ਸੰਗਰੂਰ ਵਿੱਚ ‘ਪੀਆਰਟੀਸੀ’ ਕਾਮਿਆਂ ਵੱਲੋਂ ਚੱਕਾ ਜਾਮ
ਪੱ਼ਤਰ ਪ੍ਰੇਰਕ
ਸੰਗਰੂਰ, 16 ਅਕਤੂਬਰ
ਧੂਰੀ ਵਿੱਚ ਇੱਕ ਬੱਸ ਕੰਡਕਟਰ ਦੀ ਕੁੱਟਮਾਰ ਹੋਣ ਦੇ ਵਿਰੋਧ ਵਿੱਚ ਅੱਜ ਪੀਆਰਟੀਸੀ ਡਰਾਈਵਰਾਂ ਤੇ ਕੰਡਕਟਰਾਂ ਨੇ ਸਥਾਨਕ ਸ਼ਹਿਰ ਦੇ ਵੱਖ-ਵੱਖ ਚੌਕਾਂ ਨੂੰ ਘੇਰਦਿਆਂ ਸ਼ਹਿਰ ਵਿੱਚ ਚੱਕਾ ਜਾਮ ਕਰ ਦਿੱਤਾ, ਜਿਸ ਕਾਰਨ ਸ਼ਹਿਰ ਦੇ ਅੰਦਰ ਆਉਣ ਜਾਣ ਵਾਲੇ ਸਾਰੇ ਰਸਤੇ ਬੰਦ ਹੋ ਗਏ। ਪ੍ਰਦਰਸ਼ਨ ਕਰਦਿਆਂ ਪੀਆਰਟੀਸੀ ਕਾਮਿਆਂ ਨੇ ਚੌਕਾਂ ਦੁਆਲੇ ਬੱਸਾਂ ਲਾ ਕੇ ਆਵਾਜਾਈ ਪੂਰੀ ਤਰ੍ਹਾਂ ਜਾਮ ਕਰ ਦਿੱਤੀ ਅਤੇ ਇਨਸਾਫ਼ ਦੀ ਮੰਗ ਕਰਦਿਆਂ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਇਸ ਧਰਨੇ ਕਾਰਨ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਬੱਸਾਂ ’ਚ ਸਵਾਰੀਆਂ ਵੀ ਖੁਆਰ ਹੋਈਆਂ। ਮੀਡੀਆ ਨਾਲ ਗੱਲ ਕਰਦਿਆਂ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਧੂਰੀ ਵਿੱਚ ਸਾਥੀ ਮੁਲਾਜ਼ਮਾਂ ਨਾਲ ਜੋ ਕੁੱਟਮਾਰ ਹੋਈ ਹੈ ਉਸ ਦੇ ਰੋਸ ਵਜੋਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਥੀ ਮੁਲਾਜ਼ਮ ਨੂੰ ਇਨਸਾਫ਼ ਨਹੀਂ ਮਿਲਦਾ ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੰਗਰੂਰ ਪ੍ਰਸ਼ਾਸਨ ਵੱਲੋਂ ਇਸ ਮਸਲੇ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਸਾਰੇ ਡਿਪੂ ਬੰਦ ਕਰ ਦਿੱਤੇ ਜਾਣਗੇ।