ਚੱਕ ਬਾਹਮਣੀਆਂ ਦਾ ਟੌਲ ਪਲਾਜ਼ਾ ਤੀਜੇ ਦਿਨ ਵੀ ਪਰਚੀ ਮੁਕਤ ਰਿਹਾ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 19 ਅਕਤੂਬਰ
ਝੋਨੇ ਦੀ ਖਰੀਦ ਅਤੇ ਚੁਕਾਈ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਦੀ ਅਗਵਾਈ ਵਿਚ ਅੱਜ ਤੀਜੇ ਦਿਨ ਵੀ ਕਿਸਾਨਾਂ ਨੇ ਚੱਕ ਬਾਹਮਣੀਆਂ ਦੇ ਟੌਲ ਨੂੰ ਪਰਚੀ ਮੁਕਤ ਕੀਤਾ। ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਬਲਕਾਰ ਸਿੰਘ ਫਾਜਿਲਵਾਲ, ਜਸਪਾਲ ਸਿੰਘ ਸੰਢਾਂਵਾਲ, ਗੁਰਮੁੱਖ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਸਾਬੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਦੇ ਝੋਨੇ ਦੀ ਖਰੀਦ ਤੇ ਚੁਕਾਈ ਦੇ ਢੁਕਵੇ ਪ੍ਰਬੰਧ ਨਹੀਂ ਹੋ ਜਾਂਦੇ ਉਨਾ ਚਿਰ ਉਹ ਸੰਘਰਸ਼ ਜਾਰੀ ਰੱਖਣਗੇ। ਅੱਜ ਦੇ ਧਰਨੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਨੇ ਭਰਵੀਂ ਸਮੂਲੀਅਤ ਕਰਕੇ ਭਰਾਤਰੀ ਸਾਂਝ ਪੈਦਾ ਕੀਤੀ। ਮਾਲੜੀ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਆਪਸੀ ਸਾਂਝ ਨਾਲ ਹੀ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕਦਾ ਹੈ। ਕਿਸਾਨ ਆਗੂ ਪ੍ਰੀਤਮ ਸਿੰਘ, ਅਮਰੀਕ ਸਿੰਘ ਤੇ ਰਣਜੀਤ ਸਿੰਘ ਅਤੇ ਖੇਤ ਮਜ਼ਦੂਰ ਆਗੂ ਹਰਪਾਲ ਬਿੱਟਾ, ਸੁਖਜਿੰਦਰ ਲਾਲੀ ਅਤੇ ਬਲਦੇਵ ਮਾਲੜੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਮਾਨ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਪੀਆਰ 126 ਝੋਨੇ ਸਣੇ ਹਰ ਕਿਸਮ ਦੇ ਝੋਨੇ ਨੂੰ ਐੱਮਐੱਸਪੀ ’ਤੇ ਨਿਰਵਿਘਨ ਖਰੀਦਣ, ਖਰੀਦੇ ਝੋਨੇ ਦੀ ਚੁਕਾਈ ਕਰਵਾਉਣ, 22 ਫ਼ੀਸਦੀ ਨਮੀ ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨਰਮ ਕਰਨ ਦੀ ਮੰਗ ਕੀਤੀ। ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਅਤੇ ਹੋਰ ਹੱਕੀ ਮੰਗਾਂ ਮੰਨਣ ਦੀ ਅਪੀਲ ਵੀ ਕੀਤੀ।
ਚੰਡੀਗੜ੍ਹ ਜਾ ਰਹੇ ਕਿਸਾਨਾਂ ’ਤੇ ਪੁਲੀਸ ਕਾਰਵਾਈ ਦੀ ਨਿਖੇਧੀ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਨ ਚੰਡੀਗੜ੍ਹ ਜਾ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੁਲੀਸ ਬਲ ਨਾਲ ਰੋਕਾਂ ਲਾ ਕੇ ਜਬਰੀ ਰੋਕਣ ਅਤੇ ਕਿਸਾਨ ਆਗੂ ਮਨਜੀਤ ਧਨੇਰ ਨਾਲ ਬਦਸਲੂਕੀ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਕੇਂਦਰ ਸਰਕਾਰ ਨਾਲ ਮਿਲ ਕੇ ਖੇਤੀ ਸੈਕਟਰ ਨੂੰ ਆਮ ਲੋਕਾਂ ਦੇ ਹੱਥੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣ ਦੇ ਮਨਸੂਬਿਆਂ ’ਤੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਵਲੋਂ ਖੁਦ ਸਿਫਾਰਿਸ਼ ਕਰਕੇ ਝੋਨੇ ਦੀਆਂ ਕੁੱਝ ਕਿਸਮਾਂ ਬੀਜਣ ਲਈ ਕਿਹਾ ਗਿਆ, ਪਰ ਹੁਣ ਉਨ੍ਹਾਂ ਕਿਸਮਾਂ ਦੀ ਖਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਸ ਮਸਲੇ ਨੂੰ ਲੈ ਕੇ ਟੋਲ ਪਲਾਜ਼ਿਆਂ ’ਤੇ ਧਰਨੇ ਪ੍ਰਦਰਸ਼ਨ ਕਰ ਰਹੀ ਬੀਕੇਯੂ ਏਕਤਾ ਉਗਰਾਹਾਂ ਦੇ ਧਰਨੇ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਜੇ ਪ੍ਰਦਰਸ਼ਨਕਾਰੀ ਕਿਸਾਨਾਂ ’ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਮਾਇਤ ਵਿੱਚ ਉਤਰੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਜਥੇਬੰਦੀ ਲਗਾਤਾਰ ਵੱਖ-ਵੱਖ ਮੰਡੀਆਂ ਵਿੱਚ ਲੋਕਲ ਪੱਧਰ ’ਤੇ ਜ਼ਬਰਦਸਤ ਪ੍ਰਦਰਸ਼ਨ ਕਰਕੇ ਆਪਣੇ ਬਲ ’ਤੇ ਝੋਨੇ ਦੀ ਖਰੀਦ ਕਰਵਾਉਣ ਵਿੱਚ ਕਾਮਯਾਬ ਹੋ ਰਹੀ ਹੈ। ਜੇ ਅੱਜ-ਭਲਕ ਹਾਲਤ ਨਹੀਂ ਸੁਧਰਦੀ ਤਾਂ ਪੰਜਾਬ ਪੱਧਰ ’ਤੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ।