ਬਿਜਲੀ ਕੱਟਾਂ ਵਿਰੁੱਧ ਕੌਮੀ ਮਾਰਗ ’ਤੇ ਚੱਕਾ ਜਾਮ
ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਗਸਤ
ਇਲਾਕੇ ਵਿੱਚ ਬਿਜਲੀ ਸਪਲਾਈ ਦੇ ਵੱਡੇ-ਵੱਡੇ ਕੱਟਾਂ ਤੋਂ ਰੋਹ ਵਿੱਚ ਆਏ ਪਿੰਡ ਤੰਗੌਰੀ ਦੇ ਵਸਨੀਕਾਂ ਨੇ ਅੱਜ ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ’ਤੇ ਪਿੰਡ ਤੰਗੌਰੀ ’ਚ ਚੱਕਾ ਜਾਮ ਕਰ ਦਿੱਤਾ। ਪਿੰਡ ਦੇ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਸੜਕ ਵਿਚਾਲੇ ਧਰਨਾ ਲਗਾ ਕੇ ਬੈਠ ਗਏ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਵੇਰੇ ਸਾਢੇ ਦਸ ਵਜੇ ਤੋਂ ਲੱਗਿਆ ਜਾਮ ਦੁਪਹਿਰ ਇੱਕ ਵਜੇ ਖੋਲ੍ਹਿਆ ਗਿਆ। ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਤੇ ਬੱਸਾਂ ਵਿੱਚ ਬੈਠੇ ਮੁਸਾਫਿਰ ਵੀ ਜਾਮ ਵਿੱਚ ਫਸੇ ਰਹੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਤੰਗੌਰੀ ਅਤੇ ਇਸ ਖੇਤਰ ਦੇ ਪੰਜ ਹੋਰ ਪਿੰਡਾਂ ਵਿੱਚ ਰੋਜ਼ਾਨਾ ਰਾਤ ਨੂੰ ਨੌਂ ਵਜੇ ਬਿਜਲੀ ਦਾ ਕੱਟ ਲਗਾ ਦਿੱਤਾ ਜਾਂਦਾ ਹੈ ਤੇ ਸਵੇਰੇ ਨੌਂ ਵਜੇ ਬਿਜਲੀ ਛੱਡੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਰ੍ਹਾਂ-ਬਾਰ੍ਹਾਂ ਘੰਟੇ ਦੇ ਲੰਬੇ ਕੱਟਾਂ ਕਾਰਨ ਅਤਿ ਦੀ ਗਰਮੀ ਵਿੱਚ ਲੋਕੀਂ ਸਾਰੀ-ਸਾਰੀ ਰਾਤ ਜਾਗ ਕੇ ਕੱਟਦੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਰਾਤ ਸਮੇਂ ਬਿਜਲੀ ਦੀ ਮੁਰੰਮਤ ਲਈ ਸਮੁੱਚੇ ਦੈੜੀ ਫ਼ੀਡਰ ਵਿਚ ਕੋਈ ਵੀ ਬਿਜਲੀ ਕਰਮਚਾਰੀ ਮੌਜੂਦ ਨਹੀਂ ਹੁੰਦਾ। ਜਾਮ ਦਾ ਪਤਾ ਲੱਗਦਿਆਂ ਹੀ ਪਾਵਰਕੌਮ ਦੇ ਬਨੂੜ ਸਥਿਤ ਐੱਸਡੀਓ ਪ੍ਰਵੀਨ ਬਾਂਸਲ ਮੌਕੇ ’ਤੇ ਪਹੁੰਚੇ। ਐਸਡੀਓ ਨੇ ਲੋਕਾਂ ਨੂੰ ਬਿਜਲੀ ਕੱਟ ਨਾ ਲਾਉਣ ਦਾ ਭਰੋਸਾ ਦਿੱਤਾ ਪਰ ਧਰਨਾਕਾਰੀ ਐਕਸੀਅਨ ਨੂੰ ਬੁਲਾਏ ਜਾਣ ਲਈ ਅੜ੍ਹੇ ਰਹੇ। ਇਸੇ ਦੌਰਾਨ ਏਅਰੋ-ਸਿਟੀ ਦੇ ਥਾਣਾ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਵੀ ਫੋਰਸ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਇਸ ਮਾਮਲੇ ਬਾਰੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਮਾਮਲਾ ਹੱਲ ਕਰਾਉਣਗੇ। ਦੋਵੇਂ ਅਧਿਕਾਰੀਆਂ ਦੇ ਭਰੋਸੇ ਮਗਰੋਂ ਪਿੰਡ ਵਾਸੀਆਂ ਨੇ ਜਾਮ ਖੋਲ੍ਹ ਦਿੱਤਾ।
ਕਿਸਾਨਾਂ ਵੱਲੋਂ ਐਕਸੀਅਨ ਦਫਤਰ ਅੱਗੇ ਧਰਨਾ
ਜ਼ੀਰਕਪੁਰ (ਹਰਜੀਤ ਸਿੰਘ): ਪਾਵਰਕੌਮ ਵੱਲੋਂ ਨਿਰਧਾਰਤ 8 ਘੰਟੇ ਦੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ-ਆਰ ਵੱਲੋਂ ਪਟਿਆਲਾ ਰੋਡ ’ਤੇ ਸਥਿਤ ਸਵਾਸਤਿਕ ਵਿਹਾਰ ਵਿੱਚ ਕਾਰਜਕਾਰੀ ਇੰਜਨੀਅਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ-ਆਰ ਦੇ ਲਖਵਿੰਦਰ ਸਿੰਘ ਕਾਰਲਾ ਨੇ ਕਿਹਾ ਕਿ ਇਲਾਕੇ ਵਿੱਚ ਬਾਰਿਸ਼ਾਂ ਬਹੁਤ ਘੱਟ ਹੋਈਆਂ ਹਨ। ਇਸ ਕਰ ਕੇ ਝੋਨੇ ਲਈ ਪਾਣੀ ਦਾ ਸੰਕਟ ਹੈ। ਦੂਜੇ ਪਾਸੇ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਬੰਦ ਹੋਣ ਕਾਰਨ ਝੋਨੇ ਦੇ ਖੇਤ ਸੁੱਕ ਰਹੇ ਹਨ। ਐਕਸੀਅਨ ਐੱਚਐੱਸ ਬੈਂਸ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉੱਚ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਯਤਨ ਕਰਨਗੇ।