੂੰ ਇਸ ਬਾਰੇ ਪਤਾ ਲੱਗ ਰਿਹਾ ਹੈ, ਉਵੇਂ ਉਵੇਂ ਹੀ ਨਵੇਂ ਹੋਟਲਾਂ ਦੀ ਤਾਮੀਰ ਹੋ ਰਹੀ ਹੈ। ਹੋਟਲ ਅਤੇ ਰਹਿਣ ਬਸੇਰੇ ਕੋਈ ਜ਼ਿਆਦਾ ਮਹਿੰਗੇ ਨਹੀਂ ਹਨ। ਖਾਣਾ ਬਹੁਤ ਹੀ ਸੁਆਦ ਅਤੇ ਘਰ ਵਰਗਾ ਹੀ ਮਿਲ ਜਾਂਦਾ ਹੈ। ਲੋਕ ਵੀ ਮਿਲਣਸਾਰ ਅਤੇ ਖੁਸ਼ਤਬੀਅਤ ਹਨ। ਸ਼ਹਿਰ ਦੇ ਐਨ ਵਿਚਕਾਰ ਇੱਕ ਨਿੱਕਾ ਜਿਹਾ ਬਾਜ਼ਾਰ ਹੈ, ਜਿੱਥੇ ਹਰ ਸ਼ੈਅ ਮਿਲ ਜਾਂਦੀ ਹੈ। ਇੱਥੋਂ ਦੇ ਰਾਜਮਾਂਹ, ਚੌਲ, ਮਸਾਲੇ ਅਤੇ ਦਾਲਾਂ ਵੱਖਰੇ ਕਿਸਮ ਦੇ ਹਨ ਜੋ ਖਾਣ ਨੂੰ ਬੜੇ ਹੀ ਲਜ਼ੀਜ਼ ਹਨ। 17 ਕੁ ਕਿਲੋਮੀਟਰ ਅੱਗੇ ਜਾ ਕੇ ਟਾਈਗਰ ਫਾਲ ਦਾ ਨਾਂ ਦਾ ਝਰਨਾ ਹੈ, ਜਿੱਥੇ ਜਾ ਕੇ ਸੈਲਾਨੀ ਨਹਾਉਂਦੇ ਅਤੇ ਅਠਖੇਲੀਆਂ ਕਰਦੇ ਹਨ। ਝਰਨੇ ਵਿੱਚ ਨਹਾ ਕੇ ਰੂਹ ਤਰੋਤਾਜ਼ਾ ਹੋ ਜਾਂਦੀ ਹੈ। ਇਹ ਝਰਨਾ ਕੁਦਰਤੀ ਰੂਪ ਵਿੱਚ ਹੀ ਪੱਥਰਾਂ ਵਿੱਚੋਂ ਬਰਫ਼ ਦਾ ਪਾਣੀ ਖੁਰ ਕੇ ਬਣਿਆ ਹੈ। ਇਹ ਦੇਸ਼ ਦੇ ਸਭ ਤੋਂ ਉੱਚੇ ਝਰਨਿਆਂ ਵਿੱਚੋਂ ਇੱਕ ਹੈ ਜਿੱਥੇ ਲਗਭਗ 312 ਫੁੱਟ ਉਚਾਈ ਤੋਂ ਪਾਣੀ ਡਿੱਗਦਾ ਹੈ। ਪਾਣੀ ਸਾਫ਼ ਨਿਰਮਲ ਹੈ। ਸ਼ਾਮ ਨੂੰ ਲੋਕ ਸਨਸੈੱਟ ਪੁਆਇੰਟ ’ਤੇ ਜਾ ਕੇ ਸੂਰਜ ਨੂੰ ਅਸਤ ਹੁੰਦਾ ਦੇਖਦੇ ਹਨ ਅਤੇ ਸਵੇਰ ਵੇਲੇ ਪੂਰਬ ਵਾਲੇ ਪਾਸਿਓਂ ਸੂਰਜ ਚੜ੍ਹਦੇ ਦਾ ਨਜ਼ਾਰਾ ਨਿਹਾਰਦੇ ਹਨ। ਸਨਸੈੱਟ ਅਤੇ ਸਨਰਾਈਜ਼ ਪੁਆਇੰਟ ਇੱਕ ਉੱਚੀ ਪਹਾੜੀ ’ਤੇ ਬਹੁਤ ਵੱਡਾ ਪੱਧਰਾ ਮੈਦਾਨ ਹੈ, ਜਿਸ ਨੂੰ ਬੜੇ ਹੀ ਸੁਚੱਜੇ ਤਰੀਕੇ ਨਾਲ ਸੰਭਾਲਿਆ ਹੋਇਆ ਹੈ। ਸਵੇਰੇ ਅਤੇ ਸ਼ਾਮ ਵੇਲੇ ਸੈਲਾਨੀਆਂ ਦਾ ਇੱਥੇ ਤਾਂਤਾ ਲੱਗਿਆ ਹੁੰਦਾ ਹੈ। ਇੱਥੇ ਖਲੋ ਕੇ ਦੂਰ ਦੂਰ ਤੱਕ ਪਹਾੜਾਂ ਦੀ ਸੁੰਦਰਤਾ ਨੂੰ ਨਿਹਾਰਿਆ ਅਤੇ ਕੈਮਰਾਬੱਧ ਕਰਕੇ ਯਾਦਾਂ ਦੀ ਪਿਟਾਰੀ ਵਿੱਚ ਸੰਭਾਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਚਿਲਮਿਰੀ ਨੈੱਕ ਅਤੇ ਦਿਓਬਨ ਵੇਖਣ ਯੋਗ ਪ੍ਰਮੁੱਖ ਸਥਾਨ ਹਨ। ਜੇਠ ਹਾੜ੍ਹ ਦੇ ਮਹੀਨੇ ਸ਼ਾਮ ਵੇਲੇ ਬਾਹਰ ਘੁੰਮਦਿਆਂ ਤੁਹਾਨੂੰ ਪੂਰੀ ਠੰਢ ਦਾ ਅਹਿਸਾਸ ਹੁੰਦਾ ਹੈ। ਸੁਵਖਤੇ ਉੱਠ ਕੇ ਪਹਾੜਾਂ ਉੱਤੇ ਟਰੈਕਿੰਗ ਕਰਨ ਦਾ ਆਪਣਾ ਵੱਖਰਾ ਹੀ ਲੁਤਫ਼ ਹੈ। ਤਾਜ਼ੀ ਆਕਸੀਜਨ ਧੁਰ ਅੰਦਰ ਤੱਕ ਤੁਹਾਡੇ ਰੋਮ ਰੋਮ ਨੂੰ ਸਕੂਨ ਦਿੰਦੀ ਹੈ। ਰੋਲਾ ਰੱਪਾ ਇੱਥੋਂ ਸੈਂਕੜੇ ਕੋਹਾਂ ਦੂਰ ਹੈ। ਬਸ ਕੁਦਰਤ, ਸ਼ਾਂਤ ਵਾਤਾਵਰਨ ਅਤੇ ਠੰਢ। ਚਕਰਾਤਾ ਜਾ ਕੇ ਤੁਸੀਂ ਆਪਣੀਆਂ ਮਨਮੋਹਕ ਯਾਦਾਂ ਵਿੱਚ ਇਜ਼ਾਫਾ ਕਰਕੇ ਘਰ ਪਰਤਦੇ ਹੋ।
ਸੰਪਰਕ: 97815-00050

Advertisement

Advertisement
Author Image

Advertisement