ਚੱਕ ਬਾਹਮਣੀਆਂ ਟੌਲ ਪੰਦਰਵੇਂ ਦਿਨ ਵੀ ਪਰਚੀ ਮੁਕਤ
ਪੱਤਰ ਪ੍ਰੇਰਕ
ਸ਼ਾਹਕੋਟ, 1 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਵੱਲੋਂ ਝੋਨੇ ਦੀ ਖਰੀਦ ਤੇ ਚੁਕਾਈ ਦੀ ਮੰਗ ਸਮੇਤ ਅੱਠ ਨੁਕਾਤੀ ਮੰਗਾਂ ਨੂੰ ਲੈ ਕੇ ਚੱਕ ਬਾਹਮਣੀਆਂ ਦੇ ਟੌਲ ਉੱਪਰ ਲਗਾਇਆ ਧਰਨਾ ਅੱਜ 15 ਵੇਂ ਦਿਨ ਵੀ ਨਿਰੰਤਰ ਜਾਰੀ ਰਿਹਾ। ਕਿਸਾਨਾਂ ਵੱਲੋਂ ਲਗਾਏ ਧਰਨੇ ਦੌਰਾਨ ਉਹ ਟੌਲ ਨੂੰ ਵੀ ਨਿਰੰਤਰ ਪਰਚੀ ਮੁਕਤ ਰੱਖਦੇ ਆ ਰਹੇ ਹਨ। ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਨੂੰ ਅਨਾਜ ਲਈ ਆਤਮ ਨਿਰਭਰ ਬਣਾਉਣ ਵਾਲੇ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਮਾਨ ਸਰਕਾਰ ਨੇ ਮੰਡੀਆਂ ਵਿਚ ਰੋਲ ਕੇ ਰੱਖ ਦਿਤਾ ਹੈ। ਕਸਰਕਾਰਾਂ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਨੇ ਦਸਹਿਰਾ, ਦੀਵਾਲੀ, ਬੰਦੀਛੋੜ ਅਤੇ ਹੋਰ ਅਨੇਕਾਂ ਤਿਉਹਾਰ ਮੰਡੀਆਂ, ਟੌਲ ਪਲਾਜ਼ਿਆਂ ਅਤੇ ਸੜਕਾਂ ਉੱਪਰ ਹੀ ਮਨਾਏ ਹਨ।
ਕਿਸਾਨਾਂ ਦਾ ਧਰਨਾ ਜਾਰੀ
ਫਗਵਾੜਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ 12ਵੇਂ ਦਿਨ ਵੀ ਸ਼ੂਗਰ ਮਿੱਲ ਚੌਕ ਵਿੱਚ ਜਾਰੀ ਰਿਹਾ। ਅੱਜ ਦੇ ਧਰਨੇ ਮੌਕੇ ਦਵਿੰਦਰ ਸਿੰਘ ਸੰਧਵਾਂ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ (ਭਾਰਤੀ ਕਿਸਾਨ ਯੂਨੀਅਨ ਦੋਆਬਾ) ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ’ਚ ਲਿਫ਼ਟਿੰਗ ਨਾ ਹੋਣ ਦੇ ਰੋਸ ਵਜੋਂ ਇਹ ਧਰਨਾ ਜਾਰੀ ਹੈ ਉਨ੍ਹਾਂ ਕਿਹਾ ਕਿ ਜਲਦ ਹੀ ਸਰਕਾਰ ਝੋਨੇ ਦੀ ਖ਼ਰੀਦ ਤੇ ਲਿਫ਼ਟਿੰਗ ਦਾ ਕੰਮ ਸਹੀ ਢੰਗ ਨਾਲ ਚਲਾਵੇ।