ਮੇਨ ਬਾਜ਼ਾਰ ਕਾਦੀਆਂ ਦੇ ਦੁਕਾਨਦਾਰਾਂ ਵੱਲੋਂ ਚੱਕਾ ਜਾਮ
ਮਕਬੂਲ ਅਹਿਮਦ
ਕਾਦੀਆਂ, 24 ਅਕਤੂਬਰ
ਅੱਜ ਦੁਪਹਿਰ ਨੂੰ ਮੇਨ ਬਾਜ਼ਾਰ ਕਾਦੀਆਂ ਵਿੱਚ ਉਦੋਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਮੇਨ ਬਾਜ਼ਾਰ ਕਾਦੀਆਂ ਦੇ ਦੁਕਾਨਦਾਰਾਂ ਨੇ ਪੁਲੀਸ ਮੁਲਾਜ਼ਮ ਦੇ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇੱਕ ਘੰਟੇ ਤੱਕ ਪ੍ਰਭਾਕਰ ਚੌਕ ’ਤੇ ਆਵਾਜਾਈ ਠੱਪ ਰੱਖੀ। ਦੁਕਾਨਦਾਰ ਬਲੂ ਭਾਮੜੀ ਨੇ ਦੱਸਿਆ ਇੱਕ ਪੁਲੀਸ ਮੁਲਾਜ਼ਮ ਦੁਕਾਨਦਾਰਾਂ ਨੂੰ ਦੁਕਾਨਾਂ ਅੱਗੇ ਪਿਆ ਸਾਮਾਨ ਚੁੱਕਣ ਲਈ ਕਹਿ ਰਿਹਾ ਸੀ। ਇਸੇ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਉਹ ਆਪਣਾ ਸਾਮਾਨ ਤਾਂ ਪਿੱਛੇ ਕਰ ਦਿੰਦੇ ਹਨ ਪਰ ਜੇ ਕੋਈ ਮੋਟਰਸਾਈਕਲ ਕਿਸੇ ਗਾਹਕ ਦਾ ਉਨ੍ਹਾਂ ਦੀ ਦੁਕਾਨ ਸਾਹਮਣੇ ਖੜਾ ਹੈ ਤਾਂ ਉਸ ਵਿੱਚ ਦੁਕਾਨਦਾਰ ਕੁਝ ਨਹੀਂ ਕਰ ਸਕਦੇ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਉਕਤ ਪੁਲੀਸ ਮੁਲਾਜ਼ਮ ਨੇ ਉਨ੍ਹਾਂ ਨਾਲ ਮਾੜਾ ਵਿਹਾਰ ਕੀਤਾ ਹੈ। ਲਗਪਗ ਇੱਕ ਘੰਟੇ ਬਾਅਦ ਸਥਾਨਕ ਐੱਸਐੱਚਓ ਪਰਮਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਦੁਕਾਨਦਾਰਾ ਨਾਲ ਇਨਸਾਫ਼ ਕੀਤਾ ਜਾਵੇਗਾ। ਦੁਕਾਨਦਾਰਾਂ ਨੇ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਦੁਬਾਰਾ ਧਰਨੇ ’ਤੇ ਬੈਠ ਜਾਣਗੇ।