ਚੱਕਮੀਰਪੁਰ ਵਾਸੀਆਂ ਵੱਲੋਂ ਖੁਦਾਈ ਦਾ ਵਿਰੋਧ
ਦੀਪਕ ਠਾਕੁਰ
ਤਲਵਾੜਾ, 11 ਸਤੰਬਰ
ਇੱਥੇ ਨੇੜਲੇ ਪਿੰਡ ਚੱਕਮੀਰਪੁਰ ’ਚ ਬੀਤੀ ਰਾਤ ਖਣਨ ਮਾਫੀਆ ਨੇ ਸ਼ਮਸ਼ਾਨ ਘਾਟ ਨੇੜੇ ਖੁਦਾਈ ਕੀਤੀ ਹੈ, ਜਿਸ ਦੇ ਵਿਰੋਧ ਵਿੱਚ ਅੱਜ ਪਿੰਡ ਵਾਸੀਆਂ ਨੇ ਖਣਨ ਮਾਫੀਆ ਅਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪਿੰਡ ਦੀ ਮਹਿਲਾ ਸਰਪੰਚ ਸੁਮਨ ਕੁਮਾਰੀ ਨੇ ਦਸਿਆ ਕਿ ਬਿਆਸ ਦਰਿਆ ਵਿੱਚ ਚਾਰ ਤੋਂ ਪੰਜ ਸਟੋਨ ਕਰੱਸ਼ਰ ਲੱਗੇ ਹੋਏ ਹਨ, ਜੋ ਕਿ ਮੌਨਸੂਨ ਸੀਜ਼ਨ ਵਿੱਚ ਵੀ ਨਿਰਵਿਘਨ ਚੱਲ ਰਹੇ ਹਨ। ਕਰੱਸ਼ਰਾਂ ਤੋਂ ਨੇੜਲੇ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ।
ਹੁਣ ਖਣਨ ਮਾਫੀਆ ਨੇ ਹੁਣ ਪਿੰਡ ਦੀ ਜ਼ਮੀਨ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ ਹੈ, ਲੰਘੀ ਰਾਤ ਸ਼ਮਸ਼ਾਨ ਘਾਟ ਕੋਲ ਪੈਂਦੀ ਜ਼ਮੀਨ ਵਿੱਚ ਕਰੀਬ 20 ਫੁੱਟ ਤੱਕ ਖੁਦਾਈ ਕੀਤੀ ਗਈ ਹੈ। ਪਿੰਡ ਵਾਸੀਆਂ ਨੂੰ ਇਸ ਦਾ ਅੱਜ ਸਵੇਰੇ ਪਤਾ ਚੱਲਿਆ। ਇਕੱਤਰ ਹੋਏ ਪਿੰਡ ਵਾਸੀਆਂ ਨੇ ਖਣਨ ਮਾਫੀਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਰਪੰਚ ਸੁਮਨ ਕੁਮਾਰੀ ਨੇ ਦਸਿਆ ਕਿ ਵੀਰਵਾਰ ਨੂੰ ਉਨ੍ਹਾਂ ਮਾਈਨਿੰਗ ਵਿਭਾਗ ਸਮੇਤ ਸਬੰਧਤ ਵਿਭਾਗਾਂ ਨੂੰ ਪਿੰਡ ਬੁਲਾਇਆ ਹੈ। ਉਧਰ ਤਲਵਾੜਾ ਪੁਲੀਸ ਨੇ ਬਿਆਸ ਦਰਿਆ ਵਿੱਚ ਮਾਈਨਿੰਗ ਕਰਨ ਦੇ ਦੋਸ਼ ਹੇਠ ਗੋਲਡਨ ਕਰਮਜੋਤ ਸਟੋਨ ਕਰੱਸ਼ਰ ਚੱਕਮੀਰਪੁਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦਸਿਆ ਕਿ ਮਾਈਨਿੰਗ ਵਿਭਾਗ ਦੇ ਜੇਈ ਕਮ ਮਾਈਨਿੰਗ ਇੰਸਪੈਕਟਰ ਦਸੂਹਾ ਹਰਮਿੰਦਰ ਪਾਲ ਸਿੰਘ ਨੇ ਲੰਘੀ ਰਾਤ ਏਐੱਸਆਈ ਰਣਵੀਰ ਸਿੰਘ ਅਤੇ ਪੁਲੀਸ ਪਾਰਟੀ ਨਾਲ ਗੋਲਡਨ ਕਰਮਜੋਤ ਸਟੋਨ ਕਰੱਸ਼ਰ ਦੀ ਅਚਨਚੇਤ ਜਾਂਚ ਕੀਤੀ। ੳਨ੍ਹਾਂ ਆਪਣੀ ਜਾਂਚ ਵਿੱਚ ਮੌਨਸੂਨ ਸੀਜ਼ਨ ’ਚ ਪਾਬੰਦੀ ਦੇ ਬਾਵਜੂਦ ਗੋਲਡਨ ਕਰਮਜੋਤ ਸਟੋਨ ਕਰੱਸ਼ਰ ਚੱਕਮੀਰਪੁਰ ਵੱਲੋਂ ਤਾਜ਼ਾ ਬਜਰੀ ਦੀ ਕਰਸ਼ਿੰਗ ਕੀਤੀ ਪਾਇਆ, ਜਿਸ ਦੇ ਆਧਾਰ ’ਤੇ ਸਟੋਨ ਕਰੱਸ਼ਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।