ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਚੱਕਾ ਜਾਮ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 18 ਅਗਸਤ
ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਸੂਬਾ ਇਕਾਈ ਦੇ ਫੈਸਲੇ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸ਼ਹਿਰ ’ਚ ਚੱਕਾ ਜਾਮ ਕਰਨ ਮਗਰੋਂ ਇਥੇ ਮਿੰਨੀ ਸਕੱਤਰੇਤ ’ਚ ਰੋਸ ਰੈਲੀ ਕੀਤੀ।
ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਆਗੂ ਅਮਰੀਕ ਸਿੰਘ ਸੰਧੂ, ਇੰਦਰਜੀਤ ਸਿੰਘ ਖੀਵਾ, ਸੁਖਵਿੰਦਰ ਸਿੰਘ ਸੁੱਖੀ, ਅਸ਼ੋਕ ਕੌਸ਼ਲ ਤੇ ਵੀਰਇੰਦਰਜੀਤ ਸਿੰਘ ਪੁਰੀ ਨੇ ਮੌਂਟੇਕ ਸਿੰਘ ਆਹਲੂਵਾਲੀਆ ਵੱਲੋਂ ਦਿੱਤੀ ਗਈ ਮੁਲਾਜ਼ਮ ਮਾਰੂ ਰਿਪੋਰਟ ਦੀ ਨਿਖੇਧੀ ਕੀਤੀ ਤੇ ਮੰਗ ਕੀਤੀ ਗਈ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ, ਡੀਏ ਦੀਆਂ ਬਕਾਇਆ ਪਈਆਂ ਕਿਸ਼ਤਾਂ ਤੁਰੰਤ ਜਾਰੀ ਕਰਕੇ ਬਕਾਇਆ ਦਿੱਤਾ ਜਾਵੇੇ। ਇਸ ਮੌਕੇ ਨਰਿੰਦਰ ਸ਼ਰਮਾ, ਅਮਰਜੀਤ ਸਿੰਘ ਵਾਲੀਆ, ਸਤੀਸ਼ ਕੁਮਾਰ, ਸੇਵਕ ਸਿੰਘ, ਕੁਲਵੰਤ ਸਿੰਘ ਚਾਨੀ, ਪ੍ਰੇਮ ਚਾਵਲਾ, ਸਿੰਦਰਪਾਲ ਸਿੰਘ ਢਿਲੋਂ, ਨਛੱਤਰ ਸਿੰਘ ਭਾਣਾ, ਜਤਿੰਦਰ ਕੁਮਾਰ, ਸਿਮਰਜੀਤ ਸਿੰਘ ਬਰਾੜ, ਸੁਖਮਿੰਦਰ ਸਿੰਘ ਢਿੱਲਵਾ, ਸੁਖਮੰਦਰ ਸਿੰਘ, ਜਗਤਾਰ ਸਿੰਘ ਗਿੱਲ, ਬੀ.ਕੇ ਅਰੋੜਾ ਆਦਿ ਨੇ ਵਿਚਾਰ ਰੱਖੇ।
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ
ਬਠਿੰਡਾ: ਪੰਜਾਬ ਅਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸਥਾਨਕ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸਾਂਝੇ ਫਰੰਟ ਦੇ ਆਗੂਆਂ ਗੁਰਦੀਪ ਸਿੰਘ ਬਰਾੜ (ਪਸਸਫ), ਪੰਕਜ, ਪਵਨ ਕੁਮਾਰ, ਕੁਲਵਿੰਦਰ ਸਿੱਧੂ, ਮੱਖਣ ਖਣਗਵਾਲ, ਕਿਸ਼ੋਰ ਚੰਦ, ਸੁਖਚੈਨ ਸਿੰਘ, ਰਾਜਵੀਰ ਸਿੰਘ, ਦਰਸ਼ਨ ਰਾਮ, ਸੁਖਮੰਦਰ ਗੋਨਿਆਣਾ ਤੇ ਅਮਨਦੀਪ ਭੁੱਚੋ ਆਦਿ ਨੇ ਪੰਜਾਬ ਸਰਕਾਰ ’ਤੇ ਮੁਲਾਜ਼ਮ ਮਾਰੂ ਫੈਸਲੇ ਲੈਣ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਾਮੇ ਪੱਕੇ ਕੀਤੇ ਜਾਣ, ਵਿਭਾਗਾਂ ’ਚੋਂ ਆਸਾਮੀਆਂ ਦਾ ਖਾਤਮਾ ਬੰਦ ਕੀਤੇ ਜਾਣ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਨਵੀਂ ਭਰਤੀ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਮੁਤਾਬਿਕ ਹੋਵੇ। -ਨਿੱਜੀ ਪੱਤਰ ਪ੍ਰੇਰਕ