ਝੋਨੇ ਦੀ ਖ਼ਰੀਦ ਬੰਦ ਕਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਚੱਕਾ ਜਾਮ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 17 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਕਿਸਾਨਾਂ ਨੇ ਮੰਡੀਆਂ ’ਚ ਝੋਨੇ ਦੀ ਖ਼ਰੀਦ ਬੰਦ ਕਰਨ ਅਤੇ ਪਰਾਲੀ ਦਾ ਠੋਸ ਹੱਲ ਨਾ ਕਰਨ ਦੇ ਰੋਸ ’ਚ ਮਾਲੇਰਕੋਟਲਾ-ਨਾਭਾ ਸੜਕ ਸਥਿਤ ਪਿੰਡ ਮਾਹੋਰਾਣਾ ਟੌਲ ਪਲਾਜ਼ਾ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ, ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ, ਦਰਸ਼ਨ ਸਿੰਘ ਹਥੋਆ, ਚਰਨਜੀਤ ਸਿੰਘ ਹਥਨ ਤੇ ਗੁਰਮੇਲ ਕੌਰ ਦੁਲਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ਬੰਦ ਕਰਨ ਅਤੇ ਪਰਾਲੀ ਦਾ ਠੋਸ ਹੱਲ ਨਾ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਅਪਣਾ ਰਹੀ ਹੈ।
ਆਗੂਆਂ ਕਿਹਾ ਕਿ ਪਿੰਡ ਬਨਭੌਰਾ, ਮਾਣਕ ਮਾਜਰਾ, ਮਿੱਠੇਵਾਲ, ਮਾਣਕਹੇੜੀ, ਝੁਨੇਰ, ਧਲੇਰ ਕਲਾਂ, ਅਬਦੁੱਲਾ ਪੁਰ, ਸਰੌਦ, ਸਰਵਰਪੁਰ, ਰੁੜਕਾ, ਮਤੋਈ, ਕਿਸ਼ਨਗੜ੍ਹ, ਬਜਿੋਕੀ, ਮੋਮਨਾਬਾਦ ਤੇ ਢਢੋਗਲ ਸਮੇਤ 18 ਖ਼ਰੀਦ ਕੇਂਦਰਾਂ ’ਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਹੈ। ਸੈਂਕੜੇ ਮੰਡੀਆਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਫ਼ੈਸਲੇ ਰਾਹੀਂ ਪੰਜਾਬ ਸਰਕਾਰ ਮੰਡੀਆਂ ਨੂੰ ਨਿੱਜੀ ਵਪਾਰੀਆਂ ਅਤੇ ਸਾਮਰਾਜੀ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਮੋਦੀ ਸਰਕਾਰ ਦੀ ਕਾਲੇ ਖੇਤੀ ਕਾਨੂੰਨ ਵਾਲੀ ਨੀਤੀ ਲਾਗੂ ਕਰ ਰਹੀ ਹੈ।
ਆਗੂਆਂ ਕਿਹਾ ਕਿ ਜੇਕਰ ਇਨ੍ਹਾਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਤੁਰੰਤ ਮੁੜ ਚਾਲੂ ਨਾ ਕੀਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਆਗੂਆਂ ਕਿਹਾ ਕਿ ਪਰਾਲੀ ਦਾ ਠੋਸ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਇੰਦਰਾਜ ਅਤੇ ਪਰਚੇ ਦਰਜ ਕਰਕੇ ਜਬਰ ਦਾ ਰਸਤਾ ਅਪਣਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਰਵਿੰਦਰ ਸਿੰਘ ਕਾਸਮਪੁਰ, ਰਜਿੰਦਰ ਸਿੰਘ ਭੋਗੀਵਾਲ, ਗੁਰਪ੍ਰੀਤ ਸਿੰਘ ਅਮਰਗੜ੍ਹ, ਅਮਰਜੀਤ ਸਿੰਘ ਧਲੇਰ ਤੇ ਗਰਮੀਤ ਕੌਰ ਕੁਠਾਲਾ ਆਦਿ ਨੇ ਵੀ ਸੰਬਧਨ ਕੀਤਾ।