ਝੋਨੇ ਦੀ ਖ਼ਰੀਦ ਵਿੱਚ ਅੜਿੱਕੇ ਖ਼ਿਲਾਫ਼ ਚੱਕਾ ਜਾਮ ਅੱਜ
ਸ਼ਗਨ ਕਟਾਰੀਆ
ਬਠਿੰਡਾ, 12 ਅਕਤੂਬਰ
ਅਨਾਜ ਮੰਡੀਆਂ ’ਚ ਝੋਨੇ ਦੀ ਖ਼ਰੀਦ ’ਚ ਪੈਦਾ ਹੋਈ ਅੜਚਨ ਦੇ ਮੁੱਦੇ ’ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਧਿਰਾਂ ਨੇ ਅੱਜ ਇੱਥੇ ਟੀਚਰਜ਼ ਹੋਮ ਵਿੱਚ ਮੀਟਿੰਗ ਕਰਕੇ ਭਲਕੇ 13 ਅਕਤੂਬਰ ਨੂੰ ਦਿਨੇ 12 ਤੋਂ 3 ਵਜੇ ਤੱਕ ਸੜਕੀ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਉਲੀਕਿਆ।
ਕਿਸਾਨ ਆਗੂ ਬੇਅੰਤ ਸਿੰਘ ਮਹਿਮਾ ਸਰਜਾ ਦੀ ਸਦਾਰਤ ਹੇਠ ਹੋਈ ਇਸ ਬੈਠਕ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਇਬ ਸਿੰਘ ਫੂਸ ਮੰਡੀ, ਭਾਰਤੀ ਕਿਸਾਨ ਯੂਨੀਅਨ (ਮਾਲਵਾ) ਦੇ ਸੂਬਾਈ ਆਗੂ ਜਗਜੀਤ ਸਿੰਘ ਕੋਟਸ਼ਮੀਰ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਪੂਹਲੀ, ਬੀਕੇਯੂ (ਮਾਨਸਾ) ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ ਸਮੇਤ ਕਈ ਹੋਰ ਆਗੂ ਹਾਜ਼ਰ ਰਹੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਏਜੰਸੀਆਂ ਵੱਲੋਂ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣੀ ਸੀ ਪਰ 12 ਦਿਨ ਬੀਤਣ ’ਤੇ ਵੀ ਖ਼ਰੀਦ ਸਹੀ ਢੰਗ ਨਾਲ ਪਟੜੀ ’ਤੇ ਨਹੀਂ ਚੜ੍ਹੀ, ਜਿਸ ਕਾਰਨ ਕਿਸਾਨਾਂ ’ਚ ਹਾਹਾਕਾਰ ਮੱਚੀ ਹੋਈ ਹੈ ਅਤੇ ਮਾਝੇ, ਦੁਆਬੇ ਤੋਂ ਬਾਅਦ ਹੁਣ ਮਾਲਵੇ ਦੀਆਂ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਚੁੱਕੇ ਹਨ।
ਉਗਰਾਹਾਂ ਜਥੇਬੰਦੀ ਵੱਲੋਂ ਰੋਕੀਆਂ ਜਾਣਗੀਆਂ ਰੇਲਾਂ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 13 ਅਕਤੂਬਰ ਨੂੰ ਝੋਨਾ ਮੰਡੀਆਂ ਵਿੱਚ ਖਰੀਦ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ 12 ਤੋਂ 3 ਵਜੇ ਤੱਕ ਮਲੋਟ ਸ਼ਹਿਰ ਦੇ ਸਟੇਸ਼ਨ ’ਤੇ ਰੇਲਾਂ ਰੋਕੀਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਦਿੱਤੀ।