ਬਿਜਲੀ ਕੱਟਾਂ ਵਿਰੁੱਧ ਫੱਗਣਮਾਜਰਾ ’ਚ ਚੱਕਾ ਜਾਮ
ਪੱਤਰ ਪ੍ਰੇਰਕ
ਪਟਿਆਲਾ, 21 ਜੁਲਾਈ
ਬਿਜਲੀ ਦੇ ਕੱਟਾਂ ਤੋਂ ਦੁਖੀ 12 ਪਿੰਡਾਂ ਦੇ ਲੋਕਾਂ ਨੇ ਸਰਹਿੰਦ ਰੋਡ ’ਤੇ ਪਿੰਡ ਫੱਗਣਮਾਜਰਾ ਵਿੱਚ ਸੜਕ ’ਤੇ ਧਰਨਾ ਲਾ ਕੇ ਆਪਣੀ ਭੜਾਸ ਕੱਢੀ ਹੈ। ਇਥੇ ਲੱਗੇ ਧਰਨੇ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋ ਗਈ। ਪਿੰਡ ਵਾਸੀ ਜਤਿੰਦਰ ਸਿੰਘ ਧਰਮਹੇੜੀ, ਪਰਗਟ ਸਿੰਘ ਬਲਵੇੜਾ ਆਦਿ ਨੇ ਕਿਹਾ ਕਿ ਉਨ੍ਹਾਂ ਕੋਲ ਖੇਤੀ ਲਈ ਵੀ 4 ਤੋਂ 6 ਘੰਟੇ ਬਿਜਲੀ ਆ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖੇਤੀ ਲਈ ਇਸ ਸਮੇਂ ਜ਼ਿਆਦਾ ਬਿਜਲੀ ਦੀ ਲੋੜ ਹੈ ਪਰ ਪਾਵਰਕੌਮ ਵੱਲੋਂ ਪੂਰੀ ਸਪਲਾਈ ਵੀ ਨਹੀਂ ਦਿੱਤੀ ਜਾ ਰਹੀ। ਪਟਿਆਲਾ ਵਿਚ ਕਈ ਥਾਵਾਂ ’ਤੇ ਲੱਗੇ ਬਿਜਲੀ ਦੇ ਕੱਟਾਂ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹਨ। ਗਰਮੀ ਤੇ ਹੁੰਮਸ ਨੇ ਲੋਕਾਂ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਹੋਇਆ ਹੈ, ਦੂਜੇ ਪਾਸੇ ਬਿਜਲੀ ਕੱਟਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਉਥੇ ਹੀ ਸੜਕ ’ਤੇ ਲਾਏ ਧਰਨੇ ਕਾਰਨ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਕਿਸਾਨ ਆਗੂ ਕਹਿ ਰਹੇ ਸਨ ਕਿ ਮਾਨ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਅਸਲ ਵਿਚ ਥਾਂ-ਥਾਂ ’ਤੇ ਬਿਜਲੀ ਦੇ ਲੰਬੇ ਕੱਟ ਲੱਗ ਰਹੇ ਹਨ। ਧਰਨੇ ਵਿਚ ਆਕੜ, ਆਕੜੀ, ਸਿਹਰਾ, ਸਿਹਰੀ, ਮੁਹੰਮਦੀਪੁਰ, ਅਮਰਗੜ੍ਹ, ਨਾਨਕਪੁਰਾ, ਹੱਲੋਤਾਲੀ ਤੇ ਜਾਗੋ ਸਮੇਤ 12 ਪਿੰਡਾਂ ਦੇ ਲੋਕ ਸ਼ਾਮਲ ਸਨ। ਇਸ ਦੌਰਾਨ ਫੱਗਣਮਾਜਰਾ ਦੇ ਚੌਕੀ ਇੰਚਾਰਜ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈ ਲਿਆ ਹੈ। ਮੌਕੇ ’ਤੇ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਹਨ ਅਤੇ ਇਨ੍ਹਾਂ ਦਾ ਮਸਲਾ ਜਲਦ ਹੱਲ ਕਰਵਾਇਆ ਜਾਵੇਗਾ ਅਤੇ ਧਰਨਾ ਚੁਕਾਇਆ ਜਾਵੇਗਾ। ਇਸ ਤੋਂ ਬਾਅਦ ਇਥੇ ਪੁੱਜੇ ਅਧਿਕਾਰੀਆਂ ਨੇ ਬੜੀ ਮੁਸ਼ੱਕਤ ਨਾਲ ਲੋਕਾਂ ਦਾ ਧਰਨਾ ਚੁਕਾਇਆ।