ਫਿਰੋਜ਼ਪੁਰ-ਮਲੋਟ ਸੜਕ ਦੇ ਨਿਰਮਾਣ ਲਈ ਚੱਕਾ ਜਾਮ
ਪੱਤਰ ਪ੍ਰੇਰਕ
ਸਾਦਿਕ, 6 ਜੂਨ
ਫਿਰੋਜ਼ਪੁਰ-ਮਲੋਟ ਵਾਇਆ ਸਾਦਿਕ ਸੜਕ ਬਣਾਉਣ ਦੀ ਮੰਗ ਨੂੰ ਬੂਰ ਪੈਂਦਾ ਨਾ ਵੇਖ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਇਸ ਸੜਕ ਨੂੰ ਦੋ ਪਿੰਡਾਂ ਢਿੱਲਵਾਂ ਖੁਰਦ ਤੇ ਭੰਗੇਵਾਲਾ ਕੋਲੋਂ ਚੱਕਾ ਜਾਮ ਕਰਕੇ ਤਿੰਨ ਦਿਨਾਂ ਲਈ ਚੱਕਾ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਨੌਨਿਹਾਲ ਸਿੰਘ ਨੇ ਆਖਿਆ ਕਿ ਇਸ ਸੜਕ ਵਿੱਚ ਪਏ ਡੂੰਘੇ ਟੋਇਆਂ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ, ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਸਰਕਾਰ ਇਸ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਆਖਿਆ ਕਿ ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਵੱਲੋਂ 9 ਮਈ ਨੂੰ ਸੜਕ ਦਾ ਕੰਮ ਸ਼ੁਰੂ ਹੋ ਜਾਣ ਦੀ ਗੱਲ ਆਖੀ ਗਈ ਸੀ ਪਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਸੜਕ ਦਾ ਕੰਮ ਚਾਲੂ ਨਹੀਂ ਹੋ ਸਕਿਆ। ਇਸ ਮੌਕੇ ਪਹੁੰਚੇ ਐੱਸਡੀਐੱਮ ਫਰੀਦਕੋਟ ਤੇ ਨਾਇਬ ਤਹਿਸੀਲਦਾਰ ਸਾਦਿਕ ਨੇ ਆਖਿਆ ਕਿ ਸੜਕ ਬਣਾਉਣ ਲਈ ਦਰੱਖਤਾਂ ਦੀ ਕਟਾਈ ਕਰਵਾਈ ਜਾਣੀ ਹੈ ਪਰ ਸਬੰਧਿਤ ਠੇਕੇਦਾਰ ਵੱਲੋਂ ਸ਼ੁਰੂ ਨਹੀਂ ਕੀਤੀ ਗਈ , ਜਿਸ ਕਾਰਨ ਇਹ ਟੈਂਡਰ ਰੱਦ ਕਰਕੇ ਨਵੇਂ ਟੈਂਡਰ ਜਾਰੀ ਹੋਣਗੇ ਤੇ ਇਕ ਮਹੀਨੇ ਤੱਕ ਦਰੱਖਤਾਂ ਦੀ ਕਟਾਈ ਸ਼ੁਰੂ ਹੋਵੇਗੀ ਤੇ ਬਾਕੀ ਕੰਮ ਚਾਲੂ ਹੋਵੇਗਾ। ਇਸ ਚੱਕਾ ਜਾਮ ਨੂੰ ਨਿੱਜੀ ਤੇ ਰੋਡਵੇਜ਼ ਟਰਾਂਸਪੋਰਟ ਵਾਲਿਆ ਵੱਲੋਂ ਬੱਸਾਂ ਮੁਕੰਮਲ ਬੰਦ ਕਰਕੇ ਹਮਾਇਤ ਕੀਤੀ ਗਈ।