ਮੰਡੀਆਂ ਵਿੱਚ ਝੋਨੇਾ ਰੁਲਣ ਖ਼ਿਲਾਫ਼ ਚੱਕਾ ਜਾਮ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 13 ਅਕਤੂਬਰ
ਮੰਡੀਆਂ ਵਿੱਚ ਝੋਨੇ ਦੀ ਬੇਕਦਰੀ ਅਤੇ ਸ਼ੈਲਰਾਂ ’ਚ ਝੋਨਾ ਲਾਉਣ ਲਈ ਲੋੜੀਂਦੀ ਥਾਂ ਨਾ ਹੋਣ ਖ਼ਿਲਾਫ਼ ਅੱਜ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਤੇ ਗੱਲਾ ਮਜ਼ਦੂਰਾਂ ਨੇ ਇਥੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਸੇ ਤਰ੍ਹਾਂ ਰਾਏਕੋਟ, ਮੁੱਲਾਂਪੁਰ ਤੇ ਗੁਰੂਸਰ ਸੁਧਾਰ ’ਚ ਵੀ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਾਰਾਂ ਤੋਂ ਤਿੰਨ ਵਜੇ ਤਕ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਰਹੀ। ਧਰਨੇ ’ਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਬੀਕੇਯੂ (ਲੱਖੋਵਾਲ), ਕਿਰਤੀ ਕਿਸਾਨ ਯੂਨੀਅਨ ਤੋਂ ਬਿਨਾਂ ਆੜ੍ਹਤੀ ਐਸੋਸੀਏਸ਼ਨ ਤੇ ਗੱਲਾ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਭਾਗ ਲਿਆ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਜਗਜੀਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਦੇ ਬਾਵਜੂਦ ਝੋਨੇ ਦਾ ਭਾਅ ਨਹੀਂ ਲੱਗ ਰਿਹਾ। ਖਰੀਦ ਏਜੰਸੀਆਂ ਵਲੋਂ ਲਿਫਟਿੰਗ ਨਹੀਂ ਹੋ ਰਹੀ। ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਕਾਰਨ ਪੰਜਾਬ ’ਚੋਂ ਅਸਲ ’ਚ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨ ਲਈ ਬੇਈਮਾਨੀ ਕੀਤੀ ਜਾ ਰਹੀ ਹੈ। ਕਿਸਾਨ ਆਗੂ ਅਮਨਦੀਪ ਸਿੰਘ ਲਲਤੋਂ, ਜਗਤਾਰ ਸਿੰਘ ਦੇਹੜਕਾ, ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਸਿੰਘ ਧਾਲੀਵਾਲ, ਰਛਪਾਲ ਸਿੰਘ ਡੱਲਾ, ਜੋਗਿੰਦਰ ਸਿੰਘ ਮਲਸੀਹਾਂ, ਬਲਵਿੰਦਰ ਸਿੰਘ ਕੋਠੇ ਪੋਨਾ, ਸੁਖਵੰਤ ਕੌਰ ਗਾਲਿਬ, ਕੁਲਵਿੰਦਰ ਸਿੰਘ ਮੋਹੀ, ਗੁਰਚਰਨ ਸਿੰਘ ਗੁਰੂਸਰ, ਕੁਲਵੰਤ ਸਿੰਘ ਕਾਂਤਾ, ਮਜ਼ਦੂਰ ਆਗੂ ਹੁਕਮਰਾਜ ਦੇਹੜਕਾ, ਸੁਖਦੇਵ ਸਿੰਘ ਮਾਣੂੰਕੇ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਆਲੂ ਅਤੇ ਹਾੜ੍ਹੀ ਦੀ ਬੀਜਾਈ ਲਈ ਅਜੇ ਤੱਕ ਡੀਏਪੀ ਦਾ ਪੂਰਾ ਪ੍ਰਬੰਧ ਨਹੀਂ ਕਰ ਸਕੀ। ਸਿੱਟੇ ਵਜੋਂ ਕਿਸਾਨ ਦਰਬਦਰ ਰੁਲ ਰਹੇ ਹਨ। ਪਰਾਲੀ ਦੇ ਮਸਲੇ ਦੇ ਹੱਲ ਲਈ ਝੋਨੇ ਦੀ ਲਿੱਦ ਨੂੰ ਅੱਗ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਪੁਲੀਸ ਟੀਮਾਂ ਦੀ ਦਹਿਸ਼ਤ ਪਾਉਣੀ ਬੰਦ ਕੀਤੀ ਜਾਵੇ। ਬੁਲਾਰਿਆਂ ਨੇ ਕਿਹਾ ਕਿ ਭਲਕੇ ਸਾਰੀਆਂ ਧਿਰਾਂ ਦੀ ਚੰਡੀਗੜ੍ਹ ਮੀਟਿੰਗ ’ਚ ਅਗਲਾ ਸਖ਼ਤ ਐਕਸ਼ਨ ਉਲੀਕਿਆ ਜਾਵੇਗਾ।