ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਵਾਉਣਗੇ ਚੱਕ ਫਤਿਹ ਸਿੰਘ ਵਾਲਾ ਵਾਸੀ
ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਦਸੰਬਰ
ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਪੰਚਾਇਤ ਨੇ ਸਰਪੰਚ ਸੁਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਧਰਮਸ਼ਾਲਾ ਵਿੱਚ ਮੀਟਿੰਗ ਕਰਕੇ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢਣ ਸਮੇਤ ਪਿੰਡ ਦੀ ਭਲਾਈ ਹਿੱਤ ਕੁੱਝ ਠੋਸ ਮਤੇ ਪਾਸ ਕੀਤੇ ਗਏ। ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਕਾਫੀ ਸਖ਼ਤ ਕਦਮ ਚੁੱਕਿਆ ਹੈ। ਇਸ ਇਤਿਹਾਸਕ ਪਿੰਡ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਇੱਕ ਹਫਤਾ ਰਹੇ ਸਨ। ਇਹ ਪਿੰਡ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਜੱਦੀ ਪਿੰਡ ਅਤੇ ਸੁਖਬੀਰ ਬਾਦਲ ਦਾ ਨਾਨਕਾ ਪਿੰਡ ਹੈ। ਸਰਪੰਚ ਸੁਖਬੀਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਚਿੱਟਾ, ਸਿਗਨੇਚਰ ਅਤੇ ਨਸ਼ੇ ਦੀਆਂ ਗੋਲੀਆਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਈ ਵੀ ਵਿਅਕਤੀ ਉਸ ਦੀ ਜ਼ਮਾਨਤ ਨਹੀਂ ਕਰਵਾਏਗਾ। ਜ਼ਮਾਨਤ ਕਰਵਾਉਣ ਵਾਲੇ ਵਿਅਕਤੀ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚੋਂ ਲੰਘ ਰਹੇ ਟਰੈਕਟਰਾਂ ’ਤੇ ਡੈੱਕ ਚਲਾਉਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ, ਪਿੰਡ ਦੇ ਨਿਕਾਸੀ ਨਾਲੀਆਂ ਵਿੱਚ ਕੂੜਾ ਕਰਕਟ ਸੁੱਟਣ ਵਾਲੇ ਪਰਿਵਾਰਾਂ ਅਤੇ ਦੁਕਾਨਾਂ ’ਤੇ ਸਟਿੰਗ ਕੋਲਡ ਡਰਿੰਕਸ ਅਤੇ ਪਤੰਗ ਵਾਲੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ 2000 ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸੇ ਵੀ ਪਰਵਾਸੀ ਦੀ ਪਿੰਡ ਵਿੱਚ ਵੋਟ ਨਹੀਂ ਬਣਾਈ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਮਤਿਆਂ ਵਿੱਚ ਲਏ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਭਰਵਾਂ ਸਇਸੋਗ ਦੇਣ। ਇਸ ਮੌਕੇ ਪੰਚਾਇਤ ਮੈਂਬਰ ਸੀਮਾ ਰਾਣੀ, ਗੁਰਪ੍ਰੀਤ ਕੌਰ, ਨਿਰਮਲ ਕੌਰ, ਬਲਤੇਜ ਸਿੰਘ, ਰਿੰਕੂ ਸਿੰਘ, ਗੁਰਜੀਤ ਸਿੰਘ ਅਤੇ ਮੋਹਤਬਰ ਵਿਅਕਤੀ ਹਾਜ਼ਰ ਸਨ। ਉਨ੍ਹਾਂ ਪਿੰਡ ਵਾਸੀਆਂ ਨੂੰ ਇਨ੍ਹਾਂ ਮਤਿਆਂ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।